19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਮੰਨਾ ਡੇ ਦਾ ਮਹਾਨ ਗਾਇਕ ਬਣਨ ਦਾ ਸਫ਼ਰ

ਮੰਨਾ ਡੇ ਦਾ ਮਹਾਨ ਗਾਇਕ ਬਣਨ ਦਾ ਸਫ਼ਰ

ਅਜੀਤ ਡੈਸਕ 19-08-2026

 ਮੰਨਾ ਡੇ ਸਭ ਪਿੱਠਵਰਤੀ ਗਾਇਕਾਂ ਵਿਚੋਂ ਆਪਣੇ ਤੋਂ ਬਿਹਤਰ ਸਿਰਫ਼ ਮੁਹੰਮਦ ਰਫ਼ੀ ਨੂੰ  ਮੰਨਦੇ ਸਨ ਜਦ ਕਿ ਦੂਜੇ ਪਾਸੇ ਮੁਹੰਮਦ ਰਫ਼ੀ ਦਾ ਕਹਿਣਾ ਸੀ, 'ਦੁਨੀਆ ਮੈਨੂੰ ਸੁਣਦੀ ਹੈ ਅਤੇ ਮੈਂ ਮੰਨਾ ਡੇ ਨੂੰ  ਸੁਣਨਾ ਪਸੰਦ ਕਰਦਾ ਹਾਂ |' ਇਹ ਦੋ ਮਹਾਨ ਕਲਾਕਾਰਾਂ ਦਾ ਇਕ-ਦੂਜੇ ਨੂੰ  ਸਨਮਾਨ ਦੇਣ ਦਾ ਤਰੀਕਾ ਸੀ, ਜਿਨ੍ਹਾਂ ਨੇ ਇਕੱਠੇ ਮਿਲ ਕੇ 120 ਤੋਂ ਜ਼ਿਆਦਾ ਯੁਗਲ ਗੀਤ ਗਾਏ, ਜਿਨ੍ਹਾਂ ਵਿਚੋਂ ਜ਼ਿਆਦਾਤਰ ਅੱਜ ਵੀ ਹਰਮਨਪਿਆਰੇ ਹਨ ਅਤੇ ਸਰੋਤਿਆਂ ਵਲੋਂ ਅੱਜ ਵੀ ਬਹੁਤ ਚਾਅ ਨਾਲ ਸੁਣੇ ਜਾਂਦੇ ਹਨ | 

ਹਿੰਦੀ ਫ਼ਿਲਮਾਂ ਵਿਚ ਮੰਨਾ ਡੇ ਦਾ ਵਿਸ਼ੇਸ਼ ਯੋਗਦਾਨ ਇਹ ਹੈ ਕਿ ਉਨ੍ਹਾਂ ਨੇ ਸ਼ਾਸਤਰੀ ਸੰਗੀਤ ਦੇ ਤੱਤਾਂ ਦਾ ਹਰਮਨ ਪਿਆਰੀਆਂ ਧੁਨਾਂ ਨਾਲ ਬਹੁਤ ਸ਼ਾਨਦਾਰ ਤੇ ਪ੍ਰਭਾਵੀ ਮਿਸ਼ਰਣ ਕੀਤਾ ਅਤੇ ਉਨ੍ਹਾਂ ਦੀ ਇਸ ਸ਼ੈਲੀ ਨੇ ਹਿੰਦੀ ਸਿਨੇਮਾ ਦੇ ਸੁਨਹਿਰੇ ਯੁੱਗ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ | ਹਾਲਾਂਕਿ ਉਨ੍ਹਾਂ ਦੇ ਜ਼ਿਆਦਾਤਰ ਗੀਤ ਬੰਗਾਲੀ ਤੇ ਹਿੰਦੀ ਵਿਚ ਸਨ, ਪਰ ਉਨ੍ਹਾਂ ਨੇ ਭਾਰਤ ਦੀਆਂ 15 ਭਾਸ਼ਾਵਾਂ ਵਿਚ ਗੀਤ ਗਾਏ, ਜਿਨ੍ਹਾਂ ਵਿਚ ਉਰਦੂ, ਭੋਜਪੁਰੀ, ਪੰਜਾਬੀ, ਅਸਮੀ, ਗੁਜਰਾਤੀ, ਕੰਨੜ, ਮਲਿਆਲਮ ਤੇ ਛੱਤੀਸਗੜ੍ਹ ਸ਼ਾਮਿਲ ਹਨ | 1950 ਦੇ ਅੱਧ ਤੋਂ 1970 ਦੇ ਦਹਾਕੇ ਤੱਕ ਉਨ੍ਹਾਂ ਦੀ ਪ੍ਰਸਿੱਧੀ ਸਿਖਰ 'ਤੇ ਰਹੀ | ਭਾਰਤੀ ਸੰਗੀਤ ਵਿਚ ਆਪਣੇ ਯੋਗਦਾਨ ਲਈ ਮੰਨਾ ਡੇ ਨੂੰ  ਅਨੇਕ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿਚ ਪਦਮਸ਼੍ਰੀ (1971), ਪਦਮ ਭੂਸ਼ਣ (2005) ਅਤੇ ਦਾਦਾ ਸਾਹਿਬ ਫਾਲਕੇ ਪੁਰਸਕਾਰ (2007) ਵਿਸ਼ੇਸ਼ ਰੂਪ ਨਾਲ ਸ਼ਾਮਿਲ ਹਨ | ਮੰਨਾ ਡੇ ਦਾ ਸੰਬੰਧ ਭਿੰਡੀ ਬਾਜ਼ਾਰ ਘਰਾਣੇ ਨਾਲ ਸੀ |
ਮੰਨਾ ਡੇ ਦਾ ਜਨਮ 1 ਮਈ, 1919 ਨੂੰ  ਕਲਕੱਤਾ (ਹੁਣ ਕੋਲਕਾਤਾ) ਦੇ ਇਕ ਬੰਗਾਲੀ ਪਰਿਵਾਰ ਵਿਚ ਪ੍ਰਬੋਧ ਚੰਦਰ ਡੇ ਦੇ ਰੂਪ ਵਿਚ ਮਹਾਮਾਇਆ ਤੇ ਪੂਰਨ ਚੰਦਰ ਡੇ ਦੇ ਘਰ ਹੋਇਆ ਸੀ | ਆਪਣੇ ਮਾਤਾ-ਪਿਤਾ ਤੋਂ ਇਲਾਵਾ ਉਹ ਆਪਣੇ ਸਭ ਤੋਂ ਛੋਟੇ ਚਾਚਾ ਸੰਗੀਤਾਚਾਰਿਆ ਕ੍ਰਿਸ਼ਨ ਚੰਦਰ ਡੇ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਤੇ ਪ੍ਰੇਰਿਤ ਸਨ | ਸ਼ੁਰੂਆਤੀ ਸਿੱਖਿਆ ਉਨ੍ਹਾਂ ਨੇ ਇਕ ਛੋਟੇ ਜਿਹੇ ਪ੍ਰਾਇਮਰੀ ਸਕੂਲ ਇੰਦੂ ਬਾਬੁਰ ਪਾਠਸ਼ਾਲਾ ਤੋਂ ਹਾਸਿਲ ਕੀਤੀ | ਉਹ 10 ਸਾਲ ਦੀ ਉਮਰ ਵਿਚ ਹੀ ਸਟੇਜ ਸ਼ੋਅ ਕਰਨ ਲੱਗੇ ਸਨ | ਜਦੋਂ ਉਹ ਸਕਾਟਿਸ਼ ਚਰਚ ਕਾਲਜ ਵਿਚ ਸਨ ਤਾਂ ਉਹ ਗੋਬਰ ਗੁਹਾ ਤੋਂ ਟ੍ਰੇਨਿੰਗ ਲੈ ਕੇ ਕੁਸ਼ਤੀ ਤੇ ਮੁੱਕੇਬਾਜ਼ੀ ਵਿਚ ਹਿੱਸਾ ਲਿਆ ਕਰਦੇ ਸਨ ਅਤੇ ਉਨ੍ਹਾਂ ਦਾ ਇਰਾਦਾ ਵੀ ਇਨ੍ਹਾਂ ਖੇਡਾਂ ਵਿਚ ਆਪਣਾ ਕਰੀਅਰ ਬਣਾਉਣ ਦਾ ਸੀ | ਪਰ ਵਿਦਿਆਸਾਗਰ ਕਾਲਜ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਲੈਣ ਦੌਰਾਨ ਉਨ੍ਹਾਂ ਦਾ ਰੁਝਾਨ ਸੰਗੀਤ ਵੱਲ ਜ਼ਿਆਦਾ ਹੋ ਗਿਆ ਅਤੇ ਉਸਤਾਦ ਦਬੀਰ ਖਾਨ ਤੋਂ ਸਿੱਖਿਆ ਲੈਂਦੇ ਹੋਏ ਉਨ੍ਹਾਂ ਨੇ ਲਗਾਤਾਰ ਤਿੰਨ ਸਾਲ ਤੱਕ ਸੰਗੀਤ ਦੀਆਂ ਤਿੰਨ ਵੱਖ-ਵੱਖ ਸ਼੍ਰੇਣੀਆਂ ਵਿਚ ਅੰਤਰ-ਯੂਨੀਵਰਸਿਟੀ ਪ੍ਰਤੀਯੋਗਤਾਵਾਂ ਵਿਚੋਂ ਪਹਿਲਾ ਪੁਰਸਕਾਰ ਜਿੱਤਿਆ | ਇਸ ਸਫਲਤਾ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਦਾ ਰੁਝਾਨ ਸੰਗੀਤ ਵੱਲ ਜ਼ਿਆਦਾ ਹੋ ਗਿਆ ਅਤੇ ਆਪਣੇ ਚਾਚਾ ਕ੍ਰਿਸ਼ਣ ਚੰਦਰ ਡੇ ਦੇ ਕਹਿਣ 'ਤੇ ਉਨ੍ਹਾਂ ਆਪਣਾ ਸਟੇਜ ਨਾਂਅ ਮੰਨਾ ਡੇ ਰੱਖਿਆ |
ਕ੍ਰਿਸ਼ਨ ਚੰਦਰ ਡੇ ਫ਼ਿਲਮਾਂ ਵਿਚ ਸੰਗੀਤ ਨਿਰਦੇਸ਼ਕ ਸਨ | ਉਨ੍ਹਾਂ ਨੇ ਹੀ ਮੰਨਾ ਡੇ ਨੂੰ  ਗਾਉਣ ਦਾ ਪਹਿਲਾ ਮੌਕਾ  ਦਿੱਤਾ | ਫ਼ਿਲਮ 'ਤਮੰਨਾ' 1942 ਵਿਚ - ਸੁਰੱਈਆ ਨਾਲ ਯੁਗਲ ਗੀਤ 'ਜਾਗੋ ਆਈ ਊਸ਼ਾ, ਪੰਛੀ ਬੋਲੇ ਜਾਗੋ' | ਇਹ ਗੀਤ ਹਿਟ ਰਿਹਾ ਅਤੇ ਮੰਨਾ ਡੇ ਆਪਣੀ ਗਾਇਕੀ ਵਿਚ ਹੋਰ ਸੁਧਾਰ ਲਈ ਉਸਤਾਦ ਅਮਨ ਅਲੀ ਖਾਨ ਤੋਂ ਸਿੱਖਿਆ ਲੈਣ ਲੱਗੇ | ਉਨ੍ਹਾਂ ਦੀ ਗਾਇਕੀ ਵਿਚ ਏਨਾ ਨਿਖਾਰ ਆਇਆ ਕਿ ਫਿਰ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ | ਮੰਨਾ ਡੇ ਦਾ ਪਹਿਲਾ ਸੋਲੋ ਗੀਤ ਫ਼ਿਲਮ 'ਰਾਮ ਰਾਜਯ' (1943), 'ਗਈ ਤੂ ਗਈ ਸੀਤਾ ਸਤੀ' ਸੀ ਅਤੇ ਇਸ ਦੀ ਸਫਲਤਾ ਦੇ ਚਲਦਿਆਂ ਉਹ ਭਗਤੀ ਗੀਤਾਂ ਲਈ ਸੰਗੀਤਕਾਰਾਂ ਦੀ ਪਹਿਲੀ ਪਸੰਦ ਬਣ ਗਏ | ਇਹ ਗੀਤ ਇਕਮਾਤਰ ਫ਼ਿਲਮੀ ਗੀਤ ਸੀ, ਜਿਸ ਨੂੰ  ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਵੀ ਸੁਣਿਆ |
ਮੰਨਾ ਡੇ ਨੇ ਦਸੰਬਰ, 1953 ਵਿਚ ਕੰਨੂਰ, ਕੇਰਲਮ ਦੀ ਸੁਲੋਚਨਾ ਕੁਮਾਰਨ ਨਾਲ ਵਿਆਹ ਕੀਤਾ | ਉਨ੍ਹਾਂ ਦੇ ਦੋ ਬੇਟੀਆਂ ਹੋਈਆਂ—ਸ਼ੁਰੋਮਾ ਹੇਰੇਕਰ ਜੋ ਅਮਰੀਕਾ ਵਿਚ ਵਿਗਿਆਨਕ ਰਹੀ ਅਤੇ ਸ਼ੁਮਿਤਾ ਦੇਵ ਜੋ ਬੈਂਗਲੁਰੂ ਵਿਚ ਕਾਰੋਬਾਰੀ ਔਰਤ ਹੈ | ਸੁਲੋਚਨਾ ਦਾ ਜਨਵਰੀ 2012 ਵਿਚ ਬੈਂਗਲੁਰੂ ਵਿਚ ਮੌਤ ਹੋ ਗਈ | ਉਹ ਕੁਝ ਸਮੇਂ ਤੋਂ ਕੈਂਸਰ ਤੋਂ ਪੀੜਤ ਸੀ | ਆਪਣੀ ਪਤਨੀ ਦੀ ਮੌਤ ਤੋਂ ਬਾਅਦ ਮੰਨਾ ਡੇ ਮੁੰਬਈ ਵਿਚ ਪੰਜ ਤੋਂ ਜ਼ਿਆਦਾ ਦਹਾਕੇ ਬਿਤਾਉਣ ਤੋਂ ਬਾਅਦ ਬੈਂਗਲੁਰੂ ਦੇ ਕਲਿਆਣ ਨਗਰ ਵਿਚ ਰਹਿਣ ਲੱਗੇ | ਪਤਨੀ ਦੀ ਮੌਤ ਤੋਂ ਬਾਅਦ ਮੰਨਾ ਡੇ ਵੀ ਜ਼ਿਆਦਾ ਦਿਨਾਂ ਤੱਕ ਜ਼ਿੰਦਾ ਨਾ ਰਹਿ ਸਕੇ ਅਤੇ 24 ਅਕਤੂਬਰ, 2013 ਨੂੰ  ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਬੈਂਗਲੁਰੂ ਵਿਚ ਹੋ ਗਈ | ਉਹ 94 ਸਾਲ ਦੇ ਸਨ |

ਪਿਛਲੀ ਖ਼ਬਰ ਹਾਸਰਸ ਦਾ ਉਸਤਾਦ ਅਦਾਕਾਰ ਸੀ ਮਹਿਮੂਦ ਅਗਲੀ ਖ਼ਬਰ Ajit News @ 9:00 pm, 18-08-2026 Ajit Web Tv - FASTag ਨੂੰ ਲੈ ਕੇ ਵੱਡੀ ਖ਼ਬਰ, 121 Toll Plazas ’ਤੇ ਆਨਲਾਈਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।