11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਐਂਡੀ ਬਰਨਹਮ ਦੀ ਕੈਬਨਿਟ ’ਚ ਔਰਤਾਂ ਦੀ ਗਿਣਤੀ ਵੱਧ

ਅਜੀਤ ਡੈਸਕ 23-07-2026
ਲੰਡਨ, 22 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਐਂਡੀ ਬਰਨਹਮ ਦੀ ਕੈਬਨਿਟ ’ਚ ਔਰਤਾਂ ਨੂੰ ਵਧੇਰੇ ਪ੍ਰਤੀਨਿੱਧਤਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਰ ਕੀਰ ਸਟਾਰਮਰ ਦੀ ਸਰਕਾਰ ਦੇ ਮੁਕਾਬਲੇ ਬਰਨਹਮ ਦੀ ਮੁੱਖ ਟੀਮ ਵਿੱਚ ਨਿੱਜੀ (ਪ੍ਰਾਈਵੇਟ) ਸਕੂਲਾਂ ਵਿੱਚ ਪੜ੍ਹੇ ਮੰਤਰੀਆਂ ਦੀ ਗਿਣਤੀ ਤਿੰਨ ਗੁਣਾ ਅਤੇ ਆਕਸਫੋਰਡ-ਕੈਂਬਰਿਜ ਦੇ ਗ੍ਰੈਜੂਏਟਾਂ ਦੀ ਗਿਣਤੀ ਲਗਭਗ ਦੁੱਗਣੀ ਹੈ। ਹਾਲਾਂਕਿ, ਉਨ੍ਹਾਂ ਦੀਆਂ ਕੁਝ ਨਿਯੁਕਤੀਆਂ ‘ਤੇ ਸਵਾਲ ਖੜ੍ਹੇ ਹੋ ਰਹੇ ਹਨ।
‘ਕਿੰਗ ਆਫ਼ ਦ ਨੌਰਥ’ ਵਜੋਂ ਜਾਣੇ ਜਾਂਦੇ ਬਰਨਹਮ ਦੀ ਕੈਬਨਿਟ ਵਿਚ 14 ਮੈਂਬਰ ਉੱਤਰੀ ਚੋਣ ਹਲਕਿਆਂ ਤੋਂ ਹਨ, ਜਿਨ੍ਹਾਂ ਵਿਚ ‘ਮਜ਼ਬੂਤ ਉੱਤਰੀ ਮਹਿਲਾਵਾਂ ਦਾ ਸਮੂਹ’ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਮਿਡਲੈਂਡਜ਼ ’ਚੋਂ 4, ਲੰਡਨ ’ਚੋਂ 4, ਦੱਖਣੀ ਖੇਤਰ ’ਚੋਂ 2, ਵੇਲਜ਼ ’ਚੋਂ 3 ਅਤੇ ਸਕਾਟਲੈਂਡ ’ਚੋਂ 1 ਹੈ। ‘ਆਮ ਜਨਤਾ ਦੇ ਨੇਤਾ’ ਵਜੋਂ ਆਪਣੇ ਆਪ ਨੂੰ ਪੇਸ਼ ਕਰਨ ਦੇ ਬਾਵਜੂਦ ਬਰਨਹਮ ਦੀ ਕੈਬਨਿਟ ਦੇ ਅੰਕੜੇ ਕੁਝ ਹੋਰ ਹੀ ਕਹਾਣੀ ਦੱਸਦੇ ਹਨ। ਕੈਬਨਿਟ ਦੇ ਲਗਭਗ ਇਕ ਚੌਥਾਈ ਮੈਂਬਰਾਂ ਨੇ ਨਿੱਜੀ ਸਕੂਲਾਂ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ, ਜੋ ਕਿ ਪਿਛਲੀ ਸਰਕਾਰ ਦੇ 8 ਫ਼ੀਸਦੀ ਨਾਲੋਂ ਕਾਫ਼ੀ ਜ਼ਿਆਦਾ ਹੈ। ਏ ਆਈ ਮੰਤਰੀ ਕਨਿਸ਼ਕ ਨਾਰਾਇਣ ਈਟਨ ਕਾਲਜ ਤੋਂ ਪੜ੍ਹੇ, ਜਿੱਥੇ ਫ਼ੀਸ 65,000 ਪੌਂਡ ਤੱਕ ਹੈ। ਹੈਮਿਸ਼ ਫਾਲਕਨਰ (ਅੰਤਰ-ਸਰਕਾਰੀ ਅਤੇ ਯੂਰਪੀਅਨ ਸਬੰਧ ਮੰਤਰੀ) ਵੈਸਟਮਿੰਸਟਰ ਸਕੂਲ ਤੋਂ ਪੜ੍ਹੇ, ਜਿੱਥੇ ਫ਼ੀਸ 63,000 ਪੌਂਡ ਤੱਕ ਹੈ। ਇਸੇ ਤਰ੍ਹਾਂ ਸਰ ਕ੍ਰਿਸ ਬ੍ਰਾਇੰਟ (ਉੱਤਰੀ ਆਇਰਲੈਂਡ ਮੰਤਰੀ) ਚੇਲਟਨਹੈਮ ਕਾਲਜ ਤੋਂ ਪੜ੍ਹੇ, ਜਿੱਥੇ ਫ਼ੀਸ 60,000 ਪੌਂਡ ਤੱਕ ਹੈ। ਡਗਲਸ ਅਲੈਗਜ਼ੈਂਡਰ (ਸਕਾਟਿਸ਼ ਮੰਤਰੀ) ਕੈਨੇਡਾ ਦੇ ਪੀਅਰਸਨ ਕਾਲਜ ਤੋਂ ਪੜ੍ਹੇ, ਜਿਸ ਦੀ ਫ਼ੀਸ 39,000 ਪੌਂਡ ਹੈ। ਹਾਲਾਂਕਿ, ਕੈਬਨਿਟ ਦੇ 41 ਫ਼ੀਸਦੀ ਮੈਂਬਰਾਂ ਨੇ ਉੱਤਰੀ ਖੇਤਰ ਵਿੱਚ ਸਿੱਖਿਆ ਪ੍ਰਾਪਤ ਕੀਤੀ ਹੈ। ਹਾਇਰ ਐਜੂਕੇਸ਼ਨ ਪਾਲਿਸੀ ਇੰਸਟੀਚਿਊਟ ਅਨੁਸਾਰ, 54 ਫ਼ੀਸਦੀ ਤੋਂ ਵੱਧ ਮੰਤਰੀ ਆਕਸਫੋਰਡ ਜਾਂ ਕੈਂਬਰਿਜ ਤੋਂ ਪੜ੍ਹੇ ਹਨ, ਜਦਕਿ ਸਰ ਕੀਰ ਦੀ ਕੈਬਨਿਟ ਵਿੱਚ ਇਹ ਅੰਕੜਾ 29 ਫ਼ੀਸਦੀ ਸੀ। ਪ੍ਰਧਾਨ ਮੰਤਰੀ ਬਰਨਹਮ ਦੀ ਕੈਬਨਿਟ ਵਿਚ ਔਰਤਾਂ ਦੀ ਗਿਣਤੀ ਵਧੇਰੇ ਹੈ, ਪਰ ਵੱਡੇ ਅਹੁਦਿਆਂ ’ਤੇ ਘੱਟ ਹਨ। ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਹੁਣ ਮੁੱਖ ਚਾਰ ਅਹੁਦਿਆਂ ‘ਤੇ ਕਾਬਜ਼ ਇਕਲੌਤੀ ਮਹਿਲਾ ਹੈ। ਇਸ ਤੋਂ ਇਲਾਵਾ ਬਰਨਹਮ ਨੂੰ ਕੁਝ ਵਿਵਾਦਪੂਰਨ ਨਿਯੁਕਤੀਆਂ ਕਾਰਨ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਵਿਚ ‘ਫ਼ਸਟ ਸੈਕਟਰੀ ਆਫ਼ ਸਟੇਟ’ ਬਣਾਈ ਗਈ ਲੁਈਸ ਹੈਗ ਧੋਖਾਧੜੀ ਦੇ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਦੇ ਬਾਵਜੂਦ ਮੰਤਰੀ ਮੰਡਲ ਵਿਚ ਸ਼ਾਮਿਲ ਹੈ। ਘਰਾਂ ਬਾਰੇ ਮੰਤਰੀ ਐਂਜਲਾ ਰੇਨਰ ਨੂੰ 800,000 ਪੌਂਡ ਦੇ ਫਲੈਟ ‘ਤੇ 40,000 ਪੌਂਡ ਦੀ ਸਟੈਂਪ ਡਿਊਟੀ ਨਾ ਭਰਨ ਦੇ ਵਿਵਾਦ ਤੋਂ ਬਾਅਦ ਅਸਤੀਫ਼ਾ ਦੇਣਾ ਪਿਆ ਸੀ, ਪਰ ਹੁਣ ਮੁੜ ਹਾਊਸਿੰਗ ਮੰਤਰੀ ਬਣਾਇਆ ਗਿਆ। ਕਾਰੋਬਾਰੀ ਮੰਤਰੀ ਜੋਨਾਥਨ ਰੇਨੋਲਡਜ਼ ਨੂੰ ਐਮ.ਪੀ. ਬਣਨ ਤੋਂ ਪਹਿਲਾਂ ਵਕੀਲ ਵਜੋਂ ਕੰਮ ਕਰਨ ਬਾਰੇ ਝੂਠ ਬੋਲਣ ਲਈ ਪਿਛਲੇ ਸਾਲ ਮੁਆਫ਼ੀ ਮੰਗੀ ਸੀ। ਸਿੱਖਿਆ ਮੰਤਰੀ ਲੂਸੀ ਪੋਵਲ ਪਿਛਲੇ ਸਾਲ ‘ਗ੍ਰੂਮਿੰਗ ਗੈਂਗ’ ਘੋਟਾਲੇ ਨੂੰ ਇੱਕ ਸਿਆਸੀ ਹਥਿਆਰ ਕਹਿ ਕੇ ਖਾਰਜ ਕਰਨ ਕਾਰਨ ਵਿਵਾਦਾਂ ਵਿਚ ਰਹੇ ਸਨ। ਪ੍ਰਧਾਨ ਮੰਤਰੀ ਬਰਨਹਮ ਦੀ ਕੈਬਨਿਟ ਨੂੰ ਲੈ ਕੇ ਲੋਕਾਂ ਵੱਲੋਂ ਰਲਵਾਂ ਮਿਲਵਾਂ ਹੁੰਗਾਰਾ ਦਿੱਤਾ ਗਿਆ ਹੈ। ਪਰ ਉਨ੍ਹਾਂ ਵੱਲੋਂ ਲਏ ਗਏ ਕੁਝ ਤੁਰੰਤ ਪ੍ਰਭਾਵ ਨਾਲ ਫੈਸਲੇ ਇੱਕ ਵਾਰ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਜ਼ਰੂਰ ਕਰ ਰਹੇ ਹਨ।
ਪਿਛਲੀ ਖ਼ਬਰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵਲੋਂ ਸਾਹਿਤਕ ਸਮਾਗਮ ਦੌਰਾਨ ਗਾਇਕ ਮੁਹੰਮਦ ਰਫ਼ੀ ਨੂੰ ਕੀਤਾ ਯਾਦ ਅਗਲੀ ਖ਼ਬਰ ਨਸੀਰੂਦੀਨ ਸ਼ਾਹ ਤੇ ਰਤਨਾ ਪਾਠਕ ਵਲੋਂ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦਾ ਸਮਰਥਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।