ਐਨ ਕਾਰਸਨ ਨੂੰ ਮਿਲਿਆ ਸਾਹਿਤ ਦਾ ਨੋਬਲ ਪੁਰਸਕਾਰ

ਤੂੰ ਬਹੁਤ ਜ਼ਿਆਦਾ ਯਾਦ ਰੱਖਦੀ ਏਾ,
ਹਾਲ ਹੀ 'ਚ ਮੇਰੀ ਮਾਂ ਨੇ ਕਿਹਾ,
ਏਨਾ ਯਾਦ ਰੱਖਣ ਦੀ ਲੋੜ ਕੀ ਹੈ?
ਤੇ ਮੈਂ ਕਿਹਾ
ਇਸ ਨੂੰ ਮੈਂ ਕਿੱਥੇ ਉਤਾਰ ਸੁੱਟਾਂ?
ਇਹ ਸਤਰਾਂ ਹਨ ਐਨ ਪੈਟਰੀਸੀਆ ਕਾਰਸਨ ਦੀ ਲੰਬੀ ਕਵਿਤਾ 'ਦ ਗਲਾਸ ਐਸੇ' ਦੀਆਂ, ਜੋ ਉਸ ਦੇ 1995 ਦੇ ਸੰਗ੍ਰਹਿ 'ਗਲਾਸ, ਆਇਰਨੀ ਐਂਡ ਗਾਡ' ਵਿਚ ਪ੍ਰਕਾਸ਼ਿਤ ਹੋਈ ਸੀ | ਇਹੀ ਉਸ ਦੇ ਕਾਰਜ ਦਾ ਪ੍ਰਵੇਸ਼ ਬਿੰਦੂ ਹੈ, ਜਿਸ ਲਈ ਉਸ ਨੂੰ ਸਾਲ 2026 ਦੇ ਸਾਹਿਤ ਦੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਕਵਿਤਾ ਦੀ ਨਾਇਕਾ ਅਸਫਲ ਪ੍ਰੇਮ ਤੋਂ ਬਾਅਦ ਯਾਦਾਂ ਤੇ ਇੱਛਾਵਾਂ ਦੇ ਬੋਝ ਦੀ ਸਮੀਖਿਆ ਕਰਦੀ ਹੈ ਅਤੇ ਉਹ ਨਿਯਮਿਤ ਤੌਰ 'ਤੇ ਐਮਿਲੀ ਬੈਰੋਂਟੇ 'ਤੇ ਵਿਚਾਰ ਕਰਦੀ ਹੈ, ਜਿਸ ਦੇ ਕਲਾਸਿਕ ਨਾਵਲ 'ਵੁਦਰਿੰਗ ਹਾਈਟਸ' ਵਿਚ ਵਿਘਨਕਾਰੀ ਤੇ ਭਾਵੁਕ ਪਿਆਰ ਦਾ ਡੂੰਘਾ ਸਾਹਿਤਕ ਚਿਤਰਨ ਹੈ | ਇਹ ਕਵਿਤਾ ਕਾਰਸਨ ਦੇ ਅਨੇਕਾਂ ਪਸੰਦੀਦਾ ਵਿਸ਼ਿਆਂ ਨੂੰ ਇਕ ਹੀ ਰਚਨਾ ਵਿਚ ਸਮੇਟ ਦਿੰਦੀ ਹੈ | ਕਾਰਸਨ ਨੇ ਨਿਰੰਤਰਤਾ ਦੇ ਨਾਲ ਇੱਛਾ, ਤਿਆਗ ਤੇ ਈਰਖਾ 'ਤੇ ਲਿਖਿਆ ਹੈ ਤੇ ਉਹ ਅਕਸਰ ਹੋਰ ਪ੍ਰਸਿੱਧ ਕਵੀਆਂ ਤੇ ਲੇਖਕਾਂ ਦਾ ਪ੍ਰਯੋਗ ਭਾਵਨਾਤਮਕ ਪ੍ਰਭਾਵਾਂ ਅਤੇ ਆਪਣੇ ਵਿਚਾਰਾਂ ਨੂੰ ਇਤਿਹਾਸਕ ਸੰਦਰਭ ਦੇਣ ਲਈ ਕਰਦੀ ਸੀ |
ਕੈਨੇਡਾ ਦੇ ਸ਼ਹਿਰ ਟੋਰਾਂਟੋ 'ਚ ਜੰਮੀ ਕਾਰਸਨ ਕਿਸ਼ੋਰ ਉਮਰ ਵਿਚ ਹੀ ਪ੍ਰਾਚੀਨ ਯੂਨਾਨੀ ਮਿੱਥਕਾਂ ਪ੍ਰਤੀ ਉਤਸ਼ਾਹਿਤ ਹੋ ਗਈ ਸੀ | ਉਸ ਨੇ ਉਂਟਾਰੀਓ ਦੇ ਸ਼ਾਪਿੰਗ ਮਾਲ ਵਿਚ ਵਿਲਿਸ ਬਾਰਨਸਟੋਨ ਵਲੋਂ ਅਨੁਵਾਦਿਤ 'ਸੈਫੋ' ਦੀਆਂ ਕਵਿਤਾਵਾਂ ਦੇਖੀਆਂ, ਜੋ ਦੋ ਭਾਸ਼ਾਵਾਂ 'ਚ ਸਨ | ਇਸ ਤੋਂ ਪ੍ਰੇਰਿਤ ਹੋ ਕੇ ਉਸ ਨੇ ਆਪਣੀ ਹਾਈ ਸਕੂਲ ਦੀ ਲਤੀਨੀ ਅਧਿਆਪਕਾ ਤੋਂ ਪ੍ਰਾਚੀਨ ਯੂਨਾਨੀ ਭਾਸ਼ਾ ਪੜ੍ਹਨ ਲਈ ਕਿਹਾ | ਜਦੋਂ ਇਹ ਨੀਂਹ ਰੱਖੀ ਗਈ ਤਾਂ ਉਸ ਨੇ ਆਪਣਾ ਖੋਜ ਪ੍ਰਬੰਧਨ ਪ੍ਰਾਚੀਨ ਯੂਨਾਨੀ ਸਾਹਿਤ ਵਿਚ ਲਿਖਿਆ, ਜਿਸ ਦਾ ਸਿਰਲੇਖ ਹੈ 'ਓਡੀ ਐਟ ਐਮੋ ਐਰਗੋ ਸਮ' (ਮੈਂ ਨਫ਼ਰਤ ਕਰਦੀ ਹਾਂ ਤੇ ਮੈਂ ਪ੍ਰੇਮ ਕਰਦੀ ਹਾਂ, ਇਸ ਲਈ ਮੈਂ ਹਾਂ) | ਕਾਰਸਨ ਦੀ ਆਲੋਚਨਾ 'ਤੇ ਪਹਿਲੀ ਪੁਸਤਕ 'ਇਰੋਸ ਦ ਬਿਟਰਸਵੀਟ' 1986 'ਚ ਪ੍ਰਕਾਸ਼ਿਤ ਹੋਈ ਸੀ | ਇਸ ਨੇ ਹੀ ਉਸ ਦੇ ਨਜ਼ਰੀਏ ਦੀ ਬੁਨਿਆਦ ਰੱਖੀ | ਉਸ ਨੇ ਪ੍ਰਾਚੀਨ ਯੂਨਾਨੀ ਲੇਖਕਾਂ ਜਿਵੇਂ ਸੈਫੋ ਤੇ ਪਲੈਟੋ ਦੀ ਸਮੀਖਿਆ ਕੀਤੀ ਕਿ ਇੱਛਾ ਜੋ ਪ੍ਰੇਮੀ ਤੇ ਪ੍ਰੇਮਿਕਾ ਵਿਚਾਲੇ ਡੋਲਦੀ ਹੈ, ਕਿਵੇਂ ਭਾਵਨਾਤਮਕ ਤਣਾਅ ਪੈਦਾ ਕਰਦੀ ਹੈ | ਇਸ ਕਿਤਾਬ ਦਾ ਸੁਝਾਅ ਹੈ ਕਿ ਚਾਹਤ ਦਾ ਦਰਦ ਪ੍ਰੇਮ ਤੋਂ ਵੱਖਰਾ ਨਹੀਂ ਹੈ, ਇਹ ਉਨ੍ਹਾਂ ਚੀਜ਼ਾਂ 'ਚੋਂ ਹੈ, ਜਿਨ੍ਹਾਂ ਤੋਂ ਇੱਛਾ ਸ਼ਕਤੀਸ਼ਾਲੀ ਬਣਦੀ ਹੈ |
ਕਿਉਂਕਿ 'ਇਰੋਸ' ਦ ਬਿਟਰਸਵੀਟ' ਯੂਨਾਨੀ ਕਵਿਤਾ, ਦਰਸ਼ਨ, ਸਾਹਿਤਕ ਆਲੋਚਨਾ ਅਤੇ ਨਿੱਜੀ ਵਿਆਖਿਆ ਵਿਚਕਾਰ ਘੁੰਮਦੀ ਰਹਿੰਦੀ ਹੈ, ਇਸ ਲਈ ਰਵਾਇਤੀ ਨਜ਼ਰੀਏ ਤੋਂ ਇਹ ਆਸਾਨ ਕਿਤਾਬ ਨਹੀਂ ਹੈ | ਜੇ ਤੁਸੀਂ ਕਾਰਸਨ ਨੂੰ ਖੋਜਣਾ ਤੇ ਸਮਝਣਾ ਚਾਹੁੰਦੇ ਹੋ ਤਾਂ 1998 'ਚ ਪ੍ਰਕਾਸ਼ਿਤ ਉਸ ਦੇ ਕਾਵਿਕ ਨਾਵਲ 'ਆਟੋਬਾਇਓਗ੍ਰਾਫੀ ਆਫ ਰੈੱਡ' ਤੋਂ ਸ਼ੁਰੂਆਤ ਕਰੋ | ਇਹ ਹਰਕੁਲਸ ਤੇ ਲਾਲ ਖੰਭਾਂ ਵਾਲੇ ਦੈਂਤ ਗੈਰੀਓਨ ਦੇ ਪ੍ਰਾਚੀਨ ਯੂਨਾਨੀ ਮਿੱਥ ਤੋਂ ਪ੍ਰੇਰਿਤ ਹੈ | ਗੈਰੀਓਨ ਦੀ ਹੱਤਿਆ ਹੀਰੋ ਨੇ ਆਪਣੇ 12 ਵਿਸ਼ਾਲ ਟਾਸਕਾਂ (ਕਾਰਜ) 'ਚੋਂ ਦਸਵੇਂ ਟਾਸਕ ਦੇ ਰੂਪ 'ਚ ਕੀਤੀ ਸੀ | ਹਾਲਾਂਕਿ ਯੂਨਾਨੀ ਕਥਾਵਾਂ ਵਿਚ ਗੈਰੀਓਨ ਇਕ ਮਾਮੂਲੀ ਪਾਤਰ ਹੈ, ਪਰ ਕਾਰਸਨ ਦੀ ਕਿਤਾਬ 'ਚ ਉਸ ਨੂੰ ਹਰਕੁਲਸ ਦਾ ਪ੍ਰੇਮੀ ਬਣਾ ਦਿੱਤਾ ਗਿਆ | ਉਹ ਇਸ ਮਿੱਥ ਨੂੰ ਇਕ ਆਧੁਨਿਕ ਸਤਰੰਗੀ ਕਥਾ ਵਜੋਂ ਦੁਬਾਰਾ ਕਲਪਨਾ ਕਰਦੀ ਹੈ, ਜਿਸ 'ਚ ਦੈਂਤ ਪ੍ਰੇਮ, ਈਰਖਾ ਅਤੇ ਦਿਲ ਟੁੱਟਣ ਦਾ ਅਨੁਭਵ ਕਰਦਾ ਹੈ | ਕਾਰਸਨ ਦੇ ਸ਼ਬਦਾਂ 'ਚ, 'ਅਸੀਂ ਸਾਰੇ ਜ਼ਿਆਦਾਤਰ ਸਮਾਂ ਖ਼ੁਦ ਨੂੰ ਦੈਂਤਾਂ ਵਾਂਗ ਹੀ ਮਹਿਸੂਸ ਕਰਦੇ ਹਾਂ |' ਇਸ ਦਿਲਚਸਪ ਤੇ ਪੜ੍ਹਨ 'ਚ ਆਸਾਨ ਕਿਤਾਬ ਦਾ ਅਨੰਦ ਲੈਣ ਲਈ ਪ੍ਰਾਚੀਨ ਯੂਨਾਨੀ ਕਥਾਵਾਂ ਦੇ ਡੂੰਘੇ ਗਿਆਨ ਦੀ ਲੋੜ ਵੀ ਨਹੀਂ ਹੈ |
ਕਾਰਸਨ ਨੂੰ ਪੜ੍ਹਨ ਦੀ ਕੁੰਜੀ ਇਹ ਹੈ ਕਿ ਹਰ ਸੰਪਰਕ ਨੂੰ ਸਪੱਸ਼ਟ ਹੋਣ ਲਈ ਤੁਰੰਤ ਉਮੀਦ ਨਾ ਰੱਖੋ | ਉਸ ਦੀਆਂ ਕਿਤਾਬਾਂ ਨਿਸਚਿਤਤਾ ਦੀ ਥਾਂ ਉਤਸੁਕਤਾ ਪੈਦਾ ਕਰਦੀਆਂ ਹਨ | ਉਹ ਆਪਣੀਆਂ ਕਿਤਾਬਾਂ 'ਚ ਗਿਆਨ ਦਾ ਸਮੁੰਦਰ ਭਰ ਦਿੰਦੀ ਹੈ, ਜਿਸ ਨਾਲ ਇਕ ਕਿਤਾਬ ਪੜ੍ਹਨ ਤੋਂ ਬਾਅਦ ਲਗਦਾ ਹੈ ਕਿ ਤੁਸੀਂ ਲਾਇਬ੍ਰੇਰੀ ਹੀ ਪੜ੍ਹ ਲਈ ਹੈ | ਉਦਾਹਰਨ ਵਜੋਂ, ਸਾਲ 2000 'ਚ ਪ੍ਰਕਾਸ਼ਿਤ 'ਮੈਨ ਇਨ ਦ ਆਫ ਆਰਸ' ਬੌਧਿਕ ਕਵਿਤਾਵਾਂ ਦਾ ਸੰਗ੍ਰਹਿ ਹੈ, ਜਿਸ 'ਚ ਕਾਰਸਨ ਆਧੁਨਿਕ ਦੀ ਪ੍ਰਾਚੀਨ ਨਾਲ ਟੱਕਰ ਕਰਾਉਂਦੀ ਹੈ | ਇਸ ਸੰਗ੍ਰਹਿ ਦੀਆਂ ਕਵਿਤਾਵਾਂ ਇਤਿਹਾਸ, ਮਿਥਿਹਾਸ ਤੇ ਆਮ ਜੀਵਨ ਨੂੰ ਇਕ ਲੜੀ ਵਿਚ ਪਰੋ ਦਿੰਦੀਆਂ ਹਨ, ਜਿਸ ਨਾਲ ਅਣਚਾਹੀਆਂ ਭਾਵਨਾਵਾਂ ਤੇ ਬੌਧਿਕ ਸੰਪਰਕਾਂ ਨੂੰ ਖੁੱਲ੍ਹ ਖੇਡਣ ਦਾ ਮੌਕਾ ਮਿਲਦਾ ਹੈ | ਇਸੇ ਤਰ੍ਹਾਂ ਸਾਲ 2019 'ਚ ਪ੍ਰਕਾਸ਼ਿਤ 'ਨੋਰਮਜ਼ਾਈਨ ਬੇਕਰ ਆਫ਼ ਟ੍ਰਾਏ' ਵਿਚ ਕਾਰਸਨ ਕਲਾਸੀਕਲ ਤੇ ਪੌਪ ਸੱਭਿਆਚਾਰ ਨੂੰ ਇਕੱਠਾ ਲਿਆਉਂਦੀ ਹੈ ਅਤੇ ਹੈਲਨ ਆਫ਼ ਟ੍ਰਾਏ ਦੀ ਕਹਾਣੀ ਨੂੰ ਨਵੇਂ ਸਿਰੇ ਤੋਂ ਸੋਚ ਕੇ ਉਸ ਨੂੰ ਮਰਲਿਨ ਮੁਨਰੋ ਦੇ ਜੀਵਨ ਤੇ ਸੱਭਿਆਚਾਰਕ ਅਕਸ ਨਾਲ ਜੋੜ ਕੇ ਪੇਸ਼ ਕਰਦੀ ਹੈ |
ਲੋਕ ਜਿਨ੍ਹਾਂ ਇੱਛਾਵਾਂ 'ਤੇ ਕਾਬੂ ਨਹੀਂ ਪਾ ਸਕਦੇ, ਉਨ੍ਹਾਂ ਦਾ ਸ਼ਿਕਾਰ ਕਿਵੇਂ ਹੋ ਜਾਂਦੇ ਹਨ? ਇਸ ਸਵਾਲ ਦਾ ਜਵਾਬ ਕਾਰਸਨ 'ਦ ਬਿਊਟੀ ਆਫ ਹਸਬੈਂਡ : ਏ ਫਿਕਸ਼ਨਲ ਐਸੇ ਇਨ 29 ਟੈਂਗੋਜ਼' ਵਿਚ ਲੱਭਦੀ ਹੈ | ਇਸ ਵਿਚ ਪ੍ਰਭਾਵੀ ਤੇ ਸ਼ਕਤੀਸ਼ਾਲੀ ਅੰਦਾਜ਼ ਵੀ ਹਾਸੇ ਵਾਲਾ ਹੈ, ਜਿਸ ਵਿਚ ਕਾਮੁਕ, ਦਰਦ ਭਰੇ ਤੇ ਦਿਲ ਟੁੱਟਣ ਵਾਲੇ ਦਿ੍ਸ਼ਾਂ ਨੂੰ ਮਿਲਾ ਦਿੱਤਾ ਗਿਆ ਹੈ, ਇਕ ਅਸਫਲ ਵਿਆਹ ਨਾਲ, ਇਕ ਅਜਿਹੇ ਵਿਅਕਤੀ ਨਾਲ 30 ਸਾਲਾਂ ਦਾ ਸਾਥ, ਜਿਸ ਨੂੰ ਝੂਠ ਬੋਲਣ ਦੀ ਆਦਤ ਹੈ ਤੇ ਜਿਸ 'ਚ ਇਕਮਾਤਰ ਗੁਣ ਉਸ ਦਾ ਜਿਸਮਾਨੀ ਆਕਰਸ਼ਨ ਹੈ |
ਕਾਰਸਨ ਨੂੰ ਆਪਣੀ ਇਸ ਕਾਵਿ ਰਚਨਾ ਲਈ 'ਟੀ.ਐਸ. ਏਲੀਅਟ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ ਸੀ | ਇਸ ਨੂੰ ਉਸ ਨੇ ਅੰਗਰੇਜ਼ੀ ਦੇ ਰੁਮਾਂਟਿਕ ਕਵੀ ਜਾਨ ਕੀਟਸ ਨੂੰ ਸਮਰਪਿਤ ਕੀਤਾ ਤੇ ਪੁਸਤਕ ਵਿਚ ਉਨ੍ਹਾਂ ਦੀ ਹੀ ਪ੍ਰਸਿੱਧ ਕਹਾਵਤ 'ਸੱਤਯ ਹੀ ਸੁੰਦਰ ਹੈ' ਨੂੰ ਚੁਣੌਤੀ ਦਿੱਤੀ | ਕਿਉਂਕਿ ਕਾਰਸਨ ਦੀ ਸ਼ੈਲੀ 'ਚ ਕਵਿਤਾ, ਵਾਰਤਕ, ਸੰਵਾਦ ਤੇ ਅਨੁਵਾਦ ਸ਼ਾਮਿਲ ਹਨ, ਇਸ ਲਈ ਉਸ ਦੇ ਕਾਰਜ ਨੂੰ ਕਿਸੇ ਇਕ ਵਿਧਾ ਅਧੀਨ ਰੱਖਣਾ ਮੁਸ਼ਕਿਲ ਹੈ |
ਜਦੋਂ ਕਾਰਸਨ ਨੂੰ ਆਰਕਟਿਕ ਟਾਪੂ 'ਤੇ ਪਤਾ ਲੱਗਾ ਕਿ ਉਹ ਨੋਬਲ ਪੁਰਸਕਾਰ ਲਈ ਚੁਣੀ ਗਈ ਹੈ ਤਾਂ ਉਸ ਦੀ ਪਹਿਲੀ ਪ੍ਰਤੀਕਿਰਿਆ ਸੀ, 'ਕ੍ਰੇਜ਼ੀ, ਮੈਂ ਸਮਝਦੀ ਹਾਂ ਕਿ ਸਾਰੇ ਕ੍ਰੇਜ਼ੀ ਹਨ |' ਪਰ ਨਾਲ ਹੀ ਉਨ੍ਹਾਂ ਨੇ ਇਹ ਵੀ ਜੋੜਿਆ ਕਿ ਉਹ ਆਪਣੀ ਕਿਤਾਬ ਦੇ ਫਰੰਟ 'ਤੇ ਇਸ ਸੰਦਰਭ 'ਚ ਸਟਿਕਰ ਲਗਾਏਗੀ | ਜਦੋਂ ਸਵੀਡਿਸ਼ ਅਕੈਡਮੀ ਦੇ ਸਥਾਈ ਸਕੱਤਰ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੂੰ 12 ਮਿਲੀਅਨ ਸਵੀਡਿਸ਼ ਕ੍ਰਾਊਨ (1.2 ਮਿਲੀਅਨ ਡਾਲਰ) ਇਨਾਮ ਵਜੋਂ ਮਿਲਣਗੇ ਤਾਂ ਉਨ੍ਹਾਂ ਦਾ ਜਵਾਬ ਸੀ, 'ਇਸ ਸਮੇਂ ਮੈਂ ਆਈਸਲੈਂਡ ਵਿਚ ਆਪਣੇ ਮਕਾਨ 'ਚ ਹਾਂ ਤੇ ਹਵਾ ਦੀ ਸਰਸਰਾਹਟ ਸੁਣ ਰਹੀ ਹਾਂ |' ਜਦੋਂ ਕਾਰਸਨ ਨੇ 70ਵੀਂ ਬਸੰਤ 'ਚ ਪ੍ਰਵੇਸ਼ ਕੀਤਾ ਤਾਂ ਉਹ ਮੁੱਕੇਬਾਜ਼ੀ ਦੀ ਸਿਖਲਾਈ ਲੈਣ ਲੱਗੀ, ਕਿਉਂਕਿ ਉਨ੍ਹਾਂ ਨੂੰ ਪਾਰਿੰਕਸਨ ਰੋਗ ਹੋ ਗਿਆ ਸੀ, ਜਿਸ ਨਾਲ ਉਨ੍ਹਾਂ ਦੀ ਲਿਖਾਈ ਖਰਾਬ ਹੋ ਗਈ ਸੀ | ਉਨ੍ਹਾਂ ਨੇ ਲਿਖਿਆ, 'ਮੈਂ ਸ਼ਰਮ ਨਾਲ ਪੂਰੇ ਪੈਰਾਗ੍ਰਾਫ ਘਸੀਟਦੀ ਹਾਂ |'
ਭਾਵੇਂ ਉਨ੍ਹਾਂ ਦੀ ਲਿਖਾਈ ਜ਼ਰੂਰ ਖਰਾਬ ਹੋ ਗਈ ਹੈ, ਪਰ ਉਨ੍ਹਾਂ ਦੀ ਲੇਖਣੀ ਦਮਦਾਰ ਹੈ, ਤਾਂ ਹੀ ਤਾਂ ਉਨ੍ਹਾਂ ਨੂੰ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ |
-(ਲੇਖਕ ਸੀਨੀਅਰ ਪੱਤਰਕਾਰ ਹਨ |)
-ਇਮੇਜ ਰਿਫਲੈਕਸ਼ਨ ਸੈਂਟਰ