ਦੇਸ਼ 'ਚ ਰੰਗੀਨ ਟੈਲੀਵਿਜ਼ਨ ਪ੍ਰਸਾਰਨ ਦੀ ਸ਼ੁਰੂਆਤ ਤੋਂ ਬਾਅਦ ਦੂਰਦਰਸ਼ਨ ਤੇ ਆਕਾਸ਼ਬਾਣੀ (ਆਲ ਇੰਡੀਆ ਰੇਡੀਓ) ਦੀ ਪ੍ਰਸਿੱਧੀ ਵਿਚ ਗਿਰਾਵਟ ਆਉਣ ਨਾਲ ਨਿੱਜੀ ਨਿਊਜ਼ ਚੈਨਲਾਂ ਦਾ ਪ੍ਰਭਾਵ ਕਾਫ਼ੀ ਵਧਿਆ ਹੈ | ਸਾਰੇ ਨਿੱਜੀ ਨਿਊਜ਼ ਚੈਨਲ ਦਿਨ ਦੀ ਇਕ ਪ੍ਰਚੱਲਤ ਖ਼ਬਰ/ਕਹਾਣੀ ਨੂੰ ਪ੍ਰਸਾਰਿਤ ਕਰਦੇ ਰਹਿੰਦੇ ਹਨ, ਜਦੋਂ ਕਿ ਰਾਸ਼ਟਰੀ ਮਹੱਤਵ ਤੇ ਵਿਆਪਕ ਜਨਤਕ ਹਿੱਤ ਦੀਆਂ ਮਹੱਤਵਪੂਰਨ ਖ਼ਬਰਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ | ਸਾਰੇ ਟੀ.ਵੀ. ਚੈਨਲਾਂ (ਨਿੱਜੀ ਤੇ ਦੂਰਦਰਸ਼ਨ) ਲਈ ਇਕ ਖ਼ਬਰ ਬੁਲੇਟਿਨ ਪ੍ਰਸਾਰਿਤ ਕਰਨ ਤੋਂ ਬਾਅਦ ਦਿਨ ਦੀ ਮੁੱਖ ਖ਼ਬਰ 'ਤੇ ਵਿਸ਼ਲੇਸ਼ਣਾਤਮਕ ਟਿੱਪਣੀ ਲਾਜ਼ਮੀ ਬਣਾ ਦੇਣੀ ਚਾਹੀਦੀ ਹੈ | ਹਿੰਦੀ ਖ਼ਬਰਾਂ ਦੇ ਬੁਲੇਟਿਨਾਂ ਲਈ ਇਹ ਪ੍ਰਸਾਰਨ ਰਾਤ 8:30 ਤੋਂ ਰਾਤ 9:00 ਵਜੇ ਤੱਕ ਅਤੇ ਅੰਗਰੇਜ਼ੀ ਖ਼ਬਰਾਂ ਦੇ ਬੁਲੇਟਿਨਾਂ ਲਈ ਰਾਤ 9:00 ਤੋਂ ਰਾਤ 9:30 ਵਜੇ ਤੱਕ ਹੋਣਾ ਚਾਹੀਦਾ ਹੈ | ਇਸ ਲਈ ਮੌਜੂਦਾ ਸਮੇਂ 'ਚ ਥੋੜ੍ਹਾ ਬਦਲਾਅ ਕੀਤਾ ਜਾਵੇ ਤਾਂ ਜੋ ਮੌਜੂਦਾ ਮਾਮਲੇ(ਕਰੰਟ ਅਫੇਅਰਜ਼) ਮੁੱਖ ਹਿੰਦੀ ਨਿਊਜ਼ ਬੁਲੇਟਿਨ ਤੋਂ ਤੁਰੰਤ ਬਾਅਦ ਆਵੇ, ਜਿਵੇਂ 'ਸਪੌਟਲਾਈਟ' ਵਰਤਮਾਨ ਵਿਚ ਅੰਗਰੇਜ਼ੀ ਨਿਊਜ਼ ਬੁਲੇਟਿਨ ਤੋਂ ਬਾਅਦ ਇਕ ਪ੍ਰਮੁੱਖ ਸਥਾਨ ਰੱਖਦਾ ਹੈ | ਇਸ ਤੋਂ ਇਲਾਵਾ ਉਰਦੂ ਨਿਊਜ਼ ਬੁਲੇਟਿਨ ਨੂੰ ਹੋਰ ਖੇਤਰੀ ਭਾਸ਼ਾਵਾਂ ਦੇ ਨਿਊਜ਼ ਬੁਲੇਟਿਨਾਂ ਦੇ ਨਾਲ ਪ੍ਰਸਾਰਿਤ ਕੀਤਾ ਜਾਵੇ | ਆਕਾਸ਼ਬਾਣੀ ਦੇ ਹੋਰ ਨਿਊਜ਼ ਬੁਲੇਟਿਨਾਂ ਦੇ ਸਮੇਂ 'ਚ ਬਦਲਾਅ ਕਰਕੇ ਇਨ੍ਹਾਂ ਨੂੰ ਹਿੰਦੀ ਤੇ ਅੰਗਰੇਜ਼ੀ ਨਿਊਜ਼ ਬੁਲੇਟਿਨ ਤੋਂ ਪਹਿਲਾਂ ਪ੍ਰਸਾਰਿਤ ਕੀਤਾ ਜਾਵੇ | ਹਿੰਦੀ ਦੀਆਂ ਖ਼ਬਰਾਂ ਸਵੇਰੇ 8:00 ਵਜੇ ਪ੍ਰਸਾਰਿਤ ਹੋਣ ਤੋਂ ਬਾਅਦ 5 ਮਿੰਟ ਦਾ 'ਅਖ਼ਬਾਰਾਂ ਦੀਆਂ ਟਿੱਪਣੀਆਂ' ਦਾ ਪ੍ਰੋਗਰਾਮ ਹੋਵੇ, ਉਸ ਤੋਂ ਬਾਅਦ ਸਵੇਰੇ 8:15 ਵਜੇ ਅੰਗਰੇਜ਼ੀ ਖ਼ਬਰਾਂ ਤੇ ਸਵੇਰੇ 8:30 ਵਜੇ ਖੇਤਰੀ ਭਾਸ਼ਾ ਦੀਆਂ ਖ਼ਬਰਾਂ ਦਾ ਪ੍ਰਸਾਰਨ ਹੋਵੇ |
ਦੋ ਨਾਂਅ ਕਿਉਂ? : ਇਹ ਸਮਝ ਤੋਂ ਬਾਹਰ ਹੈ ਕਿ ਜਿਸ ਸੰਸਥਾ ਦਾ ਅਧਿਕਾਰਤ ਹਿੰਦੀ ਨਾਂਅ 'ਆਕਾਸ਼ਵਾਣੀ' ਹੈ, ਉਸ ਲਈ ਦੋ ਵੱਖ-ਵੱਖ ਨਾਂਅ 'ਆਲ ਇੰਡੀਆ ਰੇਡੀਓ' ਤੇ 'ਆਕਾਸ਼ਵਾਣੀ' ਕਿਉਂ ਪ੍ਰਚੱਲਿਤ ਹਨ | ਇਹ ਸਭ ਜਾਣਦੇ ਹਨ, ਕਿ ਵਿਸ਼ੇਸ਼ ਨਾਂਵਾਂ ਦਾ ਅਨੁਵਾਦ ਨਹੀਂ ਕੀਤਾ ਜਾਂਦਾ | ਇਸ ਲਈ ਉਚਿਤ ਹੋਵੇਗਾ ਕਿ ਬਿ੍ਟਿਸ਼ ਕਾਲ ਦੌਰਾਨ ਦਿੱਤੇ ਗਏ ਆਲ ਇੰਡੀਆ ਰੇਡੀਓ ਨਾਂਅ ਦੀ ਬਜਾਏ ਹੁਣ ਖੁਦਮੁਖਤਿਆਰ ਸਰਕਾਰੀ ਪ੍ਰਸਾਰਕ ਨੂੰ ਸਿਰਫ਼ 'ਆਕਾਸ਼ਵਾਣੀ' ਵਜੋਂ ਜਾਣਿਆ ਜਾਵੇ, ਜਿਵੇਂ 'ਪ੍ਰਸਾਰ ਭਾਰਤੀ' ਤੇ 'ਦੂਰਦਰਸ਼ਨ' ਅੰਗਰੇਜ਼ੀ ਤੇ ਹੋਰ ਭਾਸ਼ਾਵਾਂ 'ਚ ਆਪਣੇ ਹਿੰਦੀ ਨਾਵਾਂ ਨਾਲ ਜਾਣੇ ਜਾਂਦੇ ਹਨ |
ਅਹਿਮ ਆਡੀਓ ਰਿਕਾਰਡਿੰਗਾਂ ਕਿੱਥੇ ਹਨ? : ਇਹ ਬਹੁਤ ਅਫਸੋਸ ਦੀ ਗੱਲ ਹੈ ਕਿ ਪ੍ਰਸਾਰ ਭਾਰਤੀ ਰਾਸ਼ਟਰੀ ਪੁਰਾਲੇਖ ਨੇ ਕੇਂਦਰੀ ਸੂਚਨਾ ਕਮਿਸ਼ਨ (ਸੀ.ਆਈ.ਸੀ.) ਦੇ ਹੁਕਮ ਦੀ ਪਾਲਣਾ ਕਰਦਿਆਂ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੇ ਭਾਸ਼ਨ ਦੀ ਆਡੀਓ ਰਿਕਾਰਡਿੰਗ ਤਾਂ ਉਪਲਬਧ ਕਰਵਾ ਦਿੱਤੀ, ਪਰ ਵਿਸ਼ਵ-ਪ੍ਰਸਿੱਧ ਹਿੰਦੀ ਨਿਊਜ਼ ਰੀਡਰ ਦੇਵਕੀ ਨੰਦਨ ਪਾਂਡੇ ਦੁਆਰਾ ਪੜ੍ਹੇ ਗਏ ਮਹੱਤਵਪੂਰਨ ਨਿਊਜ਼ ਬੁਲੇਟਿਨਾਂ ਦੀਆਂ ਰਿਕਾਰਡਿੰਗਾਂ ਨੂੰ ਸੁਰੱਖਿਅਤ ਨਹੀਂ ਰੱਖਿਆ | ਪਾਂਡੇ ਨੂੰ ਆਕਾਸ਼ਵਾਣੀ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਵੀ ਸੰਜੇ ਗਾਂਧੀ ਦੀ ਮੌਤ ਬਾਰੇ ਨਿਊਜ਼ ਬੁਲੇਟਿਨ ਪੜ੍ਹਨ ਲਈ ਵਿਸ਼ੇਸ਼ ਤੌਰ 'ਤੇ ਬੁਲਾਇਆ ਗਿਆ ਸੀ | ਉਹ ਅਸ਼ੋਕ ਬਾਜਪਾਈ, ਸ਼ਿਵ ਸਾਗਰ ਮਿਸ਼ਰਾ, ਵਿਨੋਦ ਕਸ਼ਯਪ ਤੇ ਰਾਮਾਨੁਜ ਪ੍ਰਸਾਦ ਸਿੰਘ ਵਰਗੇ ਪ੍ਰਸਿੱਧ ਹਿੰਦੀ ਨਿਊਜ਼ ਰੀਡਰਾਂ 'ਚੋਂ ਇਕ ਸਨ | ਇਸੇ ਤਰ੍ਹਾਂ ਆਕਾਸ਼ਵਾਣੀ ਕੋਲ ਮਸ਼ਹੂਰ ਅੰਗਰੇਜ਼ੀ ਨਿਊਜ਼ ਰੀਡਰ ਮੇਲੀ-ਵਿਲੇ-ਡੀਮੈਲੋ ਵੀ ਸਨ | ਦੂਰਦਰਸ਼ਨ ਕੋਲ ਬਹੁਤ ਹੀ ਸੰਤੁਲਿਤ ਤੇ ਮਾਣਮੱਤੇ ਹਿੰਦੀ ਤੇ ਅੰਗਰੇਜ਼ੀ ਦੇ ਨਿਊਜ਼ ਰੀਡਰ ਹੁੰਦੇ ਸਨ, ਜਿਨ੍ਹਾਂ ਨੂੰ ਪੁਰਾਣੀ ਪੀੜ੍ਹੀ ਅਜੇ ਵੀ ਯਾਦ ਕਰਦੀ ਹੈ | ਜਦਕਿ ਅੱਜ ਦੇ ਬਹੁਤ ਸਾਰੇ ਨਿੱਜੀ ਨਿਊਜ਼ ਚੈਨਲਾਂ ਦੇ ਐਂਕਰ ਆਪਣੀਆਂ ਉੱਚੀਆਂ ਆਵਾਜ਼ਾਂ, ਉਤੇਜਨਾ ਤੇ ਸਨਸਨੀਖੇਜ਼ ਪੇਸ਼ਕਾਰੀਆਂ ਲਈ ਵਧੇਰੇ ਜਾਣੇ ਜਾਂਦੇ ਹਨ |
ਵਿਸ਼ਵ ਰੇਡੀਓ ਦਿਵਸ ਦੀ ਮਹੱਤਤਾ : ਬਹੁਤ ਘੱਟ ਲੋਕ ਜਾਣਦੇ ਹਨ ਕਿ ਵਿਸ਼ਵ ਰੇਡੀਓ ਦਿਵਸ 12 ਫਰਵਰੀ ਨੂੰ ਮਨਾਇਆ ਜਾਂਦਾ ਹੈ | ਭਾਵੇਂ ਤੇਜ਼ੀ ਨਾਲ ਵਧਦੀ ਤਕਨਾਲੋਜੀ ਤੇ ਟੈਲੀਵਿਜ਼ਨ ਨੈੱਟਵਰਕਾਂ ਦੇ ਵਿਸਥਾਰ ਕਾਰਨ ਰੇਡੀਓ ਦੀ ਮਹੱਤਤਾ ਘਟ ਗਈ ਹੈ | ਫਿਰ ਵੀ ਪੁਰਾਣੀ ਪੀੜ੍ਹੀ ਅਜੇ ਵੀ (ਲਹਿਰੇਂ, ਸਿਬਾਕਾ ਗੀਤਮਾਲਾ, ਹਵਾ ਮਹੱਲ, ਆਪਕੀ ਪਸੰਦ, ਆਪਕੀ ਚਿੱਠੀ ਮਿਲੀ, ਬੱਚਿਆਂ ਦੇ ਪ੍ਰੋਗਰਾਮ, ਰਾਤ ਦੇ ਨਾਟਕ) ਤੇ ਹੋਰ ਬਹੁਤ ਸਾਰੇ ਪ੍ਰਸਿੱਧ ਰੇਡੀਓ ਪ੍ਰੋਗਰਾਮਾਂ ਨੂੰ ਪਿਆਰ ਨਾਲ ਯਾਦ ਕਰਦੀ ਹੈ | ਦੱਸਣਯੋਗ ਹੈ ਕਿ 18 ਅਪ੍ਰੈਲ 1930 ਵਾਲੇ ਦਿਨ ਬਿ੍ਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਬੀ.ਬੀ.ਸੀ.) ਕੋਲ ਪ੍ਰਸਾਰਿਤ ਕਰਨ ਲਈ ਕੋਈ ਵੀ ਖ਼ਬਰ ਨਹੀਂ ਸੀ ਤਾਂ ਨਿਯਮਤ ਖ਼ਬਰ ਬੁਲੇਟਿਨ ਦੀ ਥਾਂ ਪਿਆਨੋ ਸੰਗੀਤ ਲਗਾਇਆ ਗਿਆ ਸੀ | ਕਈ ਦਹਾਕੇ ਪਹਿਲਾਂ ਆਕਾਸ਼ਵਾਣੀ ਨੇ ਵੀ ਖ਼ਬਰਾਂ ਦੀ ਘਾਟ ਕਾਰਨ ਸਵੇਰ ਦੇ ਨਿਊਜ਼ ਬੁਲੇਟਿਨ ਮੌਕੇ ਇਕ ਚੂਹੇ ਬਾਰੇ ਮਾਮੂਲੀ ਖ਼ਬਰ ਨੂੰ ਅਸਾਧਾਰਨ ਢੰਗ ਨਾਲ ਪੇਸ਼ ਕਰਦਿਆਂ ਜ਼ਿਆਦਾ ਦੇਰ ਲਈ ਪ੍ਰਸਾਰਿਤ ਕੀਤਾ ਸੀ |
ਦੂਰਦਰਸ਼ਨ ਚੈਨਲਾਂ ਨੂੰ ਮਿਲਾਇਆ ਜਾਵੇ : ਸੋਮਵਾਰ ਨੂੰ ਪ੍ਰਕਾਸ਼ਿਤ ਹੋਣ ਵਾਲੇ ਜ਼ਿਆਦਾਤਰ ਅਖ਼ਬਾਰ ਨਿਊਜ਼ ਏਜੰਸੀਆਂ 'ਤੇ ਨਿਰਭਰ ਕਰਦੇ ਹਨ | ਭਾਰਤ 'ਚ ਜ਼ਿਆਦਾਤਰ ਖ਼ਬਰਾਂ ਰਾਜਨੀਤਿਕ ਹੁੰਦੀਆਂ ਹਨ, ਜਦਕਿ ਸ਼ਨੀਵਾਰ ਤੇ ਐਤਵਾਰ ਦੀਆਂ ਛੁੱਟੀਆਂ ਦੌਰਾਨ ਰਾਜਨੀਤਿਕ ਸਰਗਰਮੀਆਂ ਅਕਸਰ ਘੱਟ ਹੁੰਦੀਆਂ ਹਨ | ਇਸ ਤੋਂ ਇਲਾਵਾ ਇਲੈਕਟ੍ਰਾਨਿਕ ਤੇ ਪਿ੍ੰਟ ਮੀਡੀਆ ਰਿਪੋਰਟਰ ਵੀ ਐਤਵਾਰ ਨੂੰ ਹਫ਼ਤਾਵਾਰੀ ਛੁੱਟੀ 'ਤੇ ਹੁੰਦੇ ਹਨ | ਇਸ ਕਰਕੇ ਅੱਜ-ਕੱਲ੍ਹ ਮਹੱਤਵਪੂਰਨ ਖ਼ਬਰਾਂ ਬਹੁਤੇ ਟੀ.ਵੀ. ਨਿਊਜ਼ ਚੈਨਲ ਕਈ, ਦਿਨਾਂ ਤੱਕ ਦਿਖਾ-ਦਿਖਾ ਕੇ ਦਰਸ਼ਕਾਂ ਨੂੰ ਅਕਾ ਦਿੰਦੇ ਹਨ | 15 ਸਤੰਬਰ, 2021 ਤੋਂ ਰਾਜ ਸਭਾ ਟੀ.ਵੀ. ਤੇ ਲੋਕ ਸਭਾ ਟੀ.ਵੀ. ਦਾ ਰਲੇਵਾਂ ਕਰਕੇ 'ਸੰਸਦ ਟੀ.ਵੀ.' ਬਣਾਉਣ ਦਾ ਫ਼ੈਸਲਾ ਸਵਾਗਤਯੋਗ ਕਦਮ ਹੈ | ਸੰਸਦ ਦੇ ਦੋਵੇਂ ਸਦਨਾਂ ਦੀਆਂ ਕਾਰਵਾਈਆਂ ਨੂੰ ਉਨ੍ਹਾਂ ਦੀ ਮਹੱਤਤਾ ਅਨੁਸਾਰ ਸਿੱਧਾ ਪ੍ਰਸਾਰਿਤ ਕਰਨ ਤੋਂ ਇਲਾਵਾ ਦੋਵੇਂ ਸਦਨਾਂ ਦੀਆਂ ਪ੍ਰਮੁੱਖ ਝਲਕੀਆਂ ਸੰਸਦ ਟੀ.ਵੀ. ਦੇ ਨਾਲ-ਨਾਲ ਵੱਖ-ਵੱਖ ਦੂਰਦਰਸ਼ਨ ਚੈਨਲਾਂ 'ਤੇ 'ਪ੍ਰਾਈਮ ਟਾਈਮ' ਦੌਰਾਨ ਦਿਖਾਈਆਂ ਜਾ ਸਕਦੀਆਂ ਹਨ |
ਸਾਰੇ ਕੇਬਲ ਤੇ ਡਿਸ਼ ਟੀ.ਵੀ. ਆਪਰੇਟਰਾਂ ਲਈ ਦੂਰਦਰਸ਼ਨ ਦੇ 25 ਚੈਨਲਾਂ ਦੇ ਨਾਲ ਸੰਸਦ ਟੀ.ਵੀ. ਦਾ ਪ੍ਰਸਾਰਨ ਕਰਨਾ ਪਹਿਲਾਂ ਤੋਂ ਲਾਜ਼ਮੀ ਹੈ | ਇਨ੍ਹਾਂ ਚੈਨਲਾਂ ਨੂੰ ਚੈਨਲ ਸੂਚੀ ਦੇ ਸ਼ੁਰੂਆਤੀ ਨੰਬਰਾਂ 'ਤੇ ਮਨੋਰੰਜਨ ਚੈਨਲਾਂ 'ਚੋਂ ਡੀਡੀ ਨੈਸ਼ਨਲ ਤੇ ਡੀਡੀ ਭਾਰਤੀ ਨੂੰ ਪਹਿਲੇ 'ਤੇ ਦੂਜੇ ਸਥਾਨ 'ਤੇ ਰੱਖਿਆ ਜਾਵੇ ਅਤੇ ਨਿਊਜ਼ ਚੈਨਲਾਂ 'ਚੋਂ, ਡੀਡੀ ਨਿਊਜ਼ 'ਤੇ ਸੰਸਦ ਟੀ.ਵੀ. ਨੂੰ ਪਹਿਲੇ 'ਤੇ ਦੂਜੇ ਸਥਾਨ 'ਤੇ ਰੱਖਿਆ ਜਾਣਾ ਚਾਹੀਦਾ ਹੈ | ਬਹੁਤ ਸਾਰੇ ਟੀ.ਵੀ. ਸੀਰੀਅਲ ਸਾਲਾਂ ਤੋਂ ਚੱਲ ਰਹੇੇ ਹਨ, ਜਿਸ ਵਿਚ ਕਿਰਦਾਰਾਂ ਦੀਆਂ ਪੀੜ੍ਹੀਆਂ ਤੱਕ ਬਦਲ ਜਾਂਦੀਆਂ ਹਨ, ਇਹ ਦਰਸ਼ਕਾਂ 'ਚ ਟੀ.ਵੀ. ਦੀ ਲਤ ਨੂੰ ਵਧਾਉਣ ਤੋਂ ਇਲਾਵਾ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਬੱਚਿਆਂ ਦੀ ਦੇਖਭਾਲ 'ਤੇ ਮਾੜਾ ਪ੍ਰਭਾਵ ਪਾਉਂਦੇ ਹਨ | ਸੂਚਨਾ ਤੇ ਪ੍ਰਸਾਰਨ ਮੰਤਰਾਲੇ ਨੂੰ ਆਮ ਟੀ.ਵੀ. ਸੀਰੀਅਲਾਂ ਲਈ ਇਕ ਸਾਲ 'ਚ ਵੱਧ ਤੋਂ ਵੱਧ 52 ਐਪੀਸੋਡ ਦੀ ਹੱਦ ਨਿਰਧਾਰਤ ਕਰਨ 'ਤੇ ਵਿਚਾਰ ਕਰਨਾ ਚਾਹੀਦਾ ਹੈ | ਹਾਲਾਂਕਿ ਰਾਮਾਇਣ ਤੇ ਮਹਾਂਭਾਰਤ ਵਰਗੇ ਮਹਾਂਕਾਵਾਂ 'ਤੇ ਆਧਾਰਿਤ ਸੀਰੀਅਲਾਂ ਤੇ ਹਰੇਕ ਐਪੀਸੋਡ ਵਿਚ ਵੱਖਰੀ ਕਹਾਣੀ ਵਾਲੇ ਸੀਰੀਅਲਾਂ ਨੂੰ ਇਸ ਤੋਂ ਛੋਟ ਦਿੱਤੀ ਜਾ ਸਕਦੀ ਹੈ | ਸੋਸ਼ਲ ਮੀਡੀਆ ਪਹਿਲਾਂ ਹੀ ਲੋਕਾਂ ਦੀ ਜੀਵਨ ਸ਼ੈਲੀ ਤੇ ਕਾਰਜ ਕੁਸ਼ਲਤਾ ਨੂੰ ਪ੍ਰਭਾਵਿਤ ਕਰ ਰਿਹਾ ਹੈ |
(ਲੇਖਕ ਸਭ ਤੋਂ ਵੱਧ ਪੱਤਰ ਲਿਖਣ ਲਈ ਗਿੰਨੀਜ਼ ਵਰਲਡ ਰਿਕਾਰਡ ਧਾਰਕ ਤੇ ਇਕ ਆਰ.ਟੀ.ਆਈ. ਸਲਾਹਕਾਰ ਹੈ |)
-ਇਮੇਜ ਰਿਫਲਿਕਸ਼ਨ ਸੈਂਟਰ