ਟੀਮ ਨੇ 2002 ਦੀਆਂ ਰਾਸ਼ਟਰ ਮੰਡਲ ਖੇਡਾਂ ਵਿਚ ਜਿੱਤਿਆ ਸੀ ਇਤਿਹਾਸਕ ਸੋਨ ਤਗਮਾ
ਸਰੀ, 7 ਨਵੰਬਰ (ਯੂ. ਐਨ. ਆਈ.)-ਭਾਰਤੀ ਮਹਿਲਾ ਹਾਕੀ ਟੀਮ ਦੇ ਸਾਬਕਾ ਕੋਚ ਗੁਰਦਿਆਲ ਸਿੰਘ ਭੰਗੂ (86), ਜਿਨ੍ਹਾਂ ਦੀ ਅਗਵਾਈ ਵਿਚ ਟੀਮ ਨੇ 2002 ਦੀਆਂ ਰਾਸ਼ਟਰਮੰਡਲ ਖੇਡਾਂ ਵਿਚ ਇਤਿਹਾਸਕ ਸੋਨ ਤਗਮਾ ਜਿੱਤਿਆ ਸੀ, ਦਾ ਇਥੇ ਦਿਹਾਂਤ ਹੋ ਗਿਆ। ਭਾਰਤ ਨੇ ਮਾਨਚੈਸਟਰ ਵਿਚ ਖੇਡੇ ਗਏ ਰੋਮਾਂਚਕ ਫਾਈਨਲ ਮੁਕਾਬਲੇ ਵਿਚ ਮੇਜ਼ਬਾਨ ਇੰਗਲੈਂਡ ਨੂੰ 3-2 ਨਾਲ ਹਰਾਇਆ ਸੀ। ਇਸ ਜਿੱਤ ਨੇ ਹੀ ਬਾਅਦ ਵਿਚ 2007 ਦੀ ਬਾਲੀਵੁੱਡ ਫਿਲਮ ‘ਚੱਕ ਦੇ ਇੰਡੀਆ’ (ਜਿਸ ਵਿਚ ਸ਼ਾਹਰੁਖ ਖ਼ਾਨ ਮੁੱਖ ਭੂਮਿਕਾ ਵਿਚ ਸਨ) ਦੀ ਕਹਾਣੀ ਲਈ ਪ੍ਰੇਰਨਾ ਦਾ ਕੰਮ ਕੀਤਾ ਸੀ।ਸੂਰਜ ਲਤਾ ਦੇਵੀ ਦੀ ਕਪਤਾਨੀ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਨੇ ਵਾਧੂ ਸਮੇਂ ਵਿਚ ਮਮਤਾ ਖਰਾਬ ਵਲੋਂ ਕੀਤੇ ‘ਗੋਲਡਨ ਗੋਲ’ ਸਦਕਾ ਸੋਨ ਤਗਮਾ ਜਿੱਤ ਕੇ ਮੁਹਿੰਮ ਦਾ ਯਾਦਗਾਰੀ ਅੰਤ ਕੀਤਾ ਸੀ।ਇਸ ਜਿੱਤ ਨੂੰ ਭਾਰਤੀ ਹਾਕੀ ਦੇ ਇਤਿਹਾਸ ਦੇ ਸਭ ਤੋਂ ਅਹਿਮ ਪਲਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਹਾਲਾਂਕਿ, ਫਿਲਮ ‘ਚੱਕ ਦੇ ਇੰਡੀਆ’ ਵਿਚ ਸ਼ਾਹਰੁਖ ਖ਼ਾਨ ਵਲੋਂ ਨਿਭਾਏ ਗਏ ਕਾਲਪਨਿਕ ਕਿਰਦਾਰ ‘ਕਬੀਰ ਖ਼ਾਨ’ ਦੀ ਪ੍ਰੇਰਨਾ ਭਾਰਤ ਦੇ ਸਾਬਕਾ ਗੋਲਕੀਪਰ ਮੀਰ ਰੰਜਨ ਨੇਗੀ ਤੋਂ ਲਈ ਗਈ ਸੀ ਪਰ ਰਾਸ਼ਟਰਮੰਡਲ ਖੇਡਾਂ ਵਿਚ ਮਿਲੀ ਉਸ ਜਿੱਤ ਦੌਰਾਨ ਭਾਰਤੀ ਟੀਮ ਦੇ ਮੁੱਖ ਕੋਚ ਗੁਰਦਿਆਲ ਭੰਗੂ ਹੀ ਸਨ। ਰਾਸ਼ਟਰ ਮੰਡਲ ਖੇਡਾਂ ਦੇ ਫਾਈਨਲ ਦੌਰਾਨ ਭੰਗੂ ਦਾ ਤਜਰਬਾ ਅਤੇ ਹਾਕੀ ਦੇ ਨਿਯਮਾਂ ਦੀ ਉਨ੍ਹਾਂ ਦੀ ਸਮਝ ਬਹੁਤ ਅਹਿਮ ਸਾਬਤ ਹੋਈ।ਉਨ੍ਹਾਂ ਨੂੰ ਪਤਾ ਸੀ ਕਿ ਜੇਕਰ ਕੋਈ ‘ਪੈਨਲਟੀ ਕਾਰਨਰ’ ਚੱਲ ਰਿਹਾ ਹੋਵੇ ਤਾਂ ਹੂਟਰ ਵੱਜਣ ਤੋਂ ਬਾਅਦ ਵੀ ਉਸ ਨੂੰ ਪੂਰਾ ਹੋਣ ਦਿੱਤਾ ਜਾਣਾ ਚਾਹੀਦਾ ਹੈ। ਇਸ ਲਈ ਉਨ੍ਹਾਂ ਨੇ ਆਪਣੀਆਂ ਖਿਡਾਰਨਾਂ ਨੂੰ ਹਦਾਇਤ ਦਿੱਤੀ ਸੀ ਕਿ ਜਦੋਂ ਤੱਕ ਪੂਰੀ ਪ੍ਰਕਿਰਿਆ ਖਤਮ ਨਹੀਂ ਹੋ ਜਾਂਦੀ, ਉਦੋਂ ਤੱਕ ਢਿੱਲ ਨਹੀਂ ਵਰਤਣੀ।ਇਹ ਸਲਾਹ ਵਾਧੂ ਸਮੇਂ ਦੌਰਾਨ ਇੰਗਲੈਂਡ ਖ਼ਿਲਾਫ਼ ਫੈਸਲਾਕੁੰਨ ਸਾਬਤ ਹੋਈ। ਜਿਵੇਂ ਹੀ ਹੂਟਰ ਵੱਜਿਆ, ਇੰਗਲੈਂਡ ਦੇ ਖਿਡਾਰੀ ਤਾਂ ਨਿਸ਼ਚਿੰਤ ਹੋ ਗਏ ਪਰ ਚੌਕਸ ਭਾਰਤੀ ਖਿਡਾਰਨਾਂ ਨੇ ਹਮਲਾ ਜਾਰੀ ਰੱਖਿਆ ਅਤੇ ਮਮਤਾ ਖਰਾਬ ਨੇ ‘ਰੀਬਾਉਂਡ’ (ਵਾਪਸ ਆਈ ਗੇਂਦ) ‘ਤੇ ਗੋਲ ਕਰਕੇ ਇਤਿਹਾਸਕ ‘ਗੋਲਡਨ ਗੋਲ’ ਦਾਗ ਦਿੱਤਾ।ਹਾਲਾਂਕਿ, ਸ਼ੁਰੂ ਵਿਚ ਇਸ ਗੋਲ ਨੂੰ ਮਾਨਤਾ ਨਹੀਂ ਦਿੱਤੀ ਗਈ ਪਰ ਬਾਅਦ ਵਿਚ ਅਧਿਕਾਰੀਆਂ ਨੇ ਆਪਣੇ ਫੈਸਲੇ ਨੂੰ ਬਦਲ ਦਿੱਤਾ, ਜਿਸ ਨਾਲ ਭਾਰਤ ਨੂੰ ਇਤਿਹਾਸ ਜਿੱਤ ਪ੍ਰਾਪਤ ਹੋਈ।ਪਾਕਿਸਤਾਨ ਦੇ ਫੈਸਲਾਬਾਦ (ਉਸ ਸਮੇਂ ਲਾਇਲਪੁਰ) ਵਿਚ ਜਨਮੇ ਭੰਗੂ ਅੰਬਾਲਾ ਵਿਚ ਵੱਡੇ ਹੋਏ ਅਤੇ ਯੂਨੀਵਰਸਿਟੀ ਪੱਧਰ ‘ਤੇ ਹਾਕੀ ਖੇਡੀ। ਬਾਅਦ ਵਿਚ ਉਨ੍ਹਾਂ ਪਟਿਆਲਾ ਦੇ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਵਿਚ ਸਿਖਲਾਈ ਲਈ, ਜਿਥੇ ਉਨ੍ਹਾਂ ਭਾਰਤੀ ਹਾਕੀ ਦੇ ਮਹਾਨ ਖਿਡਾਰੀਆਂ ਧਿਆਨ ਚੰਦ ਅਤੇ ਉਲੰਪਿਕ ਸੋਨ ਤਮਗਾ ਜੇਤੂ ਬਾਲਕਿਸ਼ਨ ਸਿੰਘ ਤੋਂ ਹਾਕੀ ਸਿੱਖੀ।ਭਾਰਤੀ ਟੀਮ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਭੰਗੂ ਕੋਲ ਪਹਿਲਾਂ ਹੀ ਅੰਤਰਰਾਸ਼ਟਰੀ ਪੱਧਰ ‘ਤੇ ਕਾਫ਼ੀ ਕੋਚਿੰਗ ਦਾ ਤਜਰਬਾ ਸੀ। ਉਨ੍ਹਾਂ 1972 ਤੋਂ 1976 ਤੱਕ ਨਾਈਜੀਰੀਅਨ ਮਹਿਲਾ ਟੀਮ ਦੇ ਮੁੱਖ ਕੋਚ ਵਜੋਂ ਸੇਵਾਵਾਂ ਨਿਭਾਈਆਂ, ਜਿਸ ਨਾਲ ਟੀਮ ਨੂੰ 1976 ਵਿਚ ਉਨ੍ਹਾਂ ਦੇ ਪਹਿਲੇ ਹਾਕੀ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਵਿਚ ਮਦਦ ਮਿਲੀ।ਭੰਗੂ ਨੂੰ 1998 ਵਿਚ ਭਾਰਤੀ ਮਹਿਲਾ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਸੀ, ਜਦੋਂ ਟੀਮ ਮਹਿਲਾ ਹਾਕੀ ਵਿਸ਼ਵ ਕੱਪ ਵਿਚ 12ਵੇਂ ਸਥਾਨ ‘ਤੇ ਰਹੀ ਸੀ। ਉਨ੍ਹਾਂ ਦੀ ਅਗਵਾਈ ਹੇਠ ਭਾਰਤ ਨੇ ਉਸੇ ਸਾਲ ਬੈਂਕਾਕ ਵਿਚ ਹੋਈਆਂ ਏਸ਼ਿਆਈ ਖੇਡਾਂ ਵਿਚ ਚਾਂਦੀ ਦਾ ਤਗਮਾ ਜਿੱਤਿਆ, ਜਿਸ ਨੇ ਚਾਰ ਸਾਲ ਬਾਅਦ ਰਾਸ਼ਟਰਮੰਡਲ ਖੇਡਾਂ ਵਿਚ ਟੀਮ ਦੀ ਇਤਿਹਾਸਕ ਸੋਨ ਤਗਮਾ ਜਿੱਤਣ ਦੀ ਨੀਂਹ ਰੱਖੀ।ਭੰਗੂ ਨੂੰ ਸਾਲ 2000 ਵਿਚ ਦ੍ਰੋਣਾਚਾਰੀਆ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ। ਉਹ ਇਹ ਵੱਕਾਰੀ ਕੋਚਿੰਗ ਸਨਮਾਨ ਪ੍ਰਾਪਤ ਕਰਨ ਵਾਲੇ ਪਹਿਲੇ ਹਾਕੀ ਕੋਚ ਬਣੇ ਸਨ।