09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਕੀ ਭਾਰਤ 51 ਸਾਲਾਂ ਦਾ ਇੰਤਜ਼ਾਰ ਖ਼ਤਮ ਕਰ ਕੇ ਮੁੜ ਬਣੇਗਾ ਵਿਸ਼ਵ ਚੈਂਪੀਅਨ?

ਕੀ ਭਾਰਤ 51 ਸਾਲਾਂ ਦਾ ਇੰਤਜ਼ਾਰ ਖ਼ਤਮ ਕਰ ਕੇ ਮੁੜ ਬਣੇਗਾ ਵਿਸ਼ਵ ਚੈਂਪੀਅਨ?

ਅਜੀਤ ਡੈਸਕ 09-08-2026

ਹਾਕੀ ਨੂੰ ਭਾਰਤ ਦੀ ਸ਼ਾਨ ਅਤੇ ਪਛਾਣ ਕਿਹਾ ਜਾਂਦਾ ਹੈ। ਇਕ ਸਮਾਂ ਸੀ ਜਦੋਂ ਵਿਸ਼ਵ ਪੱਧਰ 'ਤੇ ਹਾਕੀ ਵਿਚ ਭਾਰਤ ਦਾ ਮਹਾਂਸ਼ਕਤੀ ਵਜੋਂ ਨਾਂਅ ਹੁੰਦਾ ਸੀ। ਉਲੰਪਿਕ ਤੋਂ ਬਾਅਦ ਹੁਣ ਭਾਰਤ ਦੀ ਨਜ਼ਰ 2026 ਦੇ ਐਫ. ਆਈ. ਐਚ. ਹਾਕੀ ਵਰਲਡ ਕੱਪ 'ਤੇ ਹੈ, ਜਿੱਥੇ 14 ਤੋਂ 30 ਅਗਸਤ ਤੱਕ ਬੈਲਜੀਅਮ ਅਤੇ ਨੀਦਰਲੈਂਡ ਦੀ ਸਾਂਝੀ ਮੇਜ਼ਬਾਨੀ ਹੇਠ ਦੁਨੀਆ ਦੀਆਂ 16 ਸਰਵੋਤਮ ਟੀਮਾਂ ਵਿਸ਼ਵ ਚੈਂਪੀਅਨ ਬਣਨ ਲਈ ਜ਼ੋਰ-ਅਜ਼ਮਾਈ ਕਰਨਗੀਆਂ। ਭਾਰਤੀ ਟੀਮ ਲਈ ਇਹ ਟੂਰਨਾਮੈਂਟ ਕੇਵਲ ਇਕ ਹੋਰ ਵਿਸ਼ਵ ਕੱਪ ਨਹੀਂ, ਸਗੋਂ 1975 ਤੋਂ ਬਾਅਦ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਸੁਨਹਿਰੀ ਮੌਕਾ ਹੈ। ਪਿਛਲੇ ਕੁਝ ਸਾਲਾਂ ਵਿਚ ਭਾਰਤੀ ਟੀਮ ਨੇ ਆਪਣੀ ਖੇਡ, ਫਿਟਨੈੱਸ ਅਤੇ ਆਤਮ-ਵਿਸ਼ਵਾਸ ਵਿਚ ਸ਼ਾਨਦਾਰ ਸੁਧਾਰ ਕੀਤਾ ਹੈ ਅਤੇ ਹੁਣ ਉਹ ਵਿਸ਼ਵ ਦੀਆਂ ਸਭ ਤੋਂ ਮਜ਼ਬੂਤ ਟੀਮਾਂ ਵਿਚ ਗਿਣੀ ਜਾਂਦੀ ਹੈ। ਸਾਲ 1975 ਵਿਚ ਕੁਆਲਾਲੰਪੁਰ (ਮਲੇਸ਼ੀਆ) ਵਿਚ ਅਜੀਤ ਪਾਲ ਸਿੰਘ ਦੀ ਕਪਤਾਨੀ ਹੇਠ ਭਾਰਤ ਨੇ ਫਾਈਨਲ ਵਿਚ ਪਾਕਿਸਤਾਨ ਨੂੰ 2-1 ਨਾਲ ਹਰਾ ਕੇ ਆਪਣਾ ਪਹਿਲਾ ਅਤੇ  ਹੁਣ ਤੱਕ ਦਾ ਇਕਲੌਤਾ ਹਾਕੀ ਵਰਲਡ ਕੱਪ ਜੇਤੂ ਦਾ ਖਿਤਾਬ ਜਿੱਤਿਆ ਸੀ। ਉਸ ਇਤਿਹਾਸਕ ਜਿੱਤ ਨੂੰ ਹੁਣ ਅੱਧੀ ਸਦੀ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਪਰ ਭਾਰਤ ਅਜੇ ਤੱਕ ਦੁਬਾਰਾ ਵਿਸ਼ਵ ਚੈਂਪੀਅਨ ਨਹੀਂ ਬਣ ਸਕਿਆ। ਇਸ ਦੇ ਕਈ ਕਾਰਨ ਰਹੇ। ਕੁਦਰਤੀ ਘਾਹ ਤੋਂ ਐਸਟ੍ਰੋਟਰਫ਼ 'ਤੇ ਖੇਡ ਦੇ ਬਦਲਾਅ ਨੇ ਯੂਰਪੀ ਅਤੇ ਆਸਟ੍ਰੇਲੀਆਈ ਟੀਮਾਂ ਨੂੰ ਵੱਡਾ ਫਾਇਦਾ ਦਿੱਤਾ। ਭਾਰਤ ਨੂੰ ਇਸ ਨਵੇਂ ਯੁੱਗ ਨਾਲ ਤਾਲਮੇਲ ਬਿਠਾਉਣ ਵਿਚ ਕਾਫ਼ੀ ਸਮਾਂ ਲੱਗਾ। ਆਧੁਨਿਕ ਫਿਟਨੈੱਸ, ਵਿਗਿਆਨਕ ਕੋਚਿੰਗ, ਖੇਡ ਵਿਸ਼ਲੇਸ਼ਨ ਅਤੇ ਬੁਨਿਆਦੀ ਢਾਂਚੇ ਵਿਚ ਵੀ ਭਾਰਤ ਕੁਝ ਸਮੇਂ ਲਈ ਪਿੱਛੇ ਰਹਿ ਗਿਆ ਸੀ। ਇਸ ਦੌਰਾਨ ਨੀਦਰਲੈਂਡ, ਆਸਟ੍ਰੇਲੀਆ, ਜਰਮਨੀ ਅਤੇ ਬਾਅਦ ਵਿਚ ਬੈਲਜੀਅਮ ਵਰਗੇ ਦੇਸ਼ਾਂ ਦੀਆਂ ਟੀਮਾਂ ਨੇ ਵਿਸ਼ਵ ਹਾਕੀ 'ਤੇ ਆਪਣਾ ਦਬਦਬਾ ਕਾਇਮ ਕਰ ਲਿਆ। ਹਾਲਾਂਕਿ ਪਿਛਲੇ ਇਕ ਦਹਾਕੇ ਵਿਚ ਭਾਰਤੀ ਹਾਕੀ ਨੇ ਸ਼ਾਨਦਾਰ ਵਾਪਸੀ ਕੀਤੀ ਹੈ। ਲਗਾਤਾਰ ਉਲੰਪਿਕ ਤਗਮੇ, ਏਸ਼ਿਆਈ ਖ਼ਿਤਾਬ, ਐਫ.ਆਈ.ਐਚ. ਪ੍ਰੋ ਲੀਗ ਵਿਚ ਮਜ਼ਬੂਤ ਪ੍ਰਦਰਸ਼ਨ ਅਤੇ ਵਿਸ਼ਵ ਦੀਆਂ ਚੋਟੀ ਦੀਆਂ ਟੀਮਾਂ ਵਿਰੁੱਧ ਹਾਸਿਲ ਕੀਤੀਆਂ ਜਿੱਤਾਂ ਨੇ ਇਹ ਸਾਬਤ ਕੀਤਾ ਹੈ ਕਿ ਭਾਰਤ ਇਕ ਵਾਰ ਫਿਰ ਵਿਸ਼ਵ ਚੈਂਪੀਅਨ ਬਣਨ ਦੀ ਸਮਰੱਥਾ ਰੱਖਦਾ ਹੈ।

ਹਾਕੀ ਵਰਲਡ ਕੱਪ ਦਾ ਸੰਖੇਪ ਇਤਿਹਾਸ-ਹਾਕੀ ਵਰਲਡ ਕੱਪ ਦਾ ਵਿਚਾਰ ਪਾਕਿਸਤਾਨ ਦੇ ਏਅਰ ਮਾਰਸ਼ਲ ਨੂਰ ਖਾਨ ਅਤੇ ਬੈਲਜੀਅਮ ਦੇ ਹਾਕੀ ਪ੍ਰਸ਼ਾਸਕ ਰੇਨੇ ਫਰੈਂਕ ਨੇ ਪੇਸ਼ ਕੀਤਾ ਸੀ। ਪਹਿਲਾ ਪੁਰਸ਼ ਹਾਕੀ ਵਿਸ਼ਵ ਕੱਪ 1971 ਵਿਚ ਸਪੇਨ ਦੇ ਸ਼ਹਿਰ ਬਾਰਸੀਲੋਨਾ ਵਿਚ ਆਯੋਜਿਤ ਹੋਇਆ ਸੀ। ਉਸ ਸਮੇਂ ਤੋਂ ਇਹ ਟੂਰਨਾਮੈਂਟ ਅੰਤਰਰਾਸ਼ਟਰੀ ਹਾਕੀ ਦਾ ਸਭ ਤੋਂ ਵੱਡਾ ਅਤੇ ਅਹਿਮ ਮੁਕਾਬਲਾ ਮੰਨਿਆ ਜਾਂਦਾ ਹੈ। ਸ਼ੁਰੂਆਤੀ ਦੌਰ ਵਿਚ ਇਹ ਹਰ ਦੋ ਸਾਲ ਬਾਅਦ ਹੁੰਦਾ ਸੀ, ਪਰ ਬਾਅਦ ਵਿਚ ਇਸ ਨੂੰ ਹਰ ਚਾਰ ਸਾਲ ਬਾਅਦ ਕਰ ਦਿੱਤਾ ਗਿਆ। ਅੱਜ ਇਹ ਉਲੰਪਿਕ ਤੋਂ ਬਾਅਦ ਹਾਕੀ ਦਾ ਸਭ ਤੋਂ ਵੱਡਾ ਮੁਕਾਬਲਾ ਮੰਨਿਆ ਜਾਂਦਾ ਹੈ। ਭਾਰਤ ਨੇ 1971 ਤੋਂ ਲੈ ਕੇ ਹੁਣ ਤੱਕ ਹਰ ਵਿਸ਼ਵ ਕੱਪ ਵਿਚ ਹਿੱਸਾ ਲਿਆ ਹੈ, ਪਰ 1975 ਵਿਚ ਜਿੱਤਿਆ ਗਿਆ ਸੋਨ ਤਗਮਾ ਅਜੇ ਵੀ ਉਸਦੀ ਇਕਲੌਤੀ ਵਿਸ਼ਵ ਕੱਪ ਦੀ ਮਾਣਮੱਤੀ ਜਿੱਤ ਹੈ।
ਭਾਰਤ ਦਾ ਵਿਸ਼ਵ ਕੱਪ ਸਫ਼ਰ-ਭਾਰਤ ਨੇ ਪਹਿਲੇ ਹੀ ਵਿਸ਼ਵ ਕੱਪ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਆਪਣੀ ਮੌਜੂਦਗੀ ਦਰਜ ਕਰਵਾਈ ਸੀ। 1973 ਵਿਚ ਫਾਈਨਲ ਤੱਕ ਪਹੁੰਚਿਆ ਅਤੇ 1975 ਵਿਚ ਪਾਕਿਸਤਾਨ ਨੂੰ 2-1 ਨਾਲ ਹਰਾ ਕੇ ਵਿਸ਼ਵ ਚੈਂਪੀਅਨ ਬਣਿਆ। ਇਸ ਤੋਂ ਬਾਅਦ ਭਾਰਤ ਲੰਬੇ ਸਮੇਂ ਤੱਕ ਵਿਸ਼ਵ ਪੱਧਰ 'ਤੇ ਸੰਘਰਸ਼ ਕਰਦਾ ਰਿਹਾ। ਐਸਟ੍ਰੋਟਰਫ਼ ਦੇ ਆਉਣ, ਯੂਰਪੀ ਹਾਕੀ ਦੀ ਤੇਜ਼ ਰਫ਼ਤਾਰ, ਆਧੁਨਿਕ ਫਿਟਨੈੱਸ ਅਤੇ ਤਕਨੀਕੀ ਬਦਲਾਅ ਨਾਲ ਕਦਮ ਮਿਲਾਉਣ ਵਿਚ ਭਾਰਤ ਨੂੰ ਸਮਾਂ ਲੱਗਾ।
ਭਾਰਤ ਦਾ ਵਿਸ਼ਵ ਕੱਪ ਰਿਕਾਰਡ (ਸੰਖੇਪ)-1971 ਵਿਚ ਕਾਂਸੀ ਦਾ ਤਗਮਾ, 1973 ਵਿਚ ਉਪ-ਵਿਜੇਤਾ, 1975 ਵਿਚ ਵਿਸ਼ਵ ਚੈਂਪੀਅਨ, 1978 ਤੋਂ 2014 ਤੱਕ ਉਤਾਰ-ਚੜ੍ਹਾਅ ਭਰਿਆ ਦੌਰ, 2018 ਵਿਚ ਕੁਆਰਟਰ ਫਾਈਨਲ, 2023 ਵਿਚ ਕੁਆਰਟਰ ਫਾਈਨਲ ਤੱਕ ਪੁੱਜ ਸਕਿਆ।
ਇਸ ਵਾਰ ਮੁਕਾਬਲੇ ਬੈਲਜੀਅਮ ਦੇ ਵੇਵਰੇ ਅਤੇ ਨੀਦਰਲੈਂਡ ਦੇ ਐਮਸਟਲਵੀਨ ਵਿਚ ਖੇਡੇ ਜਾਣਗੇ। ਬੈਲਜੀਅਮ ਅਤੇ ਨੀਦਰਲੈਂਡ ਦੀ ਸਾਂਝੀ ਮੇਜ਼ਬਾਨੀ ਹੇਠ ਹੋਣ ਵਾਲਾ ਹਾਕੀ ਵਰਲਡ ਕੱਪ 2026 ਦੁਨੀਆ ਦੇ ਸਭ ਤੋਂ ਵੱਡੇ ਹਾਕੀ ਮੁਕਾਬਲਿਆਂ ਵਿਚੋਂ ਇਕ ਹੋਵੇਗਾ। ਟੀਮਾਂ ਦੀ ਵੰਡ ਵਿਚ 16 ਟੀਮਾਂ ਨੂੰ ਚਾਰ ਪੂਲਾਂ (ਏ, ਬੀ, ਸੀ, ਡੀ ) ਵਿਚ ਵੰਡਿਆ ਗਿਆ ਹੈ। ਹਰ ਪੂਲ ਵਿਚ ਚਾਰ-ਚਾਰ ਟੀਮਾਂ ਹੋਣਗੀਆਂ। ਵਿਸ਼ਵ ਦੀ 8ਵੀਂ ਰੈਂਕਿੰਗ ਟੀਮ ਭਾਰਤ ਨੂੰ ਗਰੁੱਪ ਡੀ ਵਿਚ ਪਾਕਿਸਤਾਨ , ਇੰਗਲੈਂਡ , ਵੇਲਜ਼ ਦੀਆਂ ਟੀਮਾਂ ਨਾਲ ਥਾਂ ਮਿਲੀ ਹੈ।
ਮੌਜੂਦਾ ਭਾਰਤੀ ਟੀਮ ਤੋਂ ਨਵੀਆਂ ਉਮੀਦਾਂ-ਮੁੱਖ ਕੋਚ ਕ੍ਰੈਗ ਫੁਲਟਨ ਦੀ ਅਗਵਾਈ ਹੇਠ ਭਾਰਤੀ ਟੀਮ ਹੁਣ ਤੇਜ਼ ਕਾਊਂਟਰ ਅਟੈਕ, ਮਜ਼ਬੂਤ ਪ੍ਰੈਸਿੰਗ ਅਤੇ ਪੈਨਲਟੀ ਕਾਰਨਰਾਂ ਦਾ ਵੱਧ ਤੋਂ ਵੱਧ ਲਾਭ ਲੈਣ ਵਾਲੀ ਟੀਮ ਬਣ ਚੁੱਕੀ ਹੈ।
ਕਪਤਾਨ ਹਰਮਨਪ੍ਰੀਤ ਸਿੰਘ ਦੁਨੀਆ ਦੇ ਸਰਵੋਤਮ ਡਰੈਗ ਫਲਿਕਰਾਂ ਵਿਚ ਗਿਣੇ ਜਾਂਦੇ ਹਨ। ਹਾਰਦਿਕ ਸਿੰਘ ਮਿਡਫੀਲਡ ਦੀ ਰੀੜ੍ਹ ਦੀ ਹੱਡੀ ਹਨ, ਜਦਕਿ ਅਭਿਸ਼ੇਕ, ਸੁਖਜੀਤ ਸਿੰਘ, ਮੰਦੀਪ ਸਿੰਘ, ਵਿਵੇਕ ਸਾਗਰ ਪ੍ਰਸਾਦ ਟੀਮ ਦੀਆਂ ਵੱਡੀਆਂ ਤਾਕਤਾਂ ਹਨ। ਕੋਚ ਕ੍ਰੈਗ ਫੁਲਟਨ ਦੀ ਰਣਨੀਤੀ ਨੇ ਭਾਰਤੀ ਟੀਮ ਨੂੰ ਅਨੁਸ਼ਾਸਿਤ ਰੱਖਿਆ, ਤੇਜ਼ ਟ੍ਰਾਂਜ਼ਿਸ਼ਨ ਅਤੇ ਵਿਗਿਆਨਕ ਤਿਆਰੀ ਵਾਲੀ ਟੀਮ ਵਿਚ ਬਦਲਿਆ ਹੈ।
ਰੱਖਿਆ ਭਾਰਤ ਦੀ ਸਭ ਤੋਂ ਵੱਡੀ ਤਾਕਤ-ਕਪਤਾਨ ਹਰਮਨਪ੍ਰੀਤ ਸਿੰਘ ਨਾ ਸਿਰਫ਼ ਦੁਨੀਆ ਦੇ ਸਰਵੋਤਮ ਡਰੈਗ-ਫਲਿਕਰਾਂ ਵਿਚੋਂ ਇਕ ਹਨ, ਸਗੋਂ ਉਨ੍ਹਾਂ ਦੀ ਅਗਵਾਈ ਅਤੇ ਤਜਰਬਾ ਵੀ ਟੀਮ ਲਈ ਵੱਡੀ ਤਾਕਤ ਹੈ। ਅਮਿਤ ਰੋਹਿਦਾਸ, ਜਰਮਨਪ੍ਰੀਤ ਸਿੰਘ, ਜੁਗਰਾਜ ਸਿੰਘ, ਸੰਜੇ ਅਤੇ ਸੁਮਿਤ ਵਰਗੇ ਡਿਫੈਂਡਰ ਭਾਰਤ ਦੀ ਰੱਖਿਆ ਨੂੰ ਮਜ਼ਬੂਤੀ ਦਿੰਦੇ ਹਨ। ਪੈਨਲਟੀ ਕਾਰਨਰਾਂ 'ਤੇ ਹਰਮਨਪ੍ਰੀਤ ਅਤੇ ਜੁਗਰਾਜ ਵਿਰੋਧੀ ਟੀਮ ਲਈ ਵੱਡਾ ਖ਼ਤਰਾ ਸਾਬਤ ਹੋ ਸਕਦੇ ਹਨ।
ਮਿਡਫੀਲਡ ਟੀਮ ਦੀ ਅਸਲੀ ਤਾਕਤ-ਹਾਰਦਿਕ ਸਿੰਘ, ਮਨਪ੍ਰੀਤ ਸਿੰਘ, ਵਿਵੇਕ ਸਾਗਰ ਪ੍ਰਸਾਦ, ਨੀਲਕਾਂਤ ਸ਼ਰਮਾ ਅਤੇ ਰਾਜਿੰਦਰ ਸਿੰਘ ਵਰਗੇ ਮਿਡਫੀਲਡਰ ਭਾਰਤ ਦੇ ਖੇਡ ਦੀ ਰਫ਼ਤਾਰ ਨੂੰ ਨਿਯੰਤਰਿਤ ਕਰਦੇ ਹਨ। ਗੇਂਦ 'ਤੇ ਕਾਬੂ, ਤੇਜ਼ ਪਾਸਿੰਗ ਅਤੇ ਕਾਊਂਟਰ ਅਟੈਕ ਦੀ ਸ਼ੁਰੂਆਤ ਇਸ ਵਿਭਾਗ ਦੀ ਸਭ ਤੋਂ ਵੱਡੀ ਖ਼ੂਬੀ ਹੈ। ਹਾਰਦਿਕ ਅਤੇ ਮਨਪ੍ਰੀਤ ਦਾ ਤਜਰਬਾ ਨਾਕਆਊਟ ਮੈਚਾਂ ਵਿਚ ਨਿਰਣਾਇਕ ਹੋ ਸਕਦਾ ਹੈ।
ਹਮਲਾਵਰ ਲਾਈਨ 'ਤੇ ਵੱਡੀਆਂ ਉਮੀਦਾਂ-ਅਭਿਸ਼ੇਕ, ਸੁਖਜੀਤ ਸਿੰਘ, ਮੰਦੀਪ ਸਿੰਘ, ਦਿਲਪ੍ਰੀਤ ਸਿੰਘ ਅਤੇ ਸ਼ਿਲਾਨੰਦ ਲਾਕੜਾ ਵਰਗੇ ਫਾਰਵਰਡ ਕਿਸੇ ਵੀ ਸਮੇਂ ਮੈਚ ਦਾ ਰੁਖ਼ ਬਦਲ ਸਕਦੇ ਹਨ। ਪਿਛਲੇ ਦੋ ਸਾਲਾਂ ਵਿਚ ਭਾਰਤ ਦੀ ਫਾਰਵਰਡ ਲਾਈਨ ਨੇ ਗੋਲ ਕਰਨ ਦੀ ਸਮਰੱਥਾ ਵਿਚ ਕਾਫ਼ੀ ਸੁਧਾਰ ਕੀਤਾ ਹੈ। ਜੇਕਰ ਇਹ ਖਿਡਾਰੀ ਮੌਕੇ ਦਾ ਲਾਹਾ ਲੈਣ ਵਿਚ ਸਫ਼ਲ ਰਹੇ ਤਾਂ ਭਾਰਤ ਕਿਸੇ ਵੀ ਟੀਮ ਲਈ ਮੁਸ਼ਕਿਲ ਖੜ੍ਹੀ ਕਰ ਸਕਦਾ ਹੈ।
ਗੋਲਕੀਪਿੰਗ-ਮੋਹਿਤ ਐਚ.ਐਸ. ਅਤੇ ਸੂਰਜ ਕਰਕੇਰਾ ਟੀਮ ਨੂੰ ਭਰੋਸੇਯੋਗ ਗੋਲਕੀਪਿੰਗ ਦਿੰਦੇ ਹਨ। ਨਾਕਆਊਟ ਮੈਚਾਂ ਵਿਚ ਉਨ੍ਹਾਂ ਦੀ ਭੂਮਿਕਾ ਬੇਹੱਦ ਅਹਿਮ ਰਹੇਗੀ।
ਭਾਰਤ ਦੇ ਮੁੱਖ ਵਿਰੋਧੀ-ਬੈਲਜੀਅਮ, ਨੀਦਰਲੈਂਡ, ਜਰਮਨੀ, ਆਸਟ੍ਰੇਲੀਆ, ਅਰਜਨਟੀਨਾ ਤੇ ਸਪੇਨ ਮੁੱਖ ਹਨ। ਇਹ ਸਾਰੀਆਂ ਟੀਮਾਂ ਮੌਜੂਦਾ ਸਾਲਾਂ ਵਿਚ ਵਿਸ਼ਵ ਹਾਕੀ ਵਿਚ ਲਗਾਤਾਰ ਚੰਗਾ ਪ੍ਰਦਰਸ਼ਨ ਕਰਦੀਆਂ ਆ ਰਹੀਆਂ ਹਨ। ਭਾਰਤ ਨੂੰ ਖਿਤਾਬ ਜਿੱਤਣ ਲਈ ਇਨ੍ਹਾਂ ਵਿਚੋਂ ਇਕ ਤੋਂ ਵੱਧ ਟੀਮਾਂ ਨੂੰ ਹਰਾਉਣਾ ਪੈ ਸਕਦਾ ਹੈ। ਹਾਕੀ ਮਾਹਿਰਾਂ ਦੀ ਰਾਏ ਵੱਲ ਦੇਖਿਆ ਜਾਵੇ ਤਾਂ ਭਾਰਤ 2026 ਦੇ ਵਿਸ਼ਵ ਕੱਪ ਦੀਆਂ ਚੋਟੀ ਦੀਆਂ ਚਾਰ ਦਾਅਵੇਦਾਰ ਟੀਮਾਂ ਵਿਚ ਸ਼ਾਮਿਲ ਹੈ।
ਵਿਸ਼ਵ ਹਾਕੀ ਮਾਹਿਰਾਂ ਦੀ ਭਵਿੱਖਬਾਣੀ ਅਨੁਸਾਰ ਇਹ 4 ਟੀਮਾਂ, ਨੀਦਰਲੈਂਡ, ਭਾਰਤ, ਬੈਲਜੀਅਮ ਤੇ ਜਰਮਨੀ ਤੱਕੜੀਆਂ ਦਾਅਵੇਦਾਰ ਹਨ। ਜੇ ਭਾਰਤ ਖਿਤਾਬ ਜਿੱਤਣਾ ਚਾਹੁੰਦਾ ਹੈ ਤਾਂ ਇਹ ਤਿੰਨ ਗੱਲਾਂ ਨਿਰਣਾਇਕ ਹੋਣਗੀਆਂ, ਹਰਮਨਪ੍ਰੀਤ ਸਿੰਘ ਦੀ ਪੈਨਲਟੀ ਕਾਰਨਰ ਕਨਵਰਜ਼ਨ। ਫਾਰਵਰਡ ਲਾਈਨ ਵਲੋਂ ਮਿਲੇ ਮੌਕਿਆਂ ਨੂੰ ਗੋਲਾਂ ਵਿਚ ਬਦਲਣਾ। ਕੁਆਰਟਰ ਫਾਈਨਲ ਅਤੇ ਸੈਮੀਫਾਈਨਲ ਵਿਚ ਬਿਨਾਂ ਦਬਾਅ ਦੇ ਖੇਡਣਾ। ਮਾਹਿਰਾਂ ਦੇ ਮੁਲਾਂਕਣ ਅਨੁਸਾਰ ਭਾਰਤ ਇਸ ਵਾਰ ਯਕੀਨੀ ਤੌਰ 'ਤੇ ਸੈਮੀਫਾਈਨਲ ਤੱਕ ਦਾ ਮਜ਼ਬੂਤ ਦਾਅਵੇਦਾਰ ਹੈ ਅਤੇ ਜੇ ਨਾਕਆਊਟ ਵਿਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਦਾ ਹੈ ਤਾਂ 1975 ਤੋਂ ਬਾਅਦ ਪਹਿਲੀ ਵਾਰ ਵਿਸ਼ਵ ਕੱਪ ਜਿੱਤਣ ਦੀ ਸਮਰੱਥਾ ਵੀ ਰੱਖਦਾ ਹੈ।
ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਕੀ ਬੈਲਜੀਅਮ ਅਤੇ ਨੀਦਰਲੈਂਡ ਦੀ ਧਰਤੀ 'ਤੇ ਭਾਰਤ ਵਲੋਂ ਇਕ ਨਵਾਂ ਇਤਿਹਾਸ ਲਿਖਿਆ ਜਾ ਸਕਦਾ ਹੈ? 
-ਖੇਡ ਪੱਤਰਕਾਰ, ਮੋਬਾਈਲ-987297878

ਪਿਛਲੀ ਖ਼ਬਰ ਮੈਨਚੈਸਟਰ ਗੁਰਮਤਿ ਸਮਾਗਮ ਦੇ ਤੀਜੇ ਦਿਨ ਸੰਗਤਾਂ ਦਾ ਉਮੜਿਆ ਸੈਲਾਬ ਅਗਲੀ ਖ਼ਬਰ ਹੀਰੋਸ਼ੀਮਾ-ਨਾਗਾਸਾਕੀ ਪਰਮਾਣੂ ਹਮਲਾ ਦੋ ਮੁਲਕਾਂ ਦੀ ਸਫ਼ਲ ਜਿੱਤ ਅਤੇ ਵੱਡੀ ਹਾਰ ਦੇ ਅੰਗ-ਸੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।