02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਪਾਕੀਜ਼ਾ ਬਣਦੇ-ਬਣਦੇ ਰਹਿ ਗਈ ਯੋਗਿਤਾ ਬਾਲੀ

ਪਾਕੀਜ਼ਾ ਬਣਦੇ-ਬਣਦੇ ਰਹਿ ਗਈ ਯੋਗਿਤਾ ਬਾਲੀ

ਅਜੀਤ ਡੈਸਕ 02-09-2026

ਨਿਰਮਾਤਾ ਨਿਰੇਦਸ਼ਕ ਕਮਾਲ ਅਮਰੋਹੀ ਨਾਲ ਅਣਬਣ ਹੋਣ ਕਾਰਨ ਮੀਨਾ ਕੁਮਾਰੀ ਨੇ ਫ਼ਿਲਮ 'ਪਾਕੀਜ਼ਾ' ਵਿਚਾਲੇ ਹੀ ਛੱਡ ਦਿੱਤੀ ਸੀ | ਪਰ ਕਮਾਲ ਅਮਰੋਹੀ ਇਸ ਵਿਸ਼ੇ 'ਤੇ ਹਰ ਹਾਲ ਵਿਚ ਫ਼ਿਲਮ ਬਣਾਉਣਾ ਚਾਹੁੰਦੇ ਸਨ | ਉਨ੍ਹਾਂ ਨੇ ਕਿਸੇ ਹੋਰ ਅਭਿਨੇਤਰੀ ਨੂੰ  ਲੈ ਕੇ ਫ਼ਿਲਮ ਬਣਾਉਣਾ ਤੈਅ ਕੀਤਾ | ਇਸ ਵਿਚਾਲੇ ਉਨ੍ਹਾਂ ਦੀ ਮੁਲਾਕਾਤ ਯੋਗਿਤਾ ਬਾਲੀ ਨਾਲ ਹੋਈ, ਜੋ ਉਸ ਸਮੇਂ ਸੀ ਤਾਂ ਸਿਰਫ਼ 13 ਸਾਲ ਦੀ, ਪਰ ਆਪਣੇ ਚੰਗੇ ਡੀਲ ਡੌਲ ਕਾਰਨ ਅੱਲ੍ਹੜ ਕੁੜੀ ਦੀ ਜਗ੍ਹਾ ਜਵਾਨ ਕੁੜੀ ਦਿਖਾਈ ਦਿੰਦੀ ਸੀ | ਕਮਾਲ ਨੇ ਉਸ ਨੂੰ  'ਪਾਕੀਜ਼ਾ' ਵਿਚ ਮੁੱਖ ਭੂਮਿਕਾ ਦੀ ਪੇਸ਼ਕਸ਼ ਦਿੱਤੀ | ਇਹ 1966 ਦੀ ਗੱਲ ਹੈ | ਕਮਾਲ ਯੋਗਿਤਾ ਬਾਲੀ ਨੂੰ  3 ਸਾਲ ਦੇ ਇਕਰਾਰਨਾਮੇ ਵਿਚ ਰੱਖਣਾ ਚਾਹੁੰਦੇ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਉਰਦੂ ਬੋਲਣ ਤੇ ਨਿ੍ਤ ਸਿੱਖਣ ਆਦਿ ਵਿਚ ਵੀ ਉਸ ਦੀ ਮਦਦ ਕਰਨਾ ਚਾਹੁੰਦੇ ਸਨ | ਯੋਗਿਤਾ ਬਾਲੀ ਨੇ ਇਸ ਪੇਸ਼ਕਸ਼ ਨੂੰ  ਸਵੀਕਾਰ ਕਰ ਲਿਆ | ਪਰ ਇਸੇ ਦੌਰਾਨ ਕਮਾਲ ਤੇ ਮੀਨਾ ਕੁਮਾਰੀ ਦਾ ਮਨਮੁਟਾਵ ਦੂਰ ਹੋ ਗਿਆ, ਉਹ ਵਾਪਸ ਫ਼ਿਲਮ ਵਿਚ ਆ ਗਈ | ਇਸ ਤਰ੍ਹਾਂ ਯੋਗਿਤਾ ਬਾਲੀ 'ਪਾਕੀਜ਼ਾ' ਬਣਦੇ-ਬਣਦੇ ਰਹਿ ਗਈ |

ਤੁਸੀਂ ਸੋਚ ਰਹੇ ਹੋਵੋਗੇ ਕਿ ਕਮਾਲ ਅਮਰੋਹੀ ਦੀ ਮੁਲਾਕਾਤ ਯੋਗਿਤਾ ਬਾਲੀ ਨਾਲ ਕਿਵੇਂ ਸੰਭਵ ਹੋ ਸਕੀ? ਦਰਅਸਲ, ਯੋਗਿਤਾ ਬਾਲੀ ਦਾ ਫ਼ਿਲਮ ਉਦਯੋਗ ਨਾਲ ਬਹੁਤ ਡੂੰਘਾ ਨਾਤਾ ਹੈ | ਉਹ ਆਪਣੇ ਜ਼ਮਾਨੇ ਦੀ ਟੌਪ ਹੀਰੋਇਨ ਗੀਤਾ ਬਾਲੀ ਦੀ ਭਾਣਜੀ ਹੈ | ਗੀਤਾ ਬਾਲੀ ਨੇ ਸ਼ੰਮੀ ਕਪੂਰ ਨਾਲ ਵਿਆਹ ਕੀਤਾ ਸੀ, ਇਸ ਲਈ ਉਸ ਦੇ ਬੇਟੇ ਐਕਟਰ ਆਦਿੱਤਿਆ ਰਾਜ ਕਪੂਰ ਯੋਗਿਤਾ ਬਾਲੀ ਦੇ ਭਤੀਜੇ ਹਨ | ਗੀਤਾ ਬਾਲੀ ਦੀ ਭੈਣ ਹਰਿਦਰਸ਼ਨ ਕੌਰ ਨੇ ਸੈਈਅਦ ਇਰਸ਼ਾਦ ਹੁਸੈਨ ਨਾਲ ਵਿਆਹ ਕੀਤਾ ਸੀ, ਜੋ ਜਸਵੰਤ ਦੇ ਸਕਰੀਨ ਨਾਂਅ ਨਾਲ ਫ਼ਿਲਮਾਂ ਵਿਚ ਚਰਿੱਤਰ ਅਭਿਨੇਤਾ ਸਨ | ਯੋਗਿਤਾ ਬਾਲੀ ਦਾ ਇਕ ਛੋਟਾ ਭਰਾ ਯੋਗੇਸ਼ ਬਾਲੀ ਵੀ ਸੀ, ਜੋ ਕੁਝ ਫ਼ਿਲਮਾਂ ਵਿਚ ਦਿਖਾਈ ਵੀ ਦਿੱਤਾ ਪਰ ਲੰਮੀ ਬਿਮਾਰੀ ਤੋਂ ਬਾਅਦ 1988 ਵਿਚ ਸਿਰਫ਼ 34 ਸਾਲ ਦੀ ਉਮਰ ਵਿਚ ਉਸ ਦੀ ਮੌਤ ਹੋ ਗਈ | ਯੋਗੇਸ਼ ਨੇ ਗਾਇਕਾ ਹੇਮਲਤਾ ਨਾਲ ਵਿਆਹ ਕੀਤਾ ਸੀ, ਜੋ ਕਿ ਅਭਿਨੇਤਰੀਆਂ ਸੁਲਕਸ਼ਣਾ ਪੰਡਿਤ ਤੇ ਵਿਜੇਤਾ ਪੰਡਿਤ ਦੀ ਭਤੀਜੀ ਹੈ |
ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਯੋਗਿਤਾ ਬਾਲੀ ਚੰਗੀ ਅਦਾਕਾਰਾ ਸੀ ਪਰ ਉਹ ਆਪਣੀ ਪ੍ਰਤਿਭਾ ਦੇ ਅਨੁਸਾਰ ਬਾਲੀਵੁੱਡ ਵਿਚ ਸਫ਼ਲਤਾ ਹਾਸਿਲ ਨਾ ਕਰ ਸਕੀ | ਇਹ ਅਚਾਨਕ ਨਹੀਂ ਸੀ | ਉਸ ਨੂੰ  ਚੰਗੇ ਬੈਨਰਾਂ ਤੇ ਸਥਾਪਿਤ ਕਲਾਕਾਰਾਂ ਨਾਲ ਵੱਡੀਆਂ ਫ਼ਿਲਮਾਂ ਮਿਲੀਆਂ, ਪਰ ਉਨ੍ਹਾਂ ਵਿਚੋਂ ਜ਼ਿਆਦਾਤਰ ਅਧੂਰੀਆਂ ਹੀ ਡੱਬੇ ਵਿਚ ਬੰਦ ਹੋ ਗਈਆਂ | ਭਾਵ ਕਦੀ ਰਿਲੀਜ਼ ਨਹੀਂ ਹੋਈਆਂ | ਜਿਵੇਂ ਕਬੀਰ ਬੇਦੀ ਨਾਲ 'ਸ਼ੇਰਾ' ਤੇ 'ਹਾਈਵੇ ਸਮਗਲਰਜ਼-ਡੀ.ਐਲ.ਜੀ. 9211', ਜਤਿੰਦਰ ਤੇ ਵਿਨੋਦ ਖੰਨਾ ਨਾਲ 'ਪਿੰਕੂ ਔਰ ਰਿੰਕੂ', ਜਾਨੀ ਵਾਕਰ ਨਾਲ 'ਚੰਡਾਲ ਚੌਕੀ' ਆਦਿ | ਇਨ੍ਹਾਂ ਡੱਬਿਆਂ ਵਿਚ ਬੰਦ ਫ਼ਿਲਮਾਂ ਦੀ ਇਕ ਲੰਮੀ ਸੂਚੀ ਹੈ |
ਫਿਲਹਾਲ 13 ਅਗਸਤ, 1952 ਨੂੰ  ਮੁੰਬਈ ਵਿਚ ਜਨਮੀ ਯੋਗਿਤਾ ਬਾਲੀ ਨੇ ਆਪਣਾ ਫ਼ਿਲਮੀ ਸਫ਼ਰ 1971 ਵਿਚ ਫ਼ਿਲਮ 'ਪਰਵਾਨਾ' ਤੋਂ ਸ਼ੁਰੂ ਕੀਤਾ ਸੀ ਅਤੇ ਸਹਾਇਕ ਭੂਮਿਕਾਵਾਂ ਵਿਚ ਉਨ੍ਹਾਂ ਨੂੰ  ਕਾਫ਼ੀ ਪਸੰਦ ਕੀਤਾ ਗਿਆ ਸੀ, ਜਿਸ ਤੋਂ ਉਸ ਦੀ ਪ੍ਰਤਿਭਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ | ਉਨ੍ਹਾਂ ਨੇ 70 ਤੋਂ ਜ਼ਿਆਦਾ ਫ਼ਿਲਮਾਂ ਵਿਚ ਕੰਮ ਕੀਤਾ | ਬਤੌਰ ਅਦਾਕਾਰਾ ਉਨ੍ਹਾਂ ਦੀ ਆਖ਼ਰੀ ਫ਼ਿਲਮ 'ਆਖਿਰੀ ਬਦਲਾ' ਸੀ, ਜੋ 1989 ਵਿਚ ਆਈ ਸੀ | ਫਿਰ ਲੰਮੇ ਵਕਫ਼ੇ ਬਾਅਦ ਉਨ੍ਹਾਂ ਨੇ 2013 ਵਿਚ ਬਤੌਰ ਨਿਰਮਾਤਾ ਫ਼ਿਲਮ 'ਐਨਿਮੀ' ਬਣਾਈ | ਉਂਝ ਯੋਗਿਤਾ ਬਾਲੀ ਇਸ ਵਜ੍ਹਾ ਕਰਕੇ ਵੀ ਬਾਲੀਵੁੱਡ ਵਿਚ ਕੋਈ ਖ਼ਾਸ ਥਾਂ ਨਹੀਂ ਬਣਾ ਸਕੀ, ਕਿਉਂਕਿ ਉਨ੍ਹਾਂ ਦੀਆਂ ਰਾਮਕਾਲੀ ਵਹੀਦਾ ਰਹਿਮਾਨ, ਰਾਖੀ, ਮੁਮਤਾਜ, ਸ਼ਰਮੀਲਾ ਟੈਗੋਰ, ਹੇਮਾ ਮਾਲਨੀ, ਰੇਖਾ, ਜਯਾ ਬੱਚਨ, ਜ਼ੀਨਤ ਅਮਾਨ ਵਰਗੀਆਂ ਅਦਾਕਾਰਾ ਸਨ | 'ਦਿਲਦਾਰ', 'ਬੀਵੀ ਓ ਬੀਵੀ', 'ਪਰਵਾਨਾ' ਆਦਿ ਯੋਗਿਤਾ ਬਾਲੀ ਦੀਆਂ ਚਰਚਿਤ ਫ਼ਿਲਮਾਂ ਹਨ |
ਯੋਗਿਤਾ ਬਾਲੀ ਦੇ ਦੋ ਵਿਆਹਾਂ ਨੇ ਵੀ ਉਨ੍ਹਾਂ ਦੇ ਫ਼ਿਲਮੀ ਕਰੀਅਰ ਨੂੰ  ਪ੍ਰਭਾਵਿਤ ਕੀਤਾ, ਜਿਨ੍ਹਾਂ ਵਿਚੋਂ ਪਹਿਲੀ ਸ਼ਾਦੀ ਅਸਫ਼ਲ ਅਤੇ ਦੂਜੀ ਵੀ ਅਸਫ਼ਲ ਰਹੀ | ਇਕ ਰਿਕਾਰਡਿੰਗ ਸਟੂਡੀਓ ਵਿਚ ਜਦੋਂ ਯੋਗਿਤਾ ਬਾਲੀ ਦੀ ਗਾਇਕ ਕਿਸ਼ੋਰ ਕੁਮਾਰ ਨਾਲ ਮੁਲਾਕਾਤ ਹੋਈ ਤਾਂ ਉਹ ਉਨ੍ਹਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ | ਦੋਵਾਂ ਨੇ 1976 ਵਿਚ ਵਿਆਹ ਕਰ ਲਿਆ | ਪਰ ਇਹ ਵਿਆਹ ਸਿਰਫ਼ ਦੋ ਸਾਲ ਤੱਕ ਹੀ ਚਲ ਸਕਿਆ | ਬਾਅਦ ਵਿਚ ਕਿਸ਼ੋਰ ਕੁਮਾਰ ਨੇ ਇਸ ਵਿਆਹ ਨੂੰ  'ਜੋਕ' ਕਿਹਾ ਅਤੇ ਇਸ ਦੇ ਟੁੱਟਣ ਕਾਰਨ ਯੋਗਿਤਾ ਬਾਲੀ ਵਿਚ ਗੰਭੀਰਤਾ ਦੀ ਘਾਟ, ਉਸ ਦਾ ਆਪਣੀ ਮਾਂ ਨਾਲ ਜ਼ਿਆਦਾ ਲਗਾਅ ਅਤੇ ਐਕਟਰ ਮਿûਨ ਚੱਕਰਵਰਤੀ ਨਾਲ ਉਨ੍ਹਾਂ ਦਾ ਰੋਮਾਂਟਿਕ ਸੰਬੰਧ ਦੱਸਿਆ | 1978 ਵਿਚ ਤਲਾਕ ਹੋਣ ਤੋਂ ਬਾਅਦ ਯੋਗਿਤਾ ਬਾਲੀ ਨੇ 1979 ਵਿਚ ਮਿûਨ ਚੱਕਰਵਰਤੀ ਨਾਲ ਵਿਆਹ ਕਰ ਲਿਆ ਅਤੇ ਇਸ ਵਿਆਹ ਤੋਂ ਉਨ੍ਹਾਂ ਦੇ ਚਾਰ ਬੱਚੇ ਹਨ, ਤਿੰਨ ਮੁੰਡੇ ਅਤੇ ਇਕ ਗੋਦ ਲਈ ਹੋਈ ਕੁੜੀ | ਕਿਸ਼ੋਰ ਕੁਮਾਰ ਇਸ ਵਿਆਹ ਤੋਂ ਏਨੇ ਨਾਰਾਜ਼ ਸਨ ਕਿ ਕੁਝ ਸਮੇਂ ਲਈ ਉਨ੍ਹਾਂ ਨੇ ਮਿûਨ ਚੱਕਰਵਰਤੀ ਲਈ ਗਾਣਾ ਛੱਡ ਦਿੱਤਾ ਸੀ |

ਪਿਛਲੀ ਖ਼ਬਰ ਆਧੁਨਿਕ ਦੌਰ ਦਾ ਸੂਫ਼ੀਆਨਾ ਰੰਗ ਤੇ ਮਾਲਵੇ ਦੀ ਭਾਸ਼ਾਈ ਅਮੀਰੀ ਦਾ ਪ੍ਰਤੀਕ-ਅਰਜਨ ਢਿੱਲੋਂ ਅਗਲੀ ਖ਼ਬਰ ਫ਼ਿਲਮ 'ਚੌਹਾਨ' ਨੂੰ ਲੈ ਕੇ ਵਿਵਾਦਾਂ ਵਿਚ ਹੈ ਜ਼ੀਸ਼ਾਨ ਅਯੂਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।