30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਵਪਾਰ ਲਈ ਅਟਾਰੀ-ਵਾਹਗਾ ਸਰਹੱਦ ਖੋਲ੍ਹੀ ਜਾਏ

ਵਪਾਰ ਲਈ ਅਟਾਰੀ-ਵਾਹਗਾ ਸਰਹੱਦ ਖੋਲ੍ਹੀ ਜਾਏ

ਅਜੀਤ ਡੈਸਕ 30-08-2026

ਸਦੀਆਂ ਤੋਂ ਪੰਜਾਬ, ਦੇਸ਼ ਦੇ ਕੇਂਦਰੀ ਏਸ਼ਿਆਈ ਅਤੇ ਯੂਰਪੀਅਨ ਦੇਸ਼ਾਂ ਨਾਲ ਕੇਵਲ ਵਪਾਰ ਲਈ ਹੀ ਨਹੀਂ, ਸਗੋਂ ਸੱਭਿਆਚਾਰ, ਭਾਸ਼ਾਵਾਂ ਅਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਦਾ ਪ੍ਰਮੁੱਖ ਕੁਦਰਤੀ ਉੱਤਰ-ਪੱਛਮੀ ਮਾਰਗ ਰਿਹਾ ਹੈ | ਪੰਜਾਬੀ ਦੀ ਪ੍ਰਸਿੱਧ ਅਖਾਣ 'ਜੋ ਸੁੱਖ ਛੱਜੂ ਦੇ ਚੁਬਾਰੇ, ਸੋ ਬਲਖ ਨਾ ਬੁਖਾਰੇ' ਇਸ ਇਤਿਹਾਸਕ ਹਕੀਕਤ ਦੀ ਗਵਾਹ ਹੈ ਕਿ ਇਸੇ ਵਪਾਰ ਮਾਰਗ 'ਤੇ ਸਥਿਤ ਅਫ਼ਗ਼ਾਨਿਸਤਾਨ ਦੇ ਪੁਰਾਤਨ ਸਰਹੱਦੀ ਸ਼ਹਿਰ ਬਲਖ਼ ਅਤੇ ਨਾਲ ਲੱਗਦੇ ਉਜ਼ਬੇਕਿਸਤਾਨ ਦੇ ਖ਼ੂਬਸੂਰਤ ਪ੍ਰਾਚੀਨ ਸ਼ਹਿਰ ਬੁਖ਼ਾਰੇ ਵਿਖੇ ਇਹ ਵਪਾਰਕ ਕੰਮਾਂ ਲਈ ਆਉਣ-ਜਾਣ ਕਰਕੇ ਹੀ ਪ੍ਰਚੱਲਿਤ ਹੋਈ ਸੀ | 1947 ਵਿਚ ਹੋਈ ਦੇਸ਼ ਦੀ ਵੰਡ ਨੇ ਇਸ ਕੁਦਰਤੀ ਵਪਾਰਕ ਰਸਤੇ ਨੂੰ  ਤੋੜ ਦਿੱਤਾ, ਪ੍ਰੰਤੂ ਇਸ ਦੇ ਬਾਵਜੂਦ ਅਟਾਰੀ-ਵਾਹਗਾ ਸਰਹੱਦ ਰਾਹੀਂ ਕਈ ਦਹਾਕਿਆਂ ਤੱਕ ਸੀਮਤ ਸਿੱਧਾ ਵਪਾਰ ਚਲਦਾ ਰਿਹਾ | 25 ਸਤੰਬਰ 2019 ਤੋਂ ਪੁਲਵਾਮਾ ਅੱਤਵਾਦੀ ਹਮਲੇ ਉਪਰੰਤ ਭਾਰਤ ਵਲੋਂ ਪਾਕਿਸਤਾਨ ਦਾ 'ਸਰਬੋਤਮ ਤਰਜੀਹੀ ਦੇਸ਼' ਦਾ ਦਰਜਾ ਵਾਪਸ ਲੈਣ ਅਤੇ ਜੰਮੂ-ਕਸ਼ਮੀਰ ਸੂਬੇ ਦਾ ਵਿਸ਼ੇਸ ਦਰਜਾ ਰੱਦ ਕਰਕੇ ਕੇਂਦਰ ਸ਼ਾਸਿਤ ਇਲਾਕਾ ਬਣਾਉਣ ਦੇ ਪ੍ਰਤੀਕਰਮ ਵਜੋਂ ਪਾਕਿਸਤਾਨ ਨੇ ਦੋਹਾਂ ਦੇਸ਼ਾਂ ਦਰਮਿਆਨ ਸਾਰੇ ਆਵਾਜਾਈ ਰਸਤੇ ਬੰਦ ਕਰ ਦਿੱਤੇ | ਜਿਸ ਨਾਲ ਦੋਹਾਂ ਦੇਸ਼ਾਂ ਦਰਮਿਆਨ ਸਾਰੇ ਸਿੱਧੇ ਵਪਾਰਕ ਤੇ ਆਰਥਿਕ ਸੰਬੰਧ ਲਗਭਗ ਖਤਮ ਹੋ ਗਏ | ਇਸ ਦਾ ਸਭ ਤੋਂ ਜ਼ਿਆਦਾ ਆਰਥਿਕ ਨੁਕਸਾਨ ਪੰਜਾਬ ਸਮੇਤ ਹਿਮਾਚਲ, ਹਰਿਆਣਾ, ਜੰਮੂ-ਕਸ਼ਮੀਰ, ਦਿੱਲੀ ਤੇ ਪੱਛਮੀ ਉੱਤਰ ਪ੍ਰਦੇਸ਼ ਨੂੰ  ਹੋਇਆ, ਕਿਉਂਕਿ ਅਟਾਰੀ-ਵਾਹਗਾ ਸਭ ਤੋਂ ਨਜ਼ਦੀਕੀ ਅਤੇ ਕਿਫ਼ਾਇਤੀ ਵਪਾਰਕ ਰਸਤਾ ਸੀ | ਨਤੀਜਨ, ਹੁਣ ਇਨ੍ਹਾਂ ਸੂਬਿਆਂ ਦੇ ਨਿਰਯਾਤਕਾਰਾਂ ਨੂੰ  ਆਪਣਾ ਮਾਲ ਸਮੁੰਦਰੀ ਬੰਦਰਗਾਹਾਂ ਰਾਹੀਂ ਭੇਜਣਾ ਪੈ ਰਿਹਾ ਹੈ, ਜੋ ਕਿ ਬਹੁਤ ਜ਼ਿਆਦਾ ਦੂਰ ਹੋਣ ਕਰਕੇ ਮੁਕਾਬਲਤਨ ਸਮਾਂ ਅਤੇ ਲਾਗਤਾਂ ਦੋਵੇਂ ਵਧ ਗਏ ਹਨ |

ਜਿੱਥੋਂ ਤੱਕ ਭਾਰਤ-ਪਾਕਿਸਤਾਨ ਵਿਚਕਾਰ ਦੁਵੱਲੇ ਵਪਾਰਕ ਰਿਸ਼ਤਿਆਂ ਦਾ ਸੰਬੰਧ ਹੈ, ਦੋਵਾਂ ਦੇਸ਼ਾਂ ਦਰਮਿਆਨ ਹਮੇਸ਼ਾਂ ਤਿੰਨ-ਪੱਧਰੀ ਵਿਸ਼ਵ ਵਪਾਰ ਹੁੰਦਾ ਰਿਹਾ ਹੈ: ਪਹਿਲਾ ਸਿੱਧਾ ਅੰਤਰਰਾਸ਼ਟਰੀ ਵਪਾਰ, ਦੂਸਰਾ ਅਟਾਰੀ-ਵਾਹਗਾ ਜ਼ਮੀਨੀ ਚੈੱਕ-ਪੋਸਟ ਰਾਹੀਂ ਅਤੇ ਤੀਜਾ ਸ੍ਰੀਲੰਕਾ, ਈਰਾਨ ਤੇ ਸੰਯੁਕਤ ਅਰਬ ਅਮੀਰਾਤ ਵਰਗੇ ਤੀਜੀ ਧਿਰ ਦੇ ਦੇਸ਼ਾਂ ਰਾਹੀਂ ਅਸਿੱਧਾ ਵਪਾਰ | ਦਿਲਚਸਪ ਤੱਥ ਇਹ ਹੈ ਕਿ ਅੱਜ ਵੀ ਸਿੱਧਾ ਵਪਾਰ ਬੰਦ ਹੋਣ ਦੇ ਬਾਵਜੂਦ ਦੋਵਾਂ ਦੇਸ਼ਾਂ ਦਰਮਿਆਨ ਵਪਾਰਕ ਭਾਈਚਾਰਿਆਂ ਨੇ ਰਾਜਨੀਤਿਕ ਤਣਾਅ ਅਤੇ ਕਾਨੂੰਨੀ ਮੁਸ਼ਕਿਲਾਂ ਨੂੰ  ਬਾਈਪਾਸ ਕਰਕੇ ਆਰਥਿਕ ਰੁਝੇਵਿਆਂ ਲਈ ਵਾਇਆ ਸ੍ਰੀਲੰਕਾ, ਸਿੰਗਾਪੁਰ, ਈਰਾਨ, ਦੁਬਈ ਅਤੇ ਸੰਯੁਕਤ ਅਰਬ ਅਮੀਰਾਤ ਰਾਹੀਂ ਵਪਾਰਕ ਨੈੱਟਵਰਕ ਬਣਾਇਆ ਹੋਇਆ ਹੈ, ਜਿਸ ਰਾਹੀਂ ਦੋਹਾਂ ਦੇਸ਼ਾਂ ਦਰਮਿਆਨ ਅਸਿੱਧਾ ਵਪਾਰ ਨਿਰੰਤਰ ਚੱਲ ਰਿਹਾ ਹੈ | ਸਾਲ 2023-24 ਦੌਰਾਨ ਇਨ੍ਹਾਂ ਤੀਸਰੀ ਧਿਰ ਦੇ ਦੇਸ਼ਾਂ ਰਾਹੀਂ ਦੋਹਾਂ ਦੇਸ਼ਾਂ ਵਿਚਕਾਰ ਸਭ ਤੋਂ ਵੱਧ ਕੁੱਲ 9887 ਕਰੋੜ ਰੁਪਏ ਦਾ ਵਪਾਰ ਹੋਇਆ, ਜਿਸ 'ਚੋਂ 9863 ਕਰੋੜ ਰੁਪਏ ਮੁੱਲ ਦੀਆਂ ਭਾਰਤੀ ਵਸਤੂਆਂ ਪਾਕਿਸਤਾਨ ਨੂੰ  ਨਿਰਯਾਤ ਹੋਈਆਂ, ਜੋ ਇਸ ਗੱਲ ਦਾ ਸਬੂਤ ਹੈ ਕਿ ਬਾਜ਼ਾਰ ਮੰਗ ਅੱਜ ਵੀ ਮੌਜੂਦ ਹੈ, ਸਿਰਫ਼ ਵਪਾਰ ਦਾ ਰਸਤਾ ਹੀ ਬਦਲਿਆ ਅਤੇ ਮਹਿੰਗਾ ਹੋਇਆ ਹੈ, ਜਿਸ ਦਾ ਨੁਕਸਾਨ ਆਖ਼ਰਕਾਰ ਦੋਹਾਂ ਦੇਸ਼ਾਂ ਦੇ ਵਪਾਰੀ, ਉਦਯੋਗਪਤੀ ਤੇ ਖ਼ਪਤਕਾਰ ਸਾਰੇ ਹੀ ਝੱਲ ਰਹੇ ਹਨ |
ਪੰਜਾਬ ਦੀ ਕਰਜ਼-ਪੰਡ ਹੇਠਾਂ ਦੱਬੀ ਅਰਥਵਿਵਸਥਾ ਪਹਿਲਾਂ ਹੀ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ | ਖੇਤੀਬਾੜੀ ਖੇਤਰ ਖੜੋਤ ਦਾ ਸ਼ਿਕਾਰ ਹੈ, ਉਦਯੋਗਿਕ ਵਿਕਾਸ ਧੀਮਾ ਹੈ ਅਤੇ ਨੌਜਵਾਨੀ ਲਗਾਤਾਰ ਪਰਵਾਸ ਕਰ ਰਹੀ ਹੈ | ਅਜਿਹੇ ਸਮੇਂ ਵਿਚ ਅਟਾਰੀ-ਵਾਹਗਾ ਸਰਹੱਦ ਰਾਹੀਂ ਵਪਾਰ ਦੀ ਮੁੜ-ਬਹਾਲੀ ਸੂਬੇ ਲਈ ਇਕ ਅਹਿਮ ਆਰਥਿਕ ਵਰਦਾਨ ਸਾਬਤ ਹੋ ਸਕਦੀ ਹੈ | ਜਿਸ ਨਾਲ ਲੁਧਿਆਣਾ ਦੀ ਹੌਜ਼ਰੀ, ਇੰਜੀਨੀਅਰਿੰਗ ਅਤੇ ਸਾਈਕਲ ਇੰਡਸਟਰੀ, ਜਲੰਧਰ ਦਾ ਖੇਡ ਸਾਮਾਨ, ਸਰਜੀਕਲ ਅਤੇ ਚਮੜਾ ਉਦਯੋਗ, ਮੰਡੀ ਗੋਬਿੰਦਗੜ੍ਹ ਦਾ ਸਟੀਲ ਉਦਯੋਗ, ਅੰਮਿ੍ਤਸਰ ਦੇ ਟੈਕਸਟਾਈਲ ਸੈਕਟਰ, ਪੰਜਾਬ ਦੀ ਫੂਡ ਪ੍ਰੋਸੈਸਿੰਗ, ਖੇਤੀ ਔਜ਼ਾਰ ਇੰਡਸਟਰੀ ਅਤੇ ਬਾਸਮਤੀ ਚੌਲ ਨਿਰਯਾਤ ਖੇਤਰ ਨੂੰ  ਨਵੇਂ ਬਾਜ਼ਾਰ ਮਿਲ ਸਕਦੇ ਹਨ | ਦੋਹਾਂ ਦੇਸ਼ਾਂ ਵਿਚ ਟਰਾਂਸਪੋਰਟ, ਹੋਟਲ, ਰੈਸਟੋਰੈਂਟ, ਗੋਦਾਮਬੰਦੀ, ਕੋਲਡ-ਚੇਨ, ਪੈਕਿੰਗ ਅਤੇ ਕਸਟਮ ਕਲੀਅਰੈਂਸ ਵਗੈਰਾ ਨਾਲ ਜੁੜੇ ਹਜ਼ਾਰਾਂ ਨਵੇਂ ਰੋਜ਼ਗਾਰ ਦੇ ਮੌਕੇ ਪੈਦਾ ਹੋ ਸਕਦੇ ਹਨ |
ਇਸ ਅਟਾਰੀ-ਵਾਹਗਾ ਸਰਹੱਦ ਨੂੰ  ਸਿਰਫ਼ ਭਾਰਤ-ਪਾਕਿਸਤਾਨ ਵਪਾਰ ਦੇ ਪ੍ਰਸੰਗ ਵਿਚ ਹੀ ਨਹੀਂ ਦੇਖਣਾ ਚਾਹੀਦਾ, ਸਗੋਂ ਇਸ ਨੂੰ  ਕੇਂਦਰੀ ਏਸ਼ਿਆਈ ਅਤੇ ਯੂਰਪੀਅਨ ਦੇਸ਼ਾਂ ਵੱਲ ਜਾਣ ਵਾਲੇ ਸਭ ਤੋਂ ਨਜ਼ਦੀਕੀ, ਤੇਜ਼ ਅਤੇ ਸਸਤੇ ਕੁਦਰਤੀ ਭੂਮੀ ਮਾਰਗ ਵਜੋਂ ਦੇਖਣਾ ਚਾਹੀਦਾ ਹੈ | ਇਸ ਨਾਲ ਭਾਰਤ ਦੁਆਰਾ ਈਰਾਨ ਸਥਿਤ 'ਚਾਬਹਾਰ ਬੰਦਰਗਾਹ' ਅਤੇ ਰੂਸ, ਈਰਾਨ ਅਤੇ ਹੋਰ ਹਿੱਸੇਦਾਰ ਦੇਸ਼ਾਂ ਨਾਲ ਮਿਲ ਕੇ ਮੁੰਬਈ ਤੋਂ ਮਾਸਕੋ ਤੱਕ ਸਥਾਪਿਤ ਕੀਤੇ ਲਗਭਗ 7200 ਕਿਲੋਮੀਟਰ ਲੰਬੇ ਬਹੁ-ਪੱਖੀ 'ਅੰਤਰਰਾਸ਼ਟਰੀ ਉੱਤਰ-ਦੱਖਣ ਟਰਾਂਸਪੋਰਟ ਕਾਰੀਡੋਰ' ਅਧੀਨ ਸਿੱਧੇ ਰੇਲ, ਸੜਕੀ ਅਤੇ ਸਮੁੰਦਰੀ ਲਿੰਕ ਸਥਾਪਤ ਕਰਨ ਵਿਚ ਵੀ ਮਦਦ ਮਿਲੇਗੀ, ਜਿਸ ਨਾਲ ਨਾ ਕੇਵਲ ਪੰਜਾਬ ਮੁੜ ਭਾਰਤ ਦਾ 'ਗੇਟਵੇ ਟੂ ਸੈਂਟਰਲ ਏਸ਼ੀਆ' ਬਣ ਸਕੇਗਾ, ਸਗੋਂ ਦੇਸ਼ ਦੇ ਕੇਂਦਰੀ ਏਸ਼ਿਆਈ ਅਤੇ ਯੂਰਪੀਅਨ ਦੇਸ਼ਾਂ ਨਾਲ ਸਦੀਆਂ ਪੁਰਾਣੇ ਇਤਿਹਾਸਕ ਅਤੇ ਵਪਾਰਕ ਸੰਬੰਧ ਪੁਨਰ-ਸੁਰਜੀਤ ਹੋ ਸਕਣਗੇ |
ਇਕ ਮਹੱਤਵਪੂਰਨ ਘਟਨਾਕ੍ਰਮ ਦੌਰਾਨ, ਪਿਛਲੇ ਦਿਨੀਂ ਆਰ.ਐਸ.ਐਸ. ਦੇ ਤਿੰਨ ਪ੍ਰਮੁੱਖ ਨੇਤਾਵਾਂ ਸਰਸੰਘ ਚਾਲਕ ਮੋਹਨ ਭਾਗਵਤ, ਜਨਰਲ ਸਕੱਤਰ ਦੱਤਾਤ੍ਰੇਯ ਹੋਸਬਾਲੇ ਅਤੇ ਪ੍ਰਚਾਰ ਮੁਖੀ ਸੁਨੀਲ ਅੰਬੇਕਰ ਨੇ ਕਿਹਾ ਹੈ ਕਿ ਭਾਰਤ ਦੀ ਭੂਗੋਲਿਕ ਅਤੇ ਰਣਨੀਤਕ ਸਥਿਤੀ ਨੂੰ  ਦੇਖਦਿਆਂ ਗੁਆਂਢੀ ਦੇਸ਼ ਪਾਕਿਸਤਾਨ ਨਾਲ ਸੰਵਾਦ ਦੇ ਰਸਤੇ ਹਮੇਸ਼ਾ ਵਾਸਤੇ ਬੰਦ ਨਹੀਂ ਰੱਖਣੇ ਚਾਹੀਦੇ | ਇਸ ਤੋਂ ਇਲਾਵਾ ਦੋਹਾਂ ਮੁਲਕਾਂ ਦੀਆਂ 117 ਪ੍ਰਮੁੱਖ ਸ਼ਖਸੀਅਤਾਂ, ਜਿਨ੍ਹਾਂ ਵਿਚ ਭਾਰਤੀ ਪਾਸਿਓਾ ਜੰਮੂ ਕਸ਼ਮੀਰ ਦੇ ਦੋ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਤੇ ਮਹਿਬੂਬਾ ਮੁਫ਼ਤੀ ਅਤੇ ਪਾਕਿਸਤਾਨੀ ਤਰਫ਼ੋਂ ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਮਹਿਮੂਦ ਕਸੂਰੀ ਤੇ ਸਾਬਕਾ ਡਿਪਲੋਮੈਟ ਅਸ਼ਰਫ ਜਹਾਂਗੀਰ ਕਾਜ਼ੀ ਆਦਿ ਸ਼ਾਮਿਲ ਹਨ, ਨੇ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੂੰ  ਖੁੱਲ੍ਹਾ ਪੱਤਰ ਲਿਖ ਕੇ ਆਪਸੀ ਗੱਲਬਾਤ ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ, ਕਿਉਂਕਿ ਇਨ੍ਹਾਂ ਦੋਹਾਂ ਦੇਸ਼ਾਂ ਵਿਚ ਸੰਸਾਰ ਦੀ ਕੁੱਲ ਆਬਾਦੀ ਦਾ ਪੰਜਵਾਂ ਹਿੱਸਾ ਰਹਿ ਰਿਹਾ ਹੈ ਅਤੇ ਜਿਸ ਦਾ ਬਹੁਤ ਹਿੱਸਾ ਨੌਜਵਾਨ ਹਨ, ਇਸ ਕਰਕੇ ਦੋਹਾਂ ਪ੍ਰਮਾਣੂ ਸਮਰੱਥਾ ਵਾਲੇ ਮੁਲਕਾਂ ਨੂੰ  ਭਵਿੱਖ ਦੀਆਂ ਚੁਣੌਤੀਆਂ ਦੇ ਮੱਦੇਨਜ਼ਰ ਆਪਸੀ-ਬੇਵਿਸ਼ਵਾਸੀ ਅਤੇ ਟਕਰਾਅ ਖਤਮ ਕਰਕੇ ਸ਼ਾਂਤੀ, ਪਰਸਪਰ ਸਹਿਯੋਗ ਅਤੇ ਵਿਕਾਸ ਨਾਲ ਚੱਲਣਾ ਚਾਹੀਦਾ ਹੈ | ਸਥਾਈ ਟਕਰਾਅ ਕਿਸੇ ਵੀ ਦੇਸ਼ ਦੇ ਹਿਤ ਵਿਚ ਨਹੀਂ ਹੈ | ਜਿਸ ਤਰ੍ਹਾਂ ਹੁਣ ਭਾਰਤ ਨੇ ਕੋਵਿਡ-19 ਤੋਂ ਛੇ ਸਾਲ ਬਾਅਦ ਚੀਨ (ਤਿੱਬਤ) ਨਾਲ ਅੰਤਰਰਾਸ਼ਟਰੀ ਵਪਾਰ ਵਾਸਤੇ ਸਦੀਆਂ ਪੁਰਾਣੇ ਵਪਾਰ ਮਾਰਗ ਸਿੱਕਮ ਵਿਚ 'ਨਾਥੂ ਲਾ' ਅਤੇ ਹਿਮਾਚਲ ਵਿਚ 'ਸ਼ਿਪਕੀ ਲਾ' ਨੂੰ  ਖੋਲ੍ਹ ਕੇ ਚੰਗਾ ਕਦਮ ਉਠਾਇਆ ਹੈ, ਉਸੇ ਤਰ੍ਹਾਂ ਹੀ ਅਟਾਰੀ-ਵਾਹਗਾ ਚੈੱਕ ਪੋਸਟ ਰਾਹੀਂ ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਕੇਂਦਰੀ ਏਸ਼ਿਆਈ ਦੇਸ਼ਾਂ ਨਾਲ ਵੀ ਵਪਾਰ ਸ਼ੁਰੂ ਕਰਨਾ ਚਾਹੀਦਾ ਹੈ | 
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਲਈ ਰਾਸ਼ਟਰੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ, ਪਰ ਇਹ ਵੀ ਸੱਚ ਹੈ ਕਿ ਅੱਜ-ਕੱਲ੍ਹ ਸਰਹੱਦਾਂ ਦੀ ਸੁਰੱਖਿਆ ਸਮਾਰਟ ਤਕਨੀਕਾਂ ਨਾਲ ਕੀਤੀ ਜਾ ਸਕਦੀ ਹੈ | ਇਸ ਲਈ ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ ਕੀਤੇ ਬਿਨਾਂ ਪੜਾਅਵਾਰ ਸ਼ੁਰੂਆਤ ਕਰਕੇ ਸੀਮਤ ਅਤੇ ਨਿਯੰਤਰਿਤ ਵਪਾਰ ਚਲਾਇਆ ਜਾ ਸਕਦਾ ਹੈ | ਬੇਸ਼ੱਕ ਮਨੁੱਖੀ ਆਵਾਜਾਈ ਅਜੇ ਬੰਦ ਰੱਖੀ ਜਾਵੇ, ਪਰ ਦੇਸ਼ ਦੇ ਆਰਥਿਕ ਅਤੇ ਵਪਾਰਕ ਹਿਤਾਂ ਵਾਸਤੇ ਹਮੇਸ਼ਾ ਲਈ ਗੱਲਬਾਤ ਬੰਦ ਕਰ ਲੈਣਾ ਸਹੀ ਨਹੀਂ ਹੋਵੇਗਾ | ਵਪਾਰ ਸ਼ੁਰੂ ਹੋਣ ਨਾਲ ਸਾਰੀਆਂ ਧਿਰਾਂ ਨੂੰ  ਲਾਭ ਹੋਵੇਗਾ, ਰੁਜ਼ਗਾਰ, ਉਤਪਾਦਨ ਅਤੇ ਆਮਦਨ ਵਧਣਗੇ |
ਸ਼ੁਰੂਆਤੀ ਪੜਾਅ ਵਿਚ ਖੇਤੀ ਉਤਪਾਦ, ਦਵਾਈਆਂ, ਮਸ਼ੀਨਰੀ ਅਤੇ ਉਦਯੋਗਿਕ ਕੱਚੇ ਮਾਲ ਵਰਗੀਆਂ ਚੋਣਵੀਆਂ ਵਸਤੂਆਂ ਦੇ ਵਪਾਰ ਦੀ ਆਗਿਆ ਦੇ ਕੇ ਬਾਅਦ ਵਿਚ ਸੁਰੱਖਿਆ ਏਜੰਸੀਆਂ ਦੀ ਸਮੀਖਿਆ ਦੇ ਆਧਾਰ 'ਤੇ ਇਸ ਦਾ ਦਾਇਰਾ ਹੌਲੀ-ਹੌਲੀ ਵਧਾਇਆ ਜਾ ਸਕਦਾ ਹੈ | ਇਸ ਨਾਲ ਸੁਰੱਖਿਆ, ਵਪਾਰ ਅਤੇ ਆਰਥਿਕ ਵਿਕਾਸ ਵਿਚਕਾਰ ਇਕ ਵਿਹਾਰਕ ਸੰਤੁਲਨ ਬਣਾਇਆ ਜਾ ਸਕੇਗਾ |
5 ਟਿ੍ਲੀਅਨ ਡਾਲਰ ਦੀ ਭਾਰਤੀ ਅਰਥਵਿਵਸਥਾ ਦੇ ਟੀਚੇ ਅਤੇ ਪੰਜਾਬ ਦੀ ਆਰਥਿਕ ਪੁਨਰ-ਸੁਰਜੀਤੀ ਨੂੰ  ਧਿਆਨ ਵਿਚ ਰੱਖਦਿਆਂ ਅਟਾਰੀ-ਵਾਹਗਾ ਨੂੰ  ਸਿਰਫ਼ ਸਰਹੱਦੀ ਚੌਕੀ ਨਹੀਂ, ਸਗੋਂ ਇਕ 'ਰਣਨੀਤਿਕ ਆਰਥਿਕ ਸੰਪਤੀ' ਵਜੋਂ ਦੇਖਣ ਦੀ ਲੋੜ ਹੈ | ਇਸ ਕਰਕੇ ਅੱਜ ਭਾਵਨਾਵਾਂ ਦੀ ਬਜਾਏ ਰਾਸ਼ਟਰੀ ਆਰਥਿਕ ਹਿਤਾਂ ਨੂੰ  ਤਰਜੀਹ ਦੇਣੀ ਚਾਹੀਦੀ ਹੈ | ਇਤਿਹਾਸ ਗਵਾਹ ਹੈ ਕਿ ਖੁੱਲ੍ਹੇ ਵਪਾਰਕ ਰਸਤੇ ਹਮੇਸ਼ਾ ਵਿਕਾਸ ਨੂੰ  ਗਤੀ ਪ੍ਰਦਾਨ ਕਰਦੇ ਹਨ | ਇਹ ਕਦਮ ਪੰਜਾਬ ਸਮੇਤ ਉੱਤਰੀ ਭਾਰਤ ਅਤੇ ਕੇਂਦਰੀ ਏਸ਼ਿਆਈ ਦੇਸ਼ਾਂ ਨਾਲ ਭਾਰਤ ਦੇ ਲੰਬੇ ਸਮੇਂ ਦੇ ਆਰਥਿਕ ਹਿਤਾਂ ਲਈ ਵੀ ਲਾਭਕਾਰੀ ਸਾਬਤ ਹੋ ਸਕਦਾ ਹੈ |

-ਮੋਬਾਈਲ : 94637-63331

ਪਿਛਲੀ ਖ਼ਬਰ ਗਿਆਨੀ ਜ਼ੈਲ ਸਿੰਘ ਤੇ ਐਮ.ਐਸ. ਰੰਧਾਵਾ ਦਾ ਮਿਲਵਰਤਨ ਅਗਲੀ ਖ਼ਬਰ kanya di load

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।