04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

84 ਸਾਲ ਦੇ ਅਮਿਤਾਭ ਬੱਚਨ ਅਜੇ ਵੀ 'ਐਂਗਰੀ ਯੰਗ ਮੈਨ'

84 ਸਾਲ ਦੇ ਅਮਿਤਾਭ ਬੱਚਨ ਅਜੇ ਵੀ 'ਐਂਗਰੀ ਯੰਗ ਮੈਨ'

ਅਜੀਤ ਡੈਸਕ 04-10-2026

ਅਮਿਤਾਭ ਬੱਚਨ ਦਾ ਤਾਜ਼ਾ 'ਰਿਟਾਇਰਮੈਂਟ' ਐਪੀਸੋਡ ਉਸ ਦੀ ਸ਼ੈਲੀ ਵਰਗਾ ਹੈ: ਥੋੜ੍ਹੀ ਅਸਪੱਸ਼ਟਤਾ ਭਰੇ  ਸ਼ਬਦ, ਮੀਡੀਆ 'ਚ ਤੂਫਾਨ ਉੱਠਣ 'ਤੇ 83 ਸਾਲਾ ਸਟਾਰ ਦਾ ਵਾਪਸ ਆ ਕੇ ਸਮਝਾਉਣਾ ਕਿ ਰਿਟਾਇਰਮੈਂਟ ਤੋਂ ਉਸ ਦਾ ਮਤਲਬ ਸੌਣ ਤੋਂ ਸੀ | ਉਹ ਸ਼ਰਾਰਤ ਭਰੇ ਅੰਦਾਜ਼ 'ਚ ਸਪੱਸ਼ਟ ਕਰਦਾ ਹੈ ਕਿ ਉਹ ਰਾਤ ਲਈ ਸੰਨਿਆਸ ਲੈਣ ਦਾ ਹਵਾਲਾ ਦੇ ਰਿਹਾ ਸੀ, ਕੰਮ ਤੋਂ ਸੰਨਿਆਸ ਨਹੀਂ ਲੈ ਰਿਹਾ | ਪ੍ਰਸਿੱਧੀ ਦੇ ਸਿਖ਼ਰ 'ਤੇ ਬੈਠੇ ਬੱਚਨ ਦੀ ਗਲਤਫਹਿਮੀ ਪੈਦਾ ਕਰਨ ਵਾਲੀ ਟਿੱਪਣੀ ਵੀ ਖ਼ਬਰ ਬਣ ਜਾਂਦੀ ਹੈ | ਕੁਝ ਅਦਾਕਾਰਾਂ ਦਾ ਕਰੀਅਰ ਲੰਬਾ ਹੁੰਦਾ ਹੈ ਤੇ ਕਈੇ ਅਦਾਕਾਰ ਸਟਾਰ ਬਣ ਜਾਂਦੇ ਹਨ, ਪਰ ਕੁਝ ਅਦਾਕਾਰ ਸੰਸਥਾਵਾਂ ਬਣ ਜਾਂਦੇ ਹਨ | ਅਮਿਤਾਭ ਬੱਚਨ ਤੀਜੀ ਸ਼੍ਰੇਣੀ ਨਾਲ ਸੰਬੰਧਿਤ ਹਨ | ਉਸ ਨੇ ਹਿੰਦੀ ਫਿਲਮਾਂ 'ਚ ਰਾਜੇਸ਼ ਖੰਨਾ ਜਿਹੇ ਨਾਇਕਾਂ ਦੀ ਰੋਮਾਂਟਿਕ, ਨੱਚਣ-ਗਾਉਣ ਵਾਲੇ ਪ੍ਰੇਮੀ ਦੀ ਇਮੇਜ ਨੂੰ  ਗੰਭੀਰ, ਗੁਸੈਲ ਤੇ ਸਰੀਰਕ ਤੌਰ 'ਤੇ ਰੋਹਬਦਾਰ ਸ਼ਖ਼ਸੀਅਤ ਵਿਚ ਬਦਲ ਕੇ ਬਾਲੀਵੁੱਡ ਵਿਚ ਇਕ ਅਸਾਧਾਰਨ ਸਥਾਨ 'ਤੇ ਕਬਜ਼ਾ ਕੀਤਾ ਹੈ | ਉਹ ਸਿਰਫ਼ ਇਕ ਅਦਾਕਾਰ ਨਹੀਂ ਹੈ, ਜਿਸ ਨੇ ਆਪਣੇ ਨੌਵੇਂ ਦਹਾਕੇ ਵਿਚ ਵੀ ਕੰਮ ਕਰਨਾ ਜਾਰੀ ਰੱਖਿਆ ਹੈ | ਉਹ ਅਜਿਹੀ ਸੱਭਿਆਚਾਰਕ ਪਛਾਣ ਬਣ ਚੁੱਕਾ ਹੈ, ਜਿਸ ਦੀ ਆਵਾਜ਼, ਚਿਹਰਾ ਤੇ ਨਾਂਅ ਸਿਨੇਮਾ ਤੋਂ ਕਿਤੇ ਅੱਗੇ ਲੰਘ ਚੁੱਕਾ ਹੈ | ਉਸ ਦੀ ਅਚਾਨਕ ਸੇਵਾਮੁਕਤੀ ਦੇ ਐਲਾਨ ਨੇ ਉਸ ਦੀ ਹਸਤੀ ਤੇ ਹੈਸੀਅਤ ਦਾ ਪ੍ਰਦਰਸ਼ਨ ਕੀਤਾ ਹੈ | ਦਰਅਸਲ ਅਮਿਤਾਭ ਦਾ ਪੇਸ਼ੇਵਰ ਜੀਵਨ ਇੰਨਾ ਸਰਗਰਮ ਹੈ ਕਿ ਸੇਵਾਮੁਕਤੀ ਇਕ ਸੰਖੇਪ ਸਵਾਲ ਨਹੀਂ ਹੈ | ਉਹ ਫਿਲਮਾਂ- ਸੈਕਸ਼ਨ 84 ਤੇ ਕਲਕੀ 2898 ਏਡੀ ਦੇ ਵਿਸਥਾਰ ਤੋਂ ਇਲਾਵਾ ਟੈਲੀਵਿਜ਼ਨ 'ਤੇ 'ਕੌਨ ਬਨੇਗਾ ਕਰੋੜਪਤੀ' ਵਰਗੇ ਪ੍ਰੋਜੈਕਟਾਂ ਨਾਲ ਜੁੜੇ ਹੋਏ ਹਨ | ਦਹਾਕਿਆਂ ਤੋਂ ਐਤਵਾਰ ਨੂੰ  ਉਸ ਦੇ ਦਰਸ਼ਨ ਲਈ ਪ੍ਰਸੰਸਕ 'ਜਲਸਾ' ਦੇ ਬਾਹਰ ਇਕੱਠੇ ਹੁੰਦੇ ਹਨ, ਸਟਾਰ ਤੇ ਦਰਸ਼ਕਾਂ ਵਿਚਕਾਰ ਇਹ ਰਿਸ਼ਤਾ ਉਸ ਦੇ ਵਰਤਾਰੇ ਨੂੰ  ਸਮਝਣ ਲਈ ਜ਼ਰੂਰੀ ਹੈ |

500 ਰੁਪਏ ਦੀ ਤਨਖਾਹ ਤੋਂ ਲੈ ਕੇ ਬਾਲੀਵੁੱਡ ਰਾਇਲਟੀ ਬਣਨ ਤੱਕ ਦੀ ਕਹਾਣੀ ਬੜੀ ਦਿਲਚਸਪ ਹੈ | ਸੁਪਰਸਟਾਰ ਬਣਨ ਤੋਂ ਪਹਿਲਾਂ ਅਮਿਤਾਭ ਬੱਚਨ ਰੁਜ਼ਗਾਰ ਲੱਭਣ ਵਾਲਾ ਇਕ ਨੌਜਵਾਨ ਸੀ, ਜੋ ਗ੍ਰੈਜੂਏਟ ਹੋਣ ਤੋਂ ਬਾਅਦ ਕਲਕੱਤਾ ਵਿਚ 'ਬਰਡ ਐਂਡ ਕੰਪਨੀ' 'ਚ ਇਕ ਕਾਰਜਕਾਰੀ ਅਧਿਕਾਰੀ ਵਜੋਂ 500 ਰੁਪਏ ਮਹੀਨਾ ਤਨਖਾਹ 'ਤੇ ਕੰਮ ਕਰਦਾ ਹੈ ਅਤੇ ਬਾਅਦ 'ਚ ਉਸ ਨੇ 'ਬਲੈਕਰ ਐਂਡ ਕੰਪਨੀ' 'ਚ ਵੀ ਕੰਮ ਕੀਤਾ | ਉਸ ਦੇ ਸ਼ੌਕੀਆ ਥੀਏਟਰ ਕਰਨ ਦਾ ਭਵਿੱਖ ਦੇ ਸੁਪਰਸਟਾਰ ਨੂੰ  ਅਦਾਕਾਰੀ ਅਨੁਸ਼ਾਸਨ ਤੇ ਆਵਾਜ਼ ਵਿਚ ਵੱਡਾ ਫਾਇਦਾ ਹੋਇਆ ਤੇ ਉਹ ਭਾਰਤ ਦੀਆਂ ਸਭ ਤੋਂ ਵੱਧ ਚਰਚਿਤ ਤੇ ਜਾਣੀਆਂ-ਪਛਾਣੀਆਂ ਆਵਾਜ਼ਾਂ 'ਚੋਂ ਇਕ ਬਣ ਗਿਆ ਹੈ | ਹਾਲਾਂਕਿ ਆਲ ਇੰਡੀਆ ਰੇਡੀਓ 'ਚ ਪ੍ਰਸਾਰਕ ਬਣਨ ਦੀ ਉਸ ਦੀ ਕੋਸ਼ਿਸ਼ ਸਫਲ ਨਹੀਂ ਹੋ ਸਕੀ ਸੀ | ਅਮਿਤਾਭ ਨੇ 1969 ਵਿਚ 'ਸਾਤ ਹਿੰਦੁਸਤਾਨੀ' ਫਿਲਮ ਨਾਲ ਆਪਣਾ ਅਦਾਕਾਰੀ ਦਾ ਸਫਰ ਸ਼ੁਰੂ ਕੀਤਾ ਸੀ | ਉਹ ਸੰਘਰਸ਼ਸ਼ੀਲ ਅਦਾਕਾਰ ਤੋਂ ਸਟਾਰ  1973 ਵਿਚ ਆਈ ਪ੍ਰਕਾਸ਼ ਮਹਿਰਾ ਦੀ ਫ਼ਿਲਮ 'ਜ਼ੰਜੀਰ' ਨਾਲ ਬਣਿਆ | ਜ਼ੰਜੀਰ 'ਚ ਉਸ ਦੀ 'ਐਂਗਰੀ ਯੰਗ ਮੈਨ' ਦੀ ਭੂਮਿਕਾ ਨੇ ਹਿੰਦੀ ਸਿਨੇਮਾ ਨੂੰ  ਬਦਲ ਕੇ ਰੱਖ ਦਿੱਤਾ, ਜੋ ਉਸ ਸਮੇਂ ਤੱਕ ਸੁਪਰਸਟਾਰ ਰਾਜੇਸ਼ ਖੰਨਾ ਦੇ ਰੋਮਾਂਟਿਕ ਹੀਰੋ ਦੇ ਵਰਤਾਰੇ ਨਾਲ ਜੁੜੀ ਹੋਈ ਸੀ |
ਅਮਿਤਾਭ ਦਾ ਇੰਸਪੈਕਟਰ ਵਿਜੇ ਖੰਨਾ ਵਜੋਂ ਗੁੱਸੇ ਵਾਲਾ, ਇਕੱਲਾ ਤੇ ਕੋਈ ਸਮਝੌਤਾ ਨਾ ਕਰਨ ਵਾਲਾ ਕਿਰਦਾਰ ਬਿਲਕੁਲ ਵੱਖਰਾ ਸੀ, ਜੋ ਸਿਸਟਮ ਦਾ ਮੁਕਾਬਲਾ ਕਰਦਾ ਹੈ |  ਉਸ ਦੀ ਉੱਚੀ ਕੱਦ ਕਾਠੀ ਤੇ ਸੰਜਮੀ ਹਮਲਾਵਰਤਾ ਨੇ ਹੀਰੋ ਲਈ ਇਕ ਨਵੀਂ ਸਿਨੇਮੈਟਿਕ ਸ਼ਬਦਾਵਲੀ ਬਣਾ ਦਿੱਤੀ | 1970 ਦੇ ਦਹਾਕੇ ਦਾ ਭਾਰਤ ਰਾਜਨੀਤਕ ਅਸ਼ਾਂਤੀ, ਆਰਥਿਕ ਨਿਰਾਸ਼ਾ, ਬੇਰੁਜ਼ਗਾਰੀ ਤੇ ਸੰਸਥਾਗਤ ਅਵਿਸ਼ਵਾਸ ਨਾਲ ਜੂਝ ਰਿਹਾ ਸੀ | ਬੱਚਨ ਦਾ ਵਿਜੇ ਉਨ੍ਹਾਂ ਨਿਰਾਸ਼ਾਵਾਂ ਦਾ ਜ਼ਰੀਆ ਬਣ ਗਿਆ |  ਫਿਰ ਉਸ ਦੀ ਦੀਵਾਰ, ਸ਼ੋਲੇ, ਤਿ੍ਸ਼ੂਲ, ਡੌਨ, ਮੁਕੱਦਰ ਕਾ ਸਿਕੰਦਰ, ਅਮਰ ਅਕਬਰ ਐਂਥਨੀ, ਕਾਲਾ ਪੱਥਰ, ਨਮਕ ਹਲਾਲ ਤੇ ਸ਼ਕਤੀ ਜਿਹੀਆਂ ਸੁਪਰ ਹਿੱਟ ਫਿਲਮਾਂ ਬਾਅਦ ਬੱਚਨ 'ਬਿਗ ਬੀ' ਬਣ ਗਏ | 1982 ਵਿਚ 'ਕੁਲੀ' ਦੀ ਸ਼ੂਟਿੰਗ ਦੌਰਾਨ ਜਾਨਲੇਵਾ ਹਾਦਸਾ ਉਸ ਨੂੰ  ਮੌਤ ਦੇ ਮੂੰਹ ਨੇੜੇ ਲੈ ਗਿਆ ਸੀ | ਅਮਿਤਾਭ 1980 ਦੇ ਦਹਾਕੇ 'ਚ ਰਾਜਨੀਤੀ ਵਿਚ ਦਾਖਲ ਹੋ ਕੇ ਇਲਾਹਾਬਾਦ ਤੋਂ ਚੋਣ ਜਿੱਤਣ ਬਾਅਦ ਸੰਸਦ ਵਿਚ ਵੀ ਗਏ, ਪਰ ਜਲਦੀ ਸਿਨੇਮਾ ਵੱਲ ਮੁੜ ਆਏ | ਜਦੋਂ ਉਨ੍ਹਾਂ ਦਾ ਵਪਾਰਕ ਉੱਦਮ ਏ.ਬੀ.ਸੀ.ਐਲ. ਗੰਭੀਰ ਵਿੱਤੀ ਮੁਸ਼ਕਿਲਾਂ 'ਚ ਘਿਰ ਗਿਆ ਤਾਂ ਉਨ੍ਹਾਂ ਆਪਣੇ ਆਪ ਨੂੰ  ਨਵੇਂ ਸਿਰਿਓਾ ਸਥਾਪਿਤ ਕਰਨ ਲਈ ਵੱਡੇ ਪਰਦੇ ਦੀ ਬਜਾਏ ਟੈਲੀਵਿਜ਼ਨ ਦਾ ਰੁਖ਼ ਕੀਤਾ | 
ਜਦੋਂ ਉਹ ਸਾਲ 2000 ਵਿਚ 'ਕੌਨ ਬਨੇਗਾ ਕਰੋੜਪਤੀ' ਦੇ ਮੇਜ਼ਬਾਨ ਬਣੇ ਤਾਂ ਫਿਲਮੀ ਸਿਤਾਰੇ ਟੈਲੀਵਿਜ਼ਨ ਨੂੰ  ਛੋਟਾ ਮਾਧਿਅਮ ਮੰਨਦੇ ਸਨ, ਪਰ ਬੱਚਨ ਨੇ ਆਪਣੇ ਸਟਾਰਡਮ ਦੇ ਬਲਬੂਤੇ ਇਕ ਹੋਰ ਅਧਿਆਇ ਸਿਰਜ ਦਿੱਤਾ | ਉਸ ਦਾ ਮੇਜ਼ਬਾਨ ਵਜੋਂ ਆਪਣੇ ਅਧਿਕਾਰਪੂਰਨ ਅੰਦਾਜ਼, ਪ੍ਰਤੀਯੋਗੀਆਂ ਨਾਲ ਨਿੱਘੀ ਗੱਲਬਾਤ, ਹਾਸਾ-ਮਜ਼ਾਕ ਤੇ ਹਿੰਦੀ ਤੇ ਅੰਗਰੇਜ਼ੀ 'ਤੇ ਪੂਰੀ ਪਕੜ ਵਾਲੀ ਆਵਾਜ਼ ਨਾਲ ਆਮ ਭਾਰਤੀ ਘਰਾਂ ਵਿਚਕਾਰ ਇਕ ਨਵਾਂ ਰਿਸ਼ਤਾ ਬਣਾ ਲਿਆ | ਜੋ ਸੁਪਰਸਟਾਰ ਕਦੇ ਵੱਡੀਆਂ ਸਿਨੇਮਾ ਸਕਰੀਨਾਂ 'ਤੇ ਦਿਖਾਈ ਦਿੰਦਾ ਸੀ, ਉਹ ਸ਼ਾਮ ਸਮੇਂ ਲੋਕਾਂ ਦੇ ਲਿਵਿੰਗ ਰੂਮਾਂ 'ਚ ਦਾਖਲ ਹੋ ਗਿਆ | ਸ਼ਾਇਦ ਬੱਚਨ ਦੀ ਸਭ ਤੋਂ ਵੱਡੀ ਪ੍ਰਾਪਤੀ ਉਸ ਦੀ ਵਧਦੀ ਉਮਰ ਹੀ ਰਹੀ ਹੈ | ਉਸ ਨੇ ਬਲੈਕ, ਪਾ, ਪੀਕੂ, ਪਿੰਕ, 102 ਨਾਟ ਆਊਟ ਤੇ ਗੁਲਾਬੋ ਸੀਤਾਬੋ 'ਚ ਆਪਣੇ ਕਿਰਦਾਰਾਂ ਨੂੰ  ਪ੍ਰਭਾਵਸ਼ਾਲੀ ਅਦਾਕਾਰੀ ਨਾਲ ਅਮਰ ਕਰ ਦਿੱਤਾ ਹੈ | ਉਹ ਸਫਲਤਾਪੂਰਬਕ 60, 70 ਤੇ 80 ਸਾਲ ਵਾਲੀਆਂ ਭੂਮਿਕਾਵਾਂ ਨਿਭਾਅ ਰਿਹਾ ਹੈ |
ਉਸ ਨੇ ਸਰਬੋਤਮ ਅਦਾਕਾਰੀ ਲਈ 4 ਰਾਸ਼ਟਰੀ ਫਿਲਮ ਪੁਰਸਕਾਰ ਜਿੱਤਣ ਤੋਂ ਇਲਾਵਾ ਪਦਮ ਸ਼੍ਰੀ, ਪਦਮ ਭੂਸ਼ਣ ਤੇ ਪਦਮ ਵਿਭੂਸ਼ਣ ਪ੍ਰਾਪਤ ਕੀਤਾ ਹੈ | ਭਾਰਤ ਸਰਕਾਰ ਨੇ ਉਸ ਨੂੰ  2018 'ਚ 'ਦਾਦਾ ਸਾਹਿਬ ਫਾਲਕੇ' ਪੁਰਸਕਾਰ ਲਈ ਚੁਣਿਆ, ਜੋ ਭਾਰਤੀ ਸਿਨੇਮਾ 'ਚ ਸ਼ਾਨਦਾਰ ਯੋਗਦਾਨ ਦੇਣ ਲਈ ਦੇਸ਼ ਦਾ ਸਭ ਤੋਂ ਵੱਡਾ ਸਨਮਾਨ ਹੈ | ਪਰ ਇਕੱਲੇ ਪੁਰਸਕਾਰ ਉਸ ਦੀਆਂ ਪ੍ਰਾਪਤੀਆਂ ਦੀ ਵਿਆਖਿਆ ਨਹੀਂ ਕਰ ਸਕਦੇ | ਕਿਸੇ ਵੀ ਭਾਰਤੀ ਸ਼ਹਿਰ ਵਿਚ ਘੁੰਮੋ ਤਾਂ ਉਸ ਦਾ ਚਿਹਰਾ ਅਜੇ ਵੀ ਬਿਲਬੋਰਡ 'ਤੇ ਦਿਖਾਈ ਦੇ ਦੇਵੇਗਾ | ਟੈਲੀਵਿਜ਼ਨ ਚਾਲੂ ਕਰੋ ਤਾਂ ਉਸ ਦੀ ਆਵਾਜ਼ ਬੀਮਾ, ਖਪਤਕਾਰ ਉਤਪਾਦ ਜਾਂ ਕਿਸੇ ਹੋਰ ਬ੍ਰਾਂਡ ਨੂੰ  ਵੇਚਦੀ ਸੁਣਾਈ ਦੇਵੇਗੀ | ਕੋਈ ਸਟ੍ਰੀਮਿੰਗ ਸੇਵਾ ਖੋਲ੍ਹੋ ਤਾਂ ਉਹ ਇਕ ਅਭਿਨੇਤਾ, ਮੇਜ਼ਬਾਨ ਜਾਂ ਕਹਾਣੀਕਾਰ ਵਜੋਂ ਦਿਖਾਈ ਦੇਵੇਗਾ | ਇਸ਼ਤਿਹਾਰਬਾਜ਼ੀ ਨੇ ਉਸ ਨੂੰ  ਇਕ ਫਿਲਮੀ ਸ਼ਖ਼ਸੀਅਤ ਤੋਂ ਵਧ ਕੇ ਇਕ ਰਾਸ਼ਟਰੀ ਬ੍ਰਾਂਡ ਵਿਚ ਬਦਲ ਦਿੱਤਾ ਹੈ | ਉਹ ਦੇਸ਼ ਦੇ ਸਭ ਤੋਂ ਵੱਧ ਪਛਾਣੇ ਜਾਣ ਵਾਲੇ ਚਿਹਰਿਆਂ 'ਚੋਂ ਇਕ ਬਣ ਗਿਆ ਹੈ | 
ਉਹ ਕਈ ਪੀੜ੍ਹੀਆਂ ਦੀ ਸਮੂਹਿਕ ਯਾਦਦਾਸ਼ਤ ਦਾ ਹਿੱਸਾ ਬਣ ਚੁੱਕਾ ਹੈ | ਜੋ  ਲੋਕ 1970 ਦੇ ਦਹਾਕੇ 'ਚ 'ਜ਼ੰਜੀਰ' ਤੇ 'ਦੀਵਾਰ' ਦੇਖ ਕੇ ਉਸ ਦੇ ਨਾਲ ਵੱਡੇ ਹੋਏ, ਉਹ ਉਨ੍ਹਾਂ ਦੇ ਬੱਚਿਆਂ ਨੂੰ  ਕੇ.ਬੀ.ਸੀ. ਰਾਹੀਂ ਮਿਲਿਆ ਤੇ ਉਨ੍ਹਾਂ ਦੇ ਪੋਤੇ-ਪੋਤੀਆਂ ਉਸ ਨੂੰ  ਸਟ੍ਰੀਮਿੰਗ ਪਲੇਟਫਾਰਮਾਂ 'ਤੇ ਨਵੀਆਂ ਫਿਲਮਾਂ ਰਾਹੀਂ ਖੋਜ ਰਹੇ ਹਨ | ਬਹੁਤ ਘੱਟ ਭਾਰਤੀ ਕਲਾਕਾਰਾਂ ਨੇ ਉਸ ਵਾਂਗ ਮਾਣ-ਸਨਮਾਨ ਕਮਾਇਆ ਹੈ | ਭਾਰੀ ਬਾਰਿਸ਼ ਦੇ ਬਾਵਜੂਦ ਪ੍ਰਸੰਸਕ ਅਜੇ ਵੀ ਉਸ ਦੇ ਬੰਗਲੇ ਦੇ ਗੇਟ 'ਤੇ ਇਕੱਠੇ ਹੁੰਦੇ ਹਨ, ਸ਼ਾਇਦ ਇਸੇ ਲਈ ਅਮਿਤਾਭ ਬੱਚਨ ਨੂੰ  ਰਿਟਾਇਰਮੈਂਟ ਤੋਂ ਇਨਕਾਰ ਕਰਨਾ ਪਿਆ ਹੈ | ਫਿਲਮੀ ਚਹੇਤਿਆਂ ਦਾ ਐਂਗਰੀ ਯੰਗਮੈਨ ਹੁਣ ਭਾਰਤੀ ਸਿਨੇਮਾ ਦਾ ਇਕ ਬਜ਼ੁਰਗ ਨੇਤਾ ਬਣ ਗਿਆ ਹੈ | (ਆਈ.ਪੀ.ਏ. ਸਰਵਿਸ)

ਪਿਛਲੀ ਖ਼ਬਰ ਕੀ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ 2027 ’ਚ ਲਾ ਸਕਣਗੇ ਪੰਜਾਬ ਕਾਂਗਰਸ ਦਾ ਬੇੜਾ ਪਾਰ ਧੜਿਆਂ ’ਚ ਵੰਡੀ ਪੰਜ... ਅਗਲੀ ਖ਼ਬਰ ਗੁਰਦੁਆਰਾ ਬੰਗਲਾ ਸਾਹਿਬ ਨਤਮਸਤਕ ਹੋ ਕੇ ਪਰਗਟ ਸਿੰਘ ਨੇ ਸੰਭਾਲਿਆ ਪ੍ਰਧਾਨ ਦਾ ਅਹੁਦਾ ਸਚਿਨ ਪਾਇਲਟ ਨਾਲ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।