05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਮਹਾਨ ਦੇਸ਼ ਭਗਤ ਸਨ ਨੇਤਾਜੀ ਸੁਭਾਸ਼ ਚੰਦਰ ਬੋਸ

ਅਜੀਤ ਡੈਸਕ 23-01-2026

ਜਨਮ ਦਿਨ 'ਤੇ ਵਿਸ਼ੇਸ਼

ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਜਨਮ 23 ਜਨਵਰੀ 1897 ਨੂੰ ਕਟਕ (ਓਡੀਸ਼ਾ) ਵਿਖੇ ਉੱਘੇ ਵਕੀਲ ਪਿਤਾ ਜਾਨਕੀ ਨਾਥ ਬੋਸ ਤੇ ਮਾਤਾ ਪ੍ਰਭਾਵਤੀ ਬੋਸ ਦੇ ਘਰ ਹੋਇਆ। ਨੇਤਾਜੀ ਨੇ ਸ਼ੁਰੂਆਤੀ ਪੜ੍ਹਾਈ ਕਟਕ ਦੇ ਰੇਵੇਂਸੋਵ ਕਾਲਜੀਏਟ ਸਕੂਲ ਤੋਂ ਕੀਤੀ। ਉਹ ਪੜ੍ਹਾਈ 'ਚ ਸ਼ੁਰੂ ਤੋਂ ਹੀ ਬਹੁਤ ਹੁਸ਼ਿਆਰ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਕਲਕੱਤਾ ਦੇ ਪ੍ਰੈਜ਼ੀਡੈਂਸੀ ਕਾਲਜ ਤੇ ਸਕਾਟਿਸ਼ ਚਰਚ ਕਾਲਜ ਤੋਂ ਸਿੱਖਿਆ ਹਾਸਲ ਕੀਤੀ। 1919 'ਚ ਉਨ੍ਹਾਂ ਨੇ ਫ਼ਿਲਾਸਫ਼ੀ ਵਿਸ਼ੇ 'ਚ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ। ਬਾਅਦ 'ਚ ਭਾਰਤੀ ਪ੍ਰਸ਼ਾਸਨਿਕ ਸੇਵਾ (ਇੰਡੀਅਨ ਸਿਵਿਲ ਸਰਵਿਸ) ਦੀ ਤਿਆਰੀ ਲਈ ਉਨ੍ਹਾਂ ਦੇ ਮਾਤਾ-ਪਿਤਾ ਨੇ ਬੋਸ ਨੂੰ ਇੰਗਲੈਂਡ ਦੀ ਕੈਂਬ੍ਰਿਜ ਯੂਨੀਵਰਸਿਟੀ ਭੇਜ ਦਿੱਤਾ। ਅੰਗਰੇਜ਼ੀ ਰਾਜ 'ਚ ਭਾਰਤੀਆਂ ਲਈ ਸਿਵਿਲ ਸਰਵਿਸ 'ਚ ਜਾਣਾ ਬਹੁਤ ਹੀ ਮੁਸ਼ਕਿਲ ਸੀ ਪਰ ਉਨ੍ਹਾਂ ਨੇ ਸਿਵਿਲ ਸਰਵਿਸ ਦੀ ਪ੍ਰੀਖਿਆ ਸਿਰਫ਼ 8 ਮਹੀਨਿਆਂ 'ਚ ਪਾਸ ਕਰਕੇ ਚੌਥਾ ਸਥਾਨ ਪ੍ਰਾਪਤ ਕੀਤਾ। 1919 'ਚ ਜਲ੍ਹਿਆਂਵਾਲਾ ਬਾਗ ਸਾਕੇ ਤੋਂ ਬਾਅਦ ਮਹਾਤਮਾ ਗਾਧੀ ਵਲੋਂ ਅੰਗਰੇਜ਼ਾਂ ਖ਼ਿਲਾਫ਼ ਸ਼ੁਰੂ ਕੀਤੇ 'ਨਾ ਮਿਲਵਰਤਨ ਅੰਦੋਲਨ' ਵਿਚ ਲੱਖਾਂ ਲੋਕਾਂ ਨੇ ਰੋਸ ਵਜੋਂ ਨੌਕਰੀਆਂ ਤੋਂ ਅਸਤੀਫ਼ੇ ਦੇ ਦਿੱਤੇ, ਵਿਦੇਸ਼ੀ ਚੀਜ਼ਾਂ ਦਾ ਬਾਈਕਾਟ ਕੀਤਾ ਗਿਆ। ਉਸ ਸਮੇਂ ਸੁਭਾਸ਼ ਚੰਦਰ ਬੋਸ ਵੀ ਆਪਣੀ ਭਾਰਤ ਦੀ ਸਭ ਤੋਂ ਵੱਡੀ ਸਿਵਲ ਸਰਵਿਸ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਭਾਰਤੀ ਸੁਤੰਤਰਤਾ ਸੰਗਰਾਮ 'ਚ ਸ਼ਾਮਿਲ ਹੋ ਗਏ।
'ਜੈ ਹਿੰਦ' ਦਾ ਨਾਅਰਾ ਨੇਤਾਜੀ ਨੇ ਹੀ ਦਿੱਤਾ ਸੀ, ਜੋ ਅੱਜ ਭਾਰਤ ਦਾ ਰਾਸ਼ਟਰੀ ਨਾਅਰਾ ਬਣ ਚੁੱਕਾ ਹੈ। 1921 'ਚ ਉਹ ਭਾਰਤ ਵਾਪਸ ਆ ਕੇ ਭਾਰਤੀ ਰਾਸ਼ਟਰੀ ਕਾਂਗਰਸ ਨਾਲ ਜੁੜ ਗਏ। 1929 'ਚ ਉਹ ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ ਦੇ ਪ੍ਰਧਾਨ ਚੁਣੇ ਗਏ। 1931 'ਚ ਕਲਕੱਤਾ ਕਾਰਪੋਰੇਸ਼ਨ ਦੇ ਪ੍ਰਧਾਨ ਬਣੇ। ਫਿਰ 1938 'ਚ ਉਹ 51ਵੇਂ ਇਜਲਾਸ ਦੌਰਾਨ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਚੁਣੇ ਗਏ ਤੇ ਉਨ੍ਹਾਂ ਨੇ ਰਾਸ਼ਟਰੀ ਯੋਜਨਾ ਆਯੋਗ ਦਾ ਗਠਨ ਕੀਤਾ। ਇਹ ਨੀਤੀ ਗਾਂਧੀਵਾਦੀ ਆਰਥਿਕ ਵਿਚਾਰਾਂ ਦੇ ਅਨੁਕੂਲ ਨਹੀਂ ਸੀ। 1939 'ਚ ਬੋਸ ਦੁਬਾਰਾ ਫਿਰ ਇਕ ਮਹਾਤਮਾ ਗਾਂਧੀ ਦੇ ਸਮਰਥਕ ਆਗੂ ਨੂੰ ਹਰਾ ਕੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਬਣ ਗਏ ਪਰ ਬਾਅਦ ਵਿਚ ਉਨ੍ਹਾਂ ਨੇ ਇਹ ਅਹੁਦਾ ਠੁਕਰਾ ਦਿੱਤਾ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਅਹਿੰਸਾ ਦੇ ਨਾਲ ਆਜ਼ਾਦੀ ਹਾਸਲ ਨਹੀਂ ਕੀਤੀ ਜਾ ਸਕਦੀ। 20 ਜੂਨ 1940 'ਚ ਉਨ੍ਹਾਂ ਨੇ ਵੀਰ ਸਾਵਰਕਰ ਨਾਲ ਮੁਲਾਕਾਤ ਕੀਤੀ। 16 ਜਨਵਰੀ 1941 ਨੂੰ ਨੇਤਾਜੀ ਭੇਸ ਬਦਲ ਕੇ ਕਲਕੱਤਾ ਤੋਂ ਪਿਸ਼ਾਵਰ ਚਲੇ ਗਏ, ਜਿੱਥੋਂ ਉਹ ਕਾਬਲ ਤੇ ਅੱਗੇ ਜਰਮਨੀ ਪੁੱਜੇ। 1921 ਤੋਂ 1941 ਦੌਰਾਨ ਉਹ ਕਈ ਵਾਰ ਜੇਲ੍ਹ ਵੀ ਗਏ। ਸਰਗਰਮ ਰਾਜਨੀਤੀ 'ਚ ਆਉਣ ਤੋਂ ਪਹਿਲਾਂ ਨੇਤਾਜੀ ਲਗਭਗ ਪੂਰੀ ਦੁਨੀਆ ਦੀ ਫੇਰੀ ਲਾ ਚੁੱਕੇ ਸਨ। ਉਹ 1933 ਤੋਂ 36 ਤੱਕ ਯੂਰਪ ਵਿਚ ਰਹੇ, ਜਿੱਥੇ ਇਹ ਦੌਰ ਹਿਟਲਰ ਦੇ ਨਾਜ਼ੀਵਾਦ ਤੇ ਮੁਸੋਲਿਨੀ ਦੇ ਫਾਸ਼ੀਵਾਦ ਦਾ ਸੀ। ਨਾਜ਼ੀਵਾਦ ਤੇ ਫਾਸ਼ੀਵਾਦ ਦਾ ਨਿਸ਼ਾਨਾ ਇੰਗਲੈਂਡ ਸੀ, ਜਿਸ ਨੇ ਪਹਿਲੇ ਵਿਸ਼ਵ ਯੁੱਧ ਦੇ ਬਾਅਦ ਜਰਮਨੀ 'ਤੇ ਇਕਤਰਫ਼ਾ ਸਮਝੌਤੇ ਥੋਪੇ ਸਨ। ਉਹ ਉਸ ਦਾ ਬਦਲਾ ਇੰਗਲੈਂਡ ਤੋਂ ਲੈਣਾ ਚਾਹੁੰਦੇ ਸਨ। ਉਸ ਸਮੇਂ ਭਾਰਤ 'ਤੇ ਵੀ ਅੰਗਰੇਜ਼ਾਂ ਦਾ ਕਬਜ਼ਾ ਸੀ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਇੰਗਲੈਂਡ ਖਿਲਾਫ਼ ਲੜਾਈ ਵਿਚ ਨੇਤਾਜੀ ਨੂੰ ਹਿਟਲਰ ਤੇ ਮੁਸੋਲਿਨੀ 'ਚ ਭਵਿੱਖ ਦਾ ਮਿੱਤਰ ਦਿਖਾਈ ਦੇ ਰਿਹਾ ਸੀ ਕਿਉਂਕਿ ਦੁਸ਼ਮਣ ਦਾ ਦੁਸ਼ਮਣ ਦੋਸਤ ਹੁੰਦਾ ਹੈ। ਉਨ੍ਹਾਂ ਦਾ ਮੰਨਣਾ ਸੀ ਕਿ ਆਜ਼ਾਦੀ ਹਾਸਲ ਕਰਨ ਲਈ ਰਾਜਨੀਤਕ ਸਰਗਰਮੀਆਂ ਦੇ ਨਾਲ-ਨਾਲ ਕੂਟਨੀਤਕ ਤੇ ਸੈਨਾ ਦੇ ਸਹਿਯੋਗ ਦੀ ਵੀ ਜ਼ਰੂਰਤ ਪੈਂਦੀ ਹੈ। ਉਨ੍ਹਾਂ ਨੇ ਜਪਾਨ ਜਾ ਕੇ ਉਨ੍ਹਾਂ ਦੀ ਮਦਦ ਨਾਲ ਪਹਿਲਾਂ ਭਾਰਤੀ ਆਰਮਡ ਫੋਰਸ ਦੀ ਸਥਾਪਨਾ ਕੀਤੀ, ਜਿਸ ਦਾ ਨਾਂਅ 'ਆਜ਼ਾਦ ਹਿੰਦ ਫੌਜ' ਰੱਖਿਆ ਗਿਆ, ਜਿਸ ਨੇ ਅੰਗਰੇਜ਼ੀ ਰਾਜ ਦੀਆਂ ਜੜ੍ਹਾਂ ਪੁੱਟਣ 'ਚ ਵੱਡੀ ਭੂਮਿਕਾ ਨਿਭਾਈ। ਔਰਤਾਂ ਲਈ 'ਰਾਣੀ ਝਾਂਸੀ ਰੈਜੀਮੈਂਟ' ਦਾ ਗਠਨ ਕੀਤਾ, ਜਿਸ ਦੀ ਕੈਪਟਨ ਲਛਮੀ ਸਹਿਗਲ ਬਣੀ। ਨੇਤਾਜੀ ਨੇ ਦ੍ਰਿੜ੍ਹ ਕ੍ਰਾਂਤੀ ਰਾਹੀਂ ਭਾਰਤ ਨੂੰ ਸੁਤੰਤਰ ਕਰਾਉਣ ਦੇ ਉਦੇਸ਼ ਨਾਲ 21 ਅਕਤੂਬਰ 1943 ਨੂੰ 'ਆਜ਼ਾਦ ਹਿੰਦ ਸਰਕਾਰ' ਦੀ ਸਥਾਪਨਾ ਕੀਤੀ। ਉਹ ਆਪਣੀ ਫੌਜ ਸਮੇਤ 4 ਜੁਲਾਈ 1944 ਨੂੰ ਬਰ੍ਹਮਾ ਪਹੁੰਚੇ। ਇੱਥੇ ਹੀ ਉਨ੍ਹਾਂ ਨੇ ਕਿਹਾ ਸੀ, 'ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ'। ਉਨ੍ਹਾਂ ਨੇ ਜਰਮਨ 'ਚ 'ਆਜ਼ਾਦ ਹਿੰਦ ਰੇਡੀਓ ਸਟੇਸ਼ਨ' ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਅੰਗਰੇਜ਼ੀ ਸਾਮਰਾਜ ਦੇ ਹੁੰਦਿਆਂ ਹੀ ਭਾਰਤ ਦੀ ਧਰਤੀ 'ਤੇ ਆਜ਼ਾਦ ਭਾਰਤ ਦਾ ਝੰਡਾ ਲਹਿਰਾ ਦਿੱਤਾ ਸੀ।
18 ਅਗਸਤ 1945 ਨੂੰ ਟੋਕੀਓ (ਜਪਾਨ) ਜਾਂਦੇ ਸਮੇਂ ਤਾਈਵਾਨ ਕੋਲ ਤਾਈਹੋਕੂ ਹਵਾਈ ਅੱਡੇ 'ਤੇ ਹਵਾਈ ਜਹਾਜ਼ ਦੁਆਰਾ ਉਡਾਣ ਭਰਨ ਸਮੇਂ ਜਹਾਜ਼ ਨੂੰ ਅਚਾਨਕ ਅੱਗ ਲੱਗਣ ਕਾਰਨ ਨੇਤਾਜੀ ਦੀ ਮੌਤ ਹੋਈ ਦੱਸੀ ਜਾਂਦੀ ਹੈ, ਪਰ ਉਨ੍ਹਾਂ ਦੀ ਮ੍ਰਿਤਕ ਦੇਹ ਨਹੀਂ ਮਿਲ ਸਕੀ ਸੀ। ਅੱਜ ਭਾਵੇਂ ਉਹ ਸਾਡੇ ਵਿਚਕਾਰ ਮੌਜੂਦ ਨਹੀਂ ਹਨ ਪਰ ਫਿਰ ਵੀ ਰਹਿੰਦੀ ਦੁਨੀਆ ਤੱਕ ਉਨ੍ਹਾਂ ਵਲੋਂ ਭਾਰਤ ਨੂੂੰ ਆਜ਼ਾਦ ਕਰਾਉਣ ਲਈ ਕੀਤੇ ਗਏ ਸੰਘਰਸ਼ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ। ਆਓ, ਅੱਜ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ 'ਤੇ ਵਾਅਦਾ ਕਰੀਏ ਕਿ ਅਸੀਂ ਵੀ ਉਨ੍ਹਾਂ ਵਾਂਗ ਆਪਣੇ ਦੇਸ਼ ਤੇ ਸਮਾਜ ਦੀ ਭਲਾਈ ਲਈ ਕੁਝ ਨਾ ਕੁਝ ਯੋਗਦਾਨ ਜ਼ਰੂਰ ਪਾਵਾਂਗੇ। ਇਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਜੈ ਹਿੰਦ।

-ਕੰਪਿਊਟਰ ਅਧਿਆਪਕ, ਸਰਕਾਰੀ ਹਾਈ ਸਕੂਲ, ਢੈਪਈ (ਫਰੀਦਕੋਟ)।
ਮੋਬਾਈਲ : 98550-31081

ਪਿਛਲੀ ਖ਼ਬਰ ਸ਼ਾਕਾਹਾਰੀ ਭੋਜਨ ਅਗਲੀ ਖ਼ਬਰ ਜ਼ਿਆਦਾ ਤਣਾਅ ਨਾਲ ਕਮਜ਼ੋਰ ਹੋ ਸਕਦੀ ਹੈ ਯਾਦਦਾਸ਼ਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।