05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਆਇਰਲੈਂਡ ਤੋਂ ਲੜੀ ਹਾਰੀ ਵਿਸ਼ਵ ਚੈਂਪੀਅਨ ਭਾਰਤੀ ਟੀਮ

ਅਜੀਤ ਡੈਸਕ 29-06-2026

ਬੇਲਫਾਸਟ, 28 ਜੂਨ (ਯੂ.ਐਨ.ਆਈ.)-ਆਇਰਲੈਂਡ ਨੇ ਦੋ ਮੈਚਾਂ ਦੀ ਟੀ-20 ਲੜੀ ’ਚ ਭਾਰਤ ਨੂੰ 2-0 ਨਾਲ ਹਰਾ ਕੇ ਇਤਿਹਾਸ ਰਚ ਦਿੱਤਾ। ਇਹ ਆਇਰਲੈਂਡ ਦੀ ਕਿਸੇ ਵੀ ਫਾਰਮੈਟ ’ਚ ਭਾਰਤ ਵਿਰੁੱਧ ਪਹਿਲੀ ਸੀਰੀਜ਼ ਜਿੱਤ ਹੈ। ਮੇਜ਼ਬਾਨ ਟੀਮ ਨੇ ਦੂਜੇ ਮੈਚ ਵਿਚ ਇਕ ਦੌੜ ਨਾਲ ਰੋਮਾਂਚਕ ਜਿੱਤ ਦਰਜ ਕੀਤੀ। 155 ਦੌੜਾਂ ਦੇ ਟੀਚੇ ਦੀ ਪ੍ਰਾਪਤੀ ਕਰਦੇ ਹੋਏ ਭਾਰਤ ਆਪਣੇ ਨਿਰਧਾਰਤ 20 ਓਵਰਾਂ ’ਚ 9 ਵਿਕਟਾਂ ’ਤੇ ਸਿਰਫ਼ 153 ਦੌੜਾਂ ਹੀ ਬਣਾ ਸਕਿਆ। ਭਾਰਤ ਨੂੰ ਆਖਰੀ ਓਵਰ ’ਚ ਜਿੱਤ ਲਈ 20 ਦੌੜਾਂ ਦੀ ਲੋੜ ਸੀ ਪਰ ਉਹ ਸਿਰਫ਼ 18 ਦੌੜਾਂ ਹੀ ਬਣਾ ਸਕਿਆ। ਤਿਲਕ ਵਰਮਾ ਨੇ ਇਕ ਮਹੱਤਵਪੂਰਨ ਪਾਰੀ ’ਚ ਅਰਧ ਸੈਂਕੜਾ ਖੇਡਿਆ ਪਰ ਦੂਜੇ ਸਿਰੇ ਤੋਂ ਠੋਸ ਸਹਿਯੋਗ ਦੀ ਘਾਟ ਸੀ। ਉਸਨੇ 46 ਗੇਂਦਾਂ ’ਚ 55 ਦੌੜਾਂ ਬਣਾਈਆਂ, ਤਿੰਨ ਚੌਕੇ ਤੇ ਇਕ ਛੱਕਾ ਲਗਾਇਆ। ਜੈ ਮੁੰਦਰਾ ਅਤੇ ਮੈਥਿਊ ਹੋਲਾਰਡ ਨੇ ਆਇਰਲੈਂਡ ਲਈ ਤਿੰਨ-ਤਿੰਨ ਵਿਕਟਾਂ ਲਈਆਂ, ਜਦੋਂ ਕਿ ਮੈਥਿਊ ਹੰਫਰੀਜ਼ ਤੇ ਹੈਰੀ ਟੈਕਟਰ ਨੇ ਇਕ-ਇਕ ਵਿਕਟ ਲਈ। ਟੀਚੇ ਦਾ ਪਿੱਛਾ ਕਰਦੇ ਹੋਏ, ਭਾਰਤ ਦੀ ਸ਼ੁਰੂਆਤ ਮਾੜੀ ਰਹੀ। ਸਲਾਮੀ ਬੱਲੇਬਾਜ਼ ਸੰਜੂ ਸੈਮਸਨ ਤੇ ਅਭਿਸ਼ੇਕ ਸ਼ਰਮਾ ਬਿਨਾਂ ਕੋਈ ਦੋੜ ਬਣਾਏ ਪਹਿਲੇ ਓਵਰ ’ਚ ਹੀ ਆਊਟ ਹੋ ਗਏ। ਕਪਤਾਨ ਸ਼੍ਰੇਅਸ ਅਈਅਰ (7 ਗੇਂਦਾਂ ‘ਤੇ 10) ਵੀ ਜ਼ਿਆਦਾ ਦੇਰ ਨਹੀਂ ਟਿਕ ਸਕੇ। ਇਸ ਤੋਂ ਪਹਿਲਾਂ, ਆਇਰਲੈਂਡ ਨੇ ਟਾਸ ਹਾਰਨ ਤੋਂ ਬਾਅਦ 8 ਵਿਕਟਾਂ ‘ਤੇ 154 ਦੌੜਾਂ ਬਣਾਈਆਂ। ਆਇਰਲੈਂਡ ਲਈ ਹੈਰੀ ਟੈਕਟਰ ਨੇ ਸਭ ਤੋਂ ਵੱਧ 47 ਗੇਂਦਾਂ ‘ਤੇ 53 ਦੌੜਾਂ ਬਣਾਈਆਂ। ਟੀਮ ਦੇ ਸਲਾਮੀ ਬੱਲੇਬਾਜ਼ ਟਿਮ ਟੈਕਟਰ ਤੇ ਰੌਸ ਅਡੇਅਰ ਕ੍ਰਮਵਾਰ 5 ਅਤੇ 16 ਦੌੜਾਂ ਬਣਾ ਕੇ ਆਊਟ ਹੋ ਗਏ। ਕਪਤਾਨ ਲੋਰਕਨ ਟਕਰ ਨੇ 15 ਦੌੜਾਂ ਬਣਾਈਆਂ, ਹੈਰੀ ਟੈਕਟਰ ਨਾਲ ਤੀਜੀ ਵਿਕਟ ਲਈ 27 ਦੌੜਾਂ ਦੀ ਸਾਂਝੇਦਾਰੀ ਕੀਤੀ। ਜ਼ਿਕਰਯੋਗ ਹੈ ਕਿ ਵੈਭਵ ਸੂਰਯਵੰਸ਼ੀ ਅੱਜ ਵੀ ਪਲੇਇੰਗ 11 ਦਾ ਹਿੱਸਾ ਨਹੀਂ ਸਨ। ਹੁਣ ਉਨ੍ਹਾਂ ਨੂੰ ਆਪਣੇ ਅੰਤਰਰਾਸ਼ਟਰੀ ਡੈਬਿਊ ਲਈ ਇੰਗਲੈਂਡ ਸੀਰੀਜ਼ ਦਾ ਇੰਤਜ਼ਾਰ ਕਰਨਾ ਪਵੇਗਾ। ਆਇਰਲੈਂਡ ਨੇ ਪਹਿਲੇ ਮੈਚ ’ਚ ਭਾਰਤ ਨੂੰ 34 ਦੌੜਾਂ ਨਾਲ ਹਰਾਇਆ ਸੀ।

ਪਿਛਲੀ ਖ਼ਬਰ ਕੋਲੰਬੀਆ ਨੇ ਪੁਰਤਗਾਲ ਨੂੰ ਗੋਲ ਰਹਿਤ ਡਰਾਅ ’ਤੇ ਰੋਕਿਆ ਅਗਲੀ ਖ਼ਬਰ ਮੈਸੀ ਦਾ ਤੂਫ਼ਾਨੀ ਪ੍ਰਦਰਸ਼ਨ ਜਾਰੀ, ਇਕ ਹੋਰ ਵਿਸ਼ਵ ਰਿਕਾਰਡ ਕੀਤਾ ਆਪਣੇ ਨਾਂਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।