ਥੱਕੇ ਹਾਰੇ ਆਏ ਦੀਪੇ ਦੇ ਪਿਉ ਆਤਮੇ ਨੇ ਆਪਣੀ ਘਰ ਵਾਲੀ ਦੇ ਥੋੜ੍ਹੀ ਜਿਹੀ ਗੱਲ ਤੋਂ ਦੀਪੇ ਦੇ ਸਾਹਮਣੇ ਦੋ ਤਿੰਨ ਥੱਪੜ ਮਾਰ ਦਿੱਤੇ | ਕਾਰਨ ਇਹ ਕਿ ਮੈਂ ਸਾਰਾ ਦਿਨ ਕੰਮ ਤੋਂ ਥੱਕਿਆ ਹਾਰਿਆ ਆਇਆਂ ਹਾਂ, ਮੇਰੇ ਆਉਂਦਿਆਂ ਪਾਣੀ ਗਰਮ ਕਿਉਂ ਨਹੀਂ ਕੀਤਾ | ਤਕੜੇ 'ਤੇ ਜ਼ੋਰ ਨਾ ਤੇ ਮਾੜੇ 'ਤੇ ਘੜੱਮ ਆਪਣੇ ਮਹਿਕਮੇ ਤੋਂ ਹੋਈ ਬੇਇਜ਼ਤੀ ਦਾ ਸਾਰਾ ਗੁੱਸਾ ਆਪਣੀ ਘਰ ਵਾਲੀ 'ਤੇ ਆਣ ਕੱਢਦਾ, ਮਾਰਕੁੱਟ ਦੀ ਕਾਰਵਾਈ ਮਹੀਨੇ ਵਿਚ ਦੋ ਵਾਰੀ ਤਾਂ ਹੋ ਹੀ ਜਾਂਦੀ | ਦੀਪੇ ਦੀ ਮਾਂ ਦੀਪੇ ਨੂੰ ਉਂਗਲੇ ਲਾ ਕੇ ਜੇਠਾਣੀ ਦੇ ਘਰ ਚਲੀ ਜਾਂਦੀ, ਜਦੋਂ ਗੁੱਸਾ ਠੰਢਾ ਹੋ ਜਾਂਦਾ ਤਾਂ ਆ ਕੇ ਰੋਟੀ ਪਾਣੀ ਕਰਨਾ ਸ਼ੁਰੂ ਕਰ ਦਿੰਦੀ ਤੇ ਫਿਰ ਆਮ ਵਾਂਗੂ ਸਵੇਰੇ ਰੋਟੀ ਦਾ ਡੱਬਾ ਝੋਲੇ ਵਿਚ ਪਾ ਦਿੰਦੀ ਤੇ ਕਹਿੰਦੀ, ਟਾਈਮ ਨਾਲ ਖਾ ਲਿਓ | ਆਤਮਾ ਸੜਕ ਬਣਾਉਣ ਵਾਲੇ ਮਹਿਕਮੇ 'ਚ ਨੌਕਰੀ ਕਰਦਾ ਸੀ |

ਅੱਜ ਦੀਪੇ ਦੀ ਮਾਂ ਘਰ ਦਾ ਸਾਰਾ ਕੁਝ ਸੰਭਾਲ ਕੇ ਵਿਹੜੇ ਵਿਚ ਨਿੰਮ ਦੇ ਦਰੱਖਤ ਦੀ ਠੰਢੀ ਛਾਂ ਹੇਠਾਂ ਲੰਮੀ ਪਈ ਹੋਈ ਸੀ | ਦੀਪਾ ਸਕੂਲੋਂ ਆ ਕੇ ਰੋਟੀ ਖਾਂਦਾ ਤੇ ਲਾਗੇ ਬੈਠ ਕੇ ਬੀਬੀ ਨੂੰ ਪੁੱਛਣ ਲੱਗਾ, 'ਬੀਬੀ ਤੈਨੂੰ ਭਾਪਾ ਛੋਟੀ ਜਿਹੀ ਗੱਲ ਤੋਂ ਕਿਉਂ ਮਾਰਨ ਲ਼ੱਗ ਪੈਂਦਾ, ਤੂੰ ਅੱਗੋਂ ਕੁਝ ਨਹੀਂ ਬੋਲਦੀ |'” 'ਕੋਈ ਨਾ ਪੁੱਤ ਉਸ ਦਾ ਸੁਭਾਅ ਈ ਗੁੱਸੇ ਵਾਲਾ ਹੈ, ਬਾਕੀ ਪੁੱਤ ਵਗਦੇ ਬੋਲਦ ਦੀ ਛੜ ਤਾਂ ਸਹਿਣੀ ਪੈਂਦੀ ਆ |' 'ਬੀਬੀ ਮੈਨੂੰ ਕੁਝ ਸਮਝ ਨਹੀਂ ਆਈ ਤੂੰ ਕੀ ਕਹਿ ਰਹੀ ਆਂ |' 'ਪੁੱਤ ਸੁਣ ਖੇਤ ਵਿਚ ਹਲ ਵਾਹੰੁਦਿਆਂ ਅੱਕਿਆ ਬੋਲਦ ਕਿਸੇ ਵੇਲੇ ਕਿਸਾਨ ਦੇ ਛੜ ਮਾਰ ਦਿੰਦਾ ਹੈ, ਕਿਸਾਨ ਆਪਣੇ ਬੋਲਦ ਨੂੰ ਕੁਝ ਨਹੀਂ ਕਹਿੰਦਾ, ਉਸ ਨੂੰ ਪਤਾ ਹੈ ਕਿ ਬੋਲਦ ਬਿਨਾਂ ਉਸ ਦਾ ਗੁਜ਼ਾਰਾ ਨਹੀਂ | ਫਿਰ ਥਾਪੀ ਦੇ ਕੇ ਹਲ ਵਾਹੁਣਾ ਸ਼ੁਰੂ ਕਰ ਦਿੰਦਾ ਹੈ |'
ਉਸੇ ਤਰ੍ਹਾਂ ਤੇਰਾ ਭਾਪਾ ਪੂਰਾ ਦਿਨ ਕੰਮ ਕਰਦਾ, ਜਿਸ ਨਾਲ ਘਰ ਦਾ ਖਰਚਾ, ਤੇਰੀ ਪੜ੍ਹਾਈ, ਰਿਸ਼ਤੇਦਾਰੀ ਵਿਚ ਮਿਲਣਾ ਵਰਤਣਾ ਸਾਰਾ ਖਰਚਾ ਨੌਕਰੀ ਤੋਂ ਹੀ ਹੁੰਦਾ ਹੈ, ਜੇ ਮੈਂ ਵੀ ਅੱਗੋਂ ਬੋਲਾਂਗੀ ਗੱਲ ਵੱਧ ਜਾਵੇਗੀ | ਇੰਨੇ ਗੁੱਸੇ ਵਾਲੇ ਬੰਦੇ ਦਾ ਕੀ ਭਰੋਸਾ ਨੌਕਰੀ ਛੱਡ ਕੇ ਘਰ ਬੈਠ ਜਾਏ, ਫਿਰ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ | ਜਿਸ ਤਰ੍ਹਾਂ ਕਿਸਾਨ ਬੋਲਦ ਦੀ ਛੜ ਦੀ ਪੀੜ ਜ਼ਰ ਲੈਂਦਾ ਹੈ, ਮੈਂ ਵੀ ਚਪੇੜਾਂ ਦੀ ਪੀੜ ਜਰ ਲੈਦੀ ਹਾਂ |'
ਪੁੱਤ ਮੈਂ ਤੈਨੂੰ ਬਹੁਤ ਜ਼ਿਆਦਾ ਪੜ੍ਹਾਉਣਾ ਚਾਹੁੰਦੀ ਹਾਂ ਤੇ ਚੰਗੀ ਨੌਕਰੀ 'ਤੇ ਲਗਾਉਣਾ ਚਾਹੁੰਦੀ ਹਾਂ | ਕਹਿੰਦੇ ਨੇ ਜਿਹੜੇ ਜ਼ਿਆਦਾ ਪੜ੍ਹ ਕੇ ਚੰਗੀਆਂ ਨੌਕਰੀਆਂ 'ਤੇ ਲੱਗਦੇ ਨੇ ਉਨ੍ਹਾਂ ਨੂੰ ਗੁੱਸਾ ਬਹੁਤ ਘੱਟ ਆਉਂਦਾ ਹੈ |' ਦੀਪਾ ਆਪਣੀ ਮਾਂ ਨੂੰ ਕੁਝ ਕਹਿਣਾ ਚਾਹੁੰਦਾ ਸੀ ਪਰ ਉਸ ਨੇ ਪੋਚੀ ਹੋਈ ਫੱਟੀ 'ਤੇ ਲੀਕਾਂ ਮਾਰੀਆਂ ਤੇ ਕਲਮ ਨਾਲ ਦਵਾਤ ਵਿਚੋਂ ਟੋਬੇ ਲੈ ਕੇ ਸਕੂਲ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ |
-ਪਿੰਡ ਬੰਡਾਲਾ ਤਰਨ ਤਾਰਨ |
ਮੋਬਾਈਲ : 91496-60589