ਨੇਵਾਡਾ ਵਿਚ ਲੱਗੀ ਭਿਆਨਕ ਅੱਗ ਕਾਰਨ ਹਜਾਰਾਂ ਏਕੜ ਜੰਗਲ ਸੜਿਆ -90 ਹਜ਼ਾਰ ਲੋਕ ਹੋਏ ਬੇਘਰ
ਸੈਕਰਾਮੈਂਟੋ, 27 ਅਗਸਤ (ਹੁਸਨ ਲੜੋਆ ਬੰਗਾ)-ਸ਼ਨੀਵਰ ਦੇਰ ਰਾਤ ਨੇਵਾਡਾ ਦੀ ਪਹਾੜੀ ਤੋਂ ਅੱਗ ਦੀਆਂ ਲਪਟਾਂ ਤੇਜ਼ੀ ਨਾਲ ਵਧਦੀਆਂ ਦੇਖੀਆਂ ਗਈਆਂ ਜੋ ਛੇਤੀ ਹੀ ਇੱਕ ਵਿਨਾਸ਼ਕਾਰੀ ਅੱਗ ਵਿਚ ਬਦਲ ਗਈਆਂ ਜਿਸ ਨੇ ਹਜ਼ਾਰਾਂ ਏਕੜ ਜੰਗਲ ਨੂੰ ਸਾੜ ਦਿੱਤਾ ਹੈ ਅਤੇ ਦੱਖਣ-ਪੱਛਮ ਦੇ ਸਾਰੇ ਕਸਬਿਆਂ ਨੂੰ ਖਾਲੀ ਕਰਨ ਲਈ ਮਜਬੂਰ ਕੀਤਾ ਹੈ| ਅਧਿਕਾਰੀਆਂ ਦਾ ਕਹਿਣਾ ਹੈ ਕਿ ਉੱਤਰੀ-ਪੱਛਮੀ ਰੇਨੋ ਵਿੱਚ ਬੇਕਾਬੂ ਅੱਗ ਮਨੁੱਖੀ ਗਲਤੀ ਦਾ ਸਿੱਟਾ ਹੈ ਤੇ 90,000 ਨਿਵਾਸੀਆਂ ਨੂੰ ਇਲਾਕਾ ਖਾਲੀ ਕਰਨ ਲਈ ਕਿਹਾ ਗਿਆ ਹੈ| ਹਜਾਰਾਂ ਨਿਵਾਸੀ ਪਹਿਲਾਂ ਹੀ ਆਪਣੇ ਘਰ ਬਾਹਰ ਛੱਡਣ ਲਈ ਮਜਬੂਰ ਹੋ ਗਏ ਹਨ| ਅੱਗ ਬੁਝਾਊ ਅਧਿਕਾਰੀਆਂ ਅਨੁਸਾਰ, ਐਤਵਾਰ ਤੱਕ ਅੱਗ ਲਗਭਗ 13,000 ਏਕੜ ਤੱਕ ਫੈਲ ਗਈ| ਟਰੱਕੀ ਮੀਡੋਜ ਫਾਇਰ ਪ੍ਰੋਟੈਕਸ਼ਨ ਡਿਸਟ੍ਰਿਕਟ ਦੇ 3 ਯੂਨੀਫਾਈਡ ਘਟਨਾ ਕਮਾਂਡਰਾਂ ਵਿਚੋਂ ਇਕ ਸ਼ੇਨ ਐਕਰਸਨ ਨੇ ਕਿਹਾ ਕਿ ਅੱਗ ਲੱਗਣ ਨਾਲ ਕਿੰਨੀਆਂ ਇਮਾਰਤਾਂ ਨੁਕਸਾਨੀਆਂ ਗਈਆਂ ਹਨ, ਇਹ ਨਿਰਧਾਰਤ ਕਰਨ ਲਈ ਮੁਲਾਂਕਣ ਚੱਲ ਰਿਹਾ ਹੈ| ਉਨਾਂ ਕਿਹਾ ਕਿ ਇਲਾਕੇ ਵਿਚ ਬਿਜਲੀ ਦੀ ਸਪਲਾਈ ਠੱਪ ਹੈ| ਅਜੇ ਤੱਕ ਅੱਗ ’ਤੇ ਮੁਕੰਮਲ ਕਾਬੂ ਨਹੀਂ ਪਾਇਆ ਜਾ ਸਕਿਆ ਤੇ ਅੱਗ ਨਵੇਂ ਇਲਾਕਿਆਂ ਵਿਚ ਫੈਲਦੀ ਹੋਈ ਨਜਰ ਆ ਰਹੀ ਹੈ| ਉੱਤਰ-ਪੱਛਮੀ ਰੇਨੋ ਵਿੱਚ ਇੱਕ ਪਹਾੜੀ ਦੇ ਹੇਠਾਂ ਅੱਗ ਫੈਲ ਰਹੀ ਹੈ| ਰੇਨੋ ਦੀ ਮੇਅਰ ਹਿਲੇਰੀ ਸ਼ੀਵ ਨੇ ਐਕਸ ’ਤੇ ਪੋਸਟ ਕੀਤੇ ਗਏ ਇੱਕ ਸੰਦੇਸ਼ ਵਿੱਚ ਕਿਹਾ ਕਿ ਇਸ ਅੱਗ ਵਿੱਚ ਇਮਾਰਤਾਂ ਪਹਿਲਾਂ ਹੀ ਸੜ ਚੁੱਕੀਆਂ ਹਨ ਪਰੰਤੂ ਤੁਹਾਡੀ ਜ਼ਿੰਦਗੀ ਇੱਕ ਇਮਾਰਤ ਨਾਲੋਂ ਵੱਧ ਮਹੱਤਵਪੂਰਨ ਹੈ| ਨੇਵਾਡਾ ਦੇ ਗਵਰਨਰ ਜੋਅ ਲੋਂਬਾਰਡੋ ਨੇ ਵਾਸ਼ੋ ਕਾਉਂਟੀ ਵਿੱਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ| ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਜ਼ਮ ਨੇ ਕਿਹਾ ਕਿ ਉਨਾਂ ਦੀ ਟੀਮ ਸਥਿਤੀ ’ ਤੇ ਨਜ਼ਰ ਰੱਖ ਰਹੀ ਹੈ| ਉਨਾਂ ਕਿਹਾ ਕਿ ਅਸੀਂ ਤਾਹੋ ਖੇਤਰ ਅਤੇ ਨੇਵਾਡਾ ਵਿੱਚ ਸਥਿੱਤੀ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ, ਰਾਜ ਅਤੇ ਸਥਾਨਕ ਭਾਈਵਾਲਾਂ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਜ਼ਮੀਨ ਅਤੇ ਹਵਾ ਵਿੱਚ ਤਾਲਮੇਲ ਕੀਤਾ ਜਾ ਰਿਹਾ ਹੈ| ਅਧਿਕਾਰੀਆਂ ਅਨੁਸਾਰ ਲਗਭਗ 800 ਫਾਇਰਫਾਈਟਰ ਅੱਗ ’ਤੇ ਕਾਬੂ ਪਾਉਣ ਵਿੱਚ ਲੱਗੇ ਹੋਏ ਹਨ, ਪਰ ਤੇਜ਼ ਹਵਾਵਾਂ ਕਾਰਨ ਅੱਗ ਉਪਰ ਕਾਬੂ ਪਾਉਣ ’ਚ ਮੁਸ਼ਕਿਲਾਂ ਆ ਰਹੀਆਂ ਹਨ|