ਹੋਰਮੁਜ਼ ਦੇ ਖ਼ਤਰੇ ਤੋਂ ਬਚਣ ਲਈ ਅਮਰੀਕਾ ਦੀ ਵੱਡੀ ਚਾਲ, ਇਰਾਕ ਰਾਹੀਂ ਨਵਾਂ ਤੇਲ ਰਸਤਾ ਬਣਾਉਣ ਦੀ ਤਿਆਰੀ
ਅਜੀਤ ਡੈਸਕ
18-07-2026
ਮੁੱਢਲੇ ਸਮਝੌਤਿਆਂ ਤਹਿਤ ਕੰਪਨੀ ਇਰਾਕ ਦੇ ਵੈਸਟ ਕੁਰਨਾ-2 ਅਤੇ ਨਾਸਿਰਿਆ ਤੇਲ ਖੇਤਰਾਂ ਦੇ ਵਿਕਾਸ ਵਿੱਚ ਹਿੱਸਾ ਲੈਣ ਦੀ ਤਿਆਰੀ ਕਰ ਰਹੀ ਹੈ। ਇਸਦੇ ਨਾਲ ਹੀ ਇੱਕ ਅਜਿਹੀ ਪਾਈਪਲਾਈਨ ਯੋਜਨਾ ਦਾ ਅਧਿਐਨ ਵੀ ਕੀਤਾ ਜਾਵੇਗਾ, ਜੋ ਇਰਾਕ ਦੇ ਤੇਲ ਨੂੰ ਸੀਰੀਆ ਦੇ ਮੱਧਧਰਤੀ ਤੱਟ ਜਾਂ ਹੋਰ ਵਿਕਲਪਕ ਰਸਤਿਆਂ ਰਾਹੀਂ ਅੰਤਰਰਾਸ਼ਟਰੀ ਬਾਜ਼ਾਰਾਂ ਤੱਕ ਪਹੁੰਚਾ ਸਕੇ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਸਿਰਫ਼ ਇੱਕ ਵਪਾਰਕ ਨਿਵੇਸ਼ ਨਹੀਂ, ਸਗੋਂ ਬਦਲਦੇ ਭੂ-ਰਾਜਨੀਤਿਕ ਹਾਲਾਤਾਂ ਦੇ ਮੱਦੇਨਜ਼ਰ ਅਮਰੀਕਾ ਅਤੇ ਉਸਦੇ ਸਾਥੀਆਂ ਦੀ ਲੰਬੇ ਸਮੇਂ ਦੀ ਊਰਜਾ ਰਣਨੀਤੀ ਦਾ ਮਹੱਤਵਪੂਰਨ ਹਿੱਸਾ ਹੈ। ਜੇ ਹੋਰਮੁਜ਼ ਵਿੱਚ ਤਣਾਅ ਜਾਰੀ ਰਹਿੰਦਾ ਹੈ ਤਾਂ ਇਰਾਕ ਲਈ ਵਿਕਲਪਕ ਨਿਰਯਾਤ ਮਾਰਗ ਬਹੁਤ ਅਹਿਮ ਸਾਬਤ ਹੋ ਸਕਦਾ ਹੈ। ਇਰਾਕ ਦੇ ਪ੍ਰਧਾਨ ਮੰਤਰੀ ਅਲੀ ਅਲ-ਜ਼ੈਦੀ ਨੇ ਹਾਲ ਹੀ ਵਿੱਚ ਅਮਰੀਕਾ ਦਾ ਦੌਰਾ ਕਰਕੇ ਸ਼ੈਵਰੋਨ ਦੇ ਉੱਚ ਅਧਿਕਾਰੀਆਂ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ। ਦੋਵੇਂ ਦੇਸ਼ਾਂ ਨੇ ਊਰਜਾ, ਨਿਵੇਸ਼ ਅਤੇ ਰੋਜ਼ਗਾਰ ਨਾਲ ਜੁੜੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਇੱਛਾ ਜਤਾਈ ਹੈ। ਇਰਾਕ ਇਸ ਵੇਲੇ ਮੱਧ ਪੂਰਬ ਦਾ ਦੂਜਾ ਸਭ ਤੋਂ ਵੱਡਾ ਤੇਲ ਉਤਪਾਦਕ ਦੇਸ਼ ਹੈ, ਪਰ ਉਸਦਾ ਜ਼ਿਆਦਾਤਰ ਤੇਲ ਹੋਰਮੁਜ਼ ਜਲਡਮਰੂਮੱਧ ਰਾਹੀਂ ਹੀ ਦੁਨੀਆ ਤੱਕ ਪਹੁੰਚਦਾ ਹੈ। ਜੰਗ ਕਾਰਨ ਇਸ ਰਸਤੇ ਵਿੱਚ ਆਈ ਰੁਕਾਵਟ ਨੇ ਤੇਲ ਨਿਰਯਾਤ ਅਤੇ ਵਿਸ਼ਵ ਸਪਲਾਈ ਦੋਵਾਂ ਨੂੰ ਪ੍ਰਭਾਵਿਤ ਕੀਤਾ ਹੈ। ਇਸੇ ਕਾਰਨ ਖਾੜੀ ਖੇਤਰ ਦੇ ਕਈ ਦੇਸ਼ ਹੁਣ ਨਵੀਆਂ ਪਾਈਪਲਾਈਨਾਂ, ਭੰਡਾਰਨ ਕੇਂਦਰਾਂ ਅਤੇ ਜ਼ਮੀਨੀ ਆਵਾਜਾਈ ਪ੍ਰਾਜੈਕਟਾਂ ਵਿੱਚ ਭਾਰੀ ਨਿਵੇਸ਼ ਕਰ ਰਹੇ ਹਨ, ਤਾਂ ਜੋ ਭਵਿੱਖ ਵਿੱਚ ਕਿਸੇ ਵੀ ਜੰਗੀ ਜਾਂ ਰਾਜਨੀਤਿਕ ਸੰਕਟ ਦੌਰਾਨ ਊਰਜਾ ਸਪਲਾਈ ਰੁਕਣ ਨਾ ਪਾਏ। ਮਾਹਿਰਾਂ ਦਾ ਕਹਿਣਾ ਹੈ ਕਿ ਜੇ ਇਹ ਯੋਜਨਾਵਾਂ ਸਫ਼ਲ ਹੋ ਜਾਂਦੀਆਂ ਹਨ ਤਾਂ ਹੋਰਮੁਜ਼ ਜਲਡਮਰੂਮੱਧ ਦੀ ਰਣਨੀਤਿਕ ਅਹਿਮੀਅਤ ਕੁਝ ਹੱਦ ਤੱਕ ਘਟ ਸਕਦੀ ਹੈ ਅਤੇ ਵਿਸ਼ਵ ਤੇਲ ਵਪਾਰ ਲਈ ਇੱਕ ਨਵਾਂ ਅਤੇ ਵਧੇਰੇ ਸੁਰੱਖਿਅਤ ਰਸਤਾ ਉਭਰ ਸਕਦਾ ਹੈ।