ਸ਼ੇਮਾਰੂ ਉਮੰਗ ਦੇ ਨਵੇਂ ਸ਼ੋਅ 'ਬੜੀ ਹਵੇਲੀ ਕੀ ਛੋਟੀ ਠਕੁਰਾਈਨ' ਦੀ ਵੱਡੀ ਠਕੁਰਾਈਨ ਚਮਕੀਲੀ ਉਰਫ਼ ਇਸ਼ਿਤਾ ਗਾਂਗੁਲੀ ਨੇ ਵੈਂਪ ਦੇ ਕਿਰਦਾਰ ਵਿਚ ਹਰ ਕਿਸੇ ਨੂੰ ਪ੍ਰਭਾਵਿਤ ਕੀਤਾ ਹੈ। ਬੇਸ਼ੱਕ ਉਸ ਦਾ ਕਿਰਦਾਰ ਨਾਂਹ-ਪੱਖੀ ਸੀ ਪਰ ਉਸ ਕਿਰਦਾਰ ਦੀ ਆਪਣੀ ਇਕ ਯਾਤਰਾ ਅਤੇ ਸੰਘਰਸ਼ ਰਿਹਾ।
ਇਸ਼ਿਤਾ ਵਲੋਂ ਨਿਭਾਇਆ ਗਿਆ ਇਹ ਕਿਰਦਾਰ ਉਸ ਦੀ ਅਸਲ ਜ਼ਿੰਦਗੀ ਤੋਂ ਇਕਦਮ ਵੱਖਰਾ ਹੈ। ਆਪਣੀ ਨਿੱਜੀ ਜ਼ਿੰਦਗੀ ਵਿਚ ਸਭ ਨੂੰ ਨਾਲ ਲੈ ਕੇ ਚੱਲਣ ਵਾਲੀ ਸਿੱਧੀ-ਸ਼ਾਂਤ ਸੁਭਾਅ ਦੀ ਕੁੜੀ ਇਸ਼ਿਤਾ, ਤੜਕ-ਭੜਕ ਵਾਲੀ ਤੇਜ਼-ਤਰਾਰ ਚਮਕ-ਦਮਕ ਵਾਲੇ ਕਿਰਦਾਰ ਤੋਂ ਬਿਲਕੁਲ ਵੱਖਰੀ ਹੈ। ਕੋਲਕਾਤਾ ਦੇ ਇਕ ਮੱਧਵਰਗੀ ਪਰਿਵਾਰ ਨਾਲ ਸੰਬੰਧ ਰੱਖਣ ਵਾਲੀ ਇਸ਼ਿਤਾ ਗਾਂਗੁਲੀ ਪਾਪਾ ਦੇ ਸੁਪਨੇ ਨੂੰ ਪੂਰਾ ਕਰਨ ਲਈ ਡਾਕਟਰ ਬਣਨਾ ਚਾਹੁੰਦੀ ਸੀ ਪਰ ਇਸ਼ਿਤਾ ਦਾ ਝੁਕਾਅ ਬਚਪਨ ਤੋਂ ਡਾਂਸ, ਸੰਗੀਤ ਅਤੇ ਐਕਟਿੰਗ ਵੱਲ ਕਿਤੇ ਜ਼ਿਆਦਾ ਸੀ। ਕੋਲਕਾਤਾ ਦੇ ਅੰਨਪੂਰਨਾ ਗਰਲਜ਼ ਹਾਈ ਸਕੂਲ ਤੋਂ ਆਪਣੀ ਸਕੂਲੀ ਸਿੱਖਿਆ ਪੂਰੀ ਕਰਨ ਵਾਲੀ ਇਸ਼ਿਤਾ ਨੇ 13 ਸਾਲ ਦੀ ਉਮਰ ਵਿਚ ਬੰਗਾਲੀ ਟੈਲੀਵਿਜ਼ਨ ਤੋਂ ਇਕ ਬਾਲ ਕਲਾਕਾਰ ਦੇ ਰੂਪ ਵਿਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਦੀ ਪਹਿਲੀ ਟੈਲੀਵਿਜ਼ਨ ਲੜੀ 'ਸ੍ਰੀਮਤੀ ਸਿਨਹਾ ਰਾਏ' ਸੀ। ਇਸ ਤੋਂ ਬਾਅਦ ਉਸ ਨੇ 'ਅੰਨਪੂਰਨਾ' ਅਤੇ 'ਭਾਸ਼ਾ' ਵਰਗੇ ਕਈ ਬੰਗਾਲੀ ਲੜੀਵਾਰਾਂ ਵਿਚ ਬਤੌਰ ਬਾਲ ਕਲਾਕਾਰ ਕੰਮ ਕੀਤਾ। ਕੋਲਕਾਤਾ ਵਿਚ ਰਹਿੰਦੇ ਹੋਏ ਇਸ਼ਿਤਾ ਨੇ ਕੁਝ ਲਘੂ ਫ਼ਿਲਮਾਂ ਵਿਚ ਵੀ ਕੰਮ ਕੀਤਾ ਸੀ। ਪਰ ਇਸ਼ਿਤਾ ਦੇ ਮਨ ਵਿਚ ਹਮੇਸ਼ਾ ਤੋਂ ਮੁੰਬਈ ਆਉਣ ਦਾ ਸੁਪਨਾ ਅਤੇ ਇਰਾਦਾ ਸੀ। ਜਦੋਂ ਪਾਪਾ ਦੇ ਸੁਪਨੇ ਨੂੰ ਛੱਡ ਕੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਉਹ ਮੁੰਬਈ ਪਹੁੰਚੀ ਤਾਂ ਮਨ ਵਿਚ ਏਨਾ ਜ਼ਿਆਦਾ ਉਤਾਵਲਾਪਨ ਸੀ ਕਿ 2 ਦਿਨ ਵਿਚ ਉਸ ਨੇ 25 ਆਡੀਸ਼ਨ ਦੇ ਦਿੱਤੇ। ਇਸ ਤਰ੍ਹਾਂ ਕਲਰਜ਼ ਟੀ.ਵੀ. ਦੇ ਲੜੀਵਾਰ 'ਸ਼ਾਸਤਰੀ ਸਿਟਰਜ਼' ਲਈ ਉਸ ਦੀ ਚੋਣ ਹੋਈ। 'ਸ਼ਾਸਤਰੀ ਸਿਸਟਰਜ਼' (2014) ਵਿਚ ਇਸ਼ਿਤਾ ਗਾਂਗੁਲੀ ਨੇ ਅਨੁਸ਼ਕਾ ਸ਼ਾਸਤਰੀ ਦੀ ਭੂਮਿਕਾ ਨਿਭਾ ਕੇ ਹਿੰਦੀ ਟੈਲੀਵਿਜ਼ਨ ਵਿਚ ਕਦਮ ਰੱਖਿਆ ਸੀ। ਇਸ ਕਿਰਦਾਰ ਨੇ ਉਸ ਨੂੰ ਕਾਫ਼ੀ ਪ੍ਰਸਿੱਧੀ ਦਵਾਈ। ਉਸ ਤੋਂ ਬਾਅਦ ਇਸ਼ਿਤਾ ਸਟਾਰ ਪਲੱਸ ਦੇ ਸ਼ੋਅ 'ਤੂ ਮੇਰਾ ਹੀਰੋ' (2015) ਦੇ ਕੈਮਿਓ ਵਿਚ ਨਜ਼ਰ ਆਈ ਸੀ। ਐਂਡ ਟੀ.ਵੀ. ਦੇ ਡਰਾਉਣੇ ਸ਼ੋਅ 'ਡਰ ਸਬਕੋ ਲਗਤਾ ਹੈ', ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੇ ਲੜੀਵਾਰ 'ਵਿਘਨਹਰਤਾ ਗਣੇਸ਼' (2020) ਵਿਚ ਮਾਨਸਦੇਵੀ, ਸਟਾਰ ਭਾਰਤ ਦੇ ਸ਼ੋਅ 'ਜਗਜਨਨੀ ਮਾਂ ਵੈਸ਼ਣੋ ਦੇਵੀ' ਵਿਚ ਮਾਂ ਵੈਸ਼ਣੋ ਦੇਵੀ ਦਾ ਕਿਰਦਾਰ ਨਿਭਾ ਕੇ ਉਸ ਨੇ ਦਰਸ਼ਕਾਂ 'ਤੇ ਡੂੰਘਾ ਅਸਰ ਛੱਡਿਆ। ਉਸ ਨੇ ਸਾਲ 2023-24 ਤੱਕ, ਦੰਗਲ ਟੀ.ਵੀ. ਦੇ 'ਨਥ' ਵਿਚ ਗੋਪਾਲਾ ਦੀ ਭੂਮਿਕਾ ਨਿਭਾਈ। ਆਪਣੀ ਊਰਜਾ ਅਤੇ ਸਮਰਪਣ ਭਾਵਨਾ ਲਈ ਪਛਾਣੀ ਜਾਣ ਵਾਲੀ ਇਸ਼ਿਤਾ ਨੇ ਆਪਣੇ ਕਰੀਅਰ ਵਿਚ ਡਰਾਮਾ, ਡਰਾਉਣੇ ਸ਼ੋਅ, ਪੌਰਾਣਿਕ ਸਭ ਤਰ੍ਹਾਂ ਦੇ ਕਿਰਦਾਰ ਬਾਖ਼ੂਬੀ ਕੰਮ ਕੀਤਾ।
ਹਰ ਤਰ੍ਹਾਂ ਦੇ ਕਿਰਦਾਰ ਲਈ ਫਿੱਟ ਹੈ ਇਸ਼ਿਤਾ ਗਾਂਗੁਲੀ
ਹਰ ਤਰ੍ਹਾਂ ਦੇ ਕਿਰਦਾਰ ਲਈ ਫਿੱਟ ਹੈ ਇਸ਼ਿਤਾ ਗਾਂਗੁਲੀ
ਅਜੀਤ ਡੈਸਕ
05-08-2026