ਅਸਮਾਨ 'ਤੇ ਕਾਲੇ ਬੱਦਲ ਘੋਰਮ-ਘੋਰ ਲੰਘ ਰਹੇ ਸੀ, ਬਰਸਾਤ ਦਾ ਮੌਸਮ ਨਹਿਰ ਦੀ ਪਟੜੀ 'ਤੇ ਇਕ ਬਾਂਦਰ ਤੁਰਿਆ ਜਾਂਦਾ ਜਾਂਦਾ ਰੁਕ ਗਿਆ.... | ਨਹਿਰ ਦੇ ਕਿਨਾਰੇ ਇਕ ਬੇਰੀ 'ਤੇ ਬਿਜੜਾ ਆਲ੍ਹਣਾ ਬਣਾਉਣ ਦੇ ਆਹਰੇ ਲੱਗਿਆ ਹੋਇਆ ਸੀ ਤੇ ਬਾਂਦਰ ਉਸ ਨੂੰ ਟਿਕ ਟਿਕੀ ਲਗਾ ਕੇ ਵੇਖਣ ਲੱਗਿਆ.... |


ਬਿਜੜਾ ਬਾਂਦਰ ਨੂੰ ਵੇਖ ਡਰ ਗਿਆ ਕਿ ਇਸ ਨੇ ਤਾਂ ਪਲ ਭਰ ਵਿਚ ਮੇਰਾ ਬਣਾਇਆ ਆਲ੍ਹਣਾ ਤੀਲਾ-ਤੀਲਾ ਕਰ ਦੇਣਾ ਏ ਉਸ ਨੇ ਕਿਹਾ, 'ਬਾਂਦਰ ਭਰਾ ਇਸ ਵਾਰ ਮੇਰਾ ਆਲ੍ਹਣਾ ਨਾ ਤੋੜਨਾ ਮਿੰਨਤ ਵਾਲੀ ਗੱਲ ਹੈ... |' ਬਾਂਦਰ ਬੋਲਿਆ, 'ਨਹੀਂ ਨਹੀਂ ਭਰਾਵਾ ਮੈਂ ਤੇਰਾ ਆਲ੍ਹਣਾ ਕਿਉਂ ਤੋੜਾਂ ਹੁਣ ਮੈਂ ਪਹਿਲਾਂ ਵਾਲਾ ਥੋੜ੍ਹਾਂ |' ਬਿਜੜੇ ਨੇ ਕਿਹਾ, 'ਬਾਂਦਰ ਭਰਾ ਹੁਣ ਤੂੰ ਵੀ ਆਪਣੀ ਕੋਈ ਸਿਰ ਲੁਕੋਣ ਜੋਗੀ ਛੁਪਣਗਾਹ ਬਣਾ ਲੈ, ਜਿਸ ਨਾਲ ਬਰਸਾਤਾਂ ਤੋਂ ਬਚਿਆ ਜਾਏ ਤੇ ਕਿਸੇ ਦੇ ਮੁਹਤਾਜ ਨਾ ਹੋਣਾ ਪਵੇ ਆਪਣੇ ਬਣੇ ਆਲ੍ਹਣੇ ਦਾ ਅਨੰਦ ਵੱਖਰਾ ਹੁੰਦੇ ਭਰਾ... |' ਬਾਂਦਰ ਨੂੰ ਵੀ ਬਿਜੜੇ ਦੀ ਗੱਲ ਚੰਗੀ ਲੱਗੀ ਉਹ ਉਸ ਨੂੰ ਆਪਣਾ ਹਮਾਇਤੀ ਲੱਗਿਆ.... |
ਬਾਂਦਰ ਬੋਲਿਆ, 'ਸੋਚ ਤਾਂ ਮੈਂ ਵੀ ਇਹੀ ਰਿਹਾਂ ਪਰ 'ਅਖੌਤੀ ਵਿਕਾਸ' ਨੇ ਭਾਰੇ ਬੋਹੜ ਪਿੱਪਲ ਜੜ੍ਹੋਂ ਉਖਾੜ ਦਿੱਤੇ ਅੱਗੇ ਬੋਹੜਾਂ ਦੇ ਪੱਤਿਆਂ ਥੱੱਲੇ ਅਤੇ ਜੜ੍ਹਾਂ ਵਿਚ ਬੈਠ ਬਰਸਾਤ ਦੇ ਦਿਨ ਕੱਟ ਲੈਂਦੇ ਸੀ.... |'
ਬਿਜੜਾ ਬੋਲਿਆ, 'ਭਰਾਵਾ ਅੱਗੇ ਅਸੀਂ ਵੀ ਸਲਵਾੜ ਦੇ ਕਾਨਿਆ ਨਾਲ 'ਆਪਣਾ ਆਲ੍ਹਣਾ' ਬੁਣ ਲੈਂਦੇ ਤੇ ਦੂਰ ਵੀ ਨਹੀਂ ਜਾਣਾ ਪੈਂਦਾਂ ਸੀ... | ਹੁਣ ਸਲਵਾੜ ਦੇ ਬੂਝੇ ਸਭ ਖ਼ਤਮ ਕਰ ਦਿੱਤੇ ਆਲ੍ਹਣੇ ਬੜੇ ਸੰਘਰਸ਼ ਨਾਲ ਬਣਦੇ ਨੇ... |' ਖੁਦਗਰਜ਼ ਮਨੁੱਖ ਨੇ ਆਪਣੀ ਲਾਲਚੀ ਬਿਰਤੀ ਵਧਾ ਲਈ ਹੈ... | ਅੱਗੇ ਅੰਬ, ਅਮਰੂਦ, ਜਾਮਣ ਦੇ ਰੁੱਖ ਆਮ ਹੁੰਦੇ ਸੀ ਪੇਟ ਸੌਖਾ ਭਰ ਜਾਂਦਾ ਸੀ ਨਹਿਰਾਂ 'ਤੇ ਵੀ ਮਨੁੱਖ ਨੇ ਗੰਦ ਪਾ ਰੱਖਿਆ ਹੈ ਕੋਈ ਭਲਾ ਪੁਰਸ਼ ਖਾਣ ਲਈ ਕੁਝ ਨਾ ਕੁਝ ਦੇ ਜਾਂਦਾ ਹੈ' ਬਾਂਦਰ ਨੇ ਹਉਕਾ ਲੈਂਦਿਆਂ ਕਿਹਾ.... |
ਮਨੁੱਖਤਾ ਨੇ ਕਈ ਤਰ੍ਹਾਂ ਦੇ ਮੇਰੇ ਉੱਪਰ ਦੋਸ਼ ਵੀ ਲਾਏ ਨੇ ਕਿ ਇਹ ਰਸਤੇ 'ਚ ਆਰਾਮ ਕਰਦੇ ਕਿਸੇ ਗਰੀਬ ਦੀਆਂ ਟੋਪੀਆਂ ਚੁੱਕ ਦਰੱਖਤ 'ਤੇ ਚੜ੍ਹ ਗਏ, ਕੋਈ ਕਹਿੰਦਾ ਬਾਂਦਰ ਵਾਂਗ ਟਪੂਸੀਆਂ ਮਾਰਦਾ ਤੇ ਕੋਈ ਬਾਂਦਰ ਵਰਗਾ ਬੂਥਾ ਦੱਸਦਾ ਬਿਜੜੇ ਨੂੰ ਉਸ ਦੀ ਗੱਲ 'ਤੇ ਹਾਸਾ ਆਇਆ ਪਰ ਬਾਂਦਰ ਤਾਂ ਆਪਣਾ ਮੁੱਦਤਾਂ ਦਾ ਅੱਜ ਦੁੱਖ ਫੋਲ ਰਿਹਾ ਸੀ.... | ਅਸੀਂ ਸਰਕਾਰੇ ਦਰਬਾਰੇ ਧਰਨੇ ਵੀ ਦਿੱਤੇ ਕਿ ਮਨੁੱਖ ਸਾਡੀ ਪ੍ਰਜਾਤੀ ਦਾ ਕਿਵੇਂ ਹੋ ਸਕਦਾ ਉਹ ਤਾਂ ਆਪਣੇ ਨਿੱਜੀ ਮੰਤਵ ਲਈ ਅਖੌਤੀ ਵਿਕਾਸ ਦਾ ਰਾਗ ਅਲਾਪ ਰੁੱਖਾਂ ਦੀ ਬਲੀ ਦੇ ਰਿਹਾ ਹੈ ਉਹ ਤਾਂ ਆਪਣੇ ਨਾਲ ਵੀ ਵਿਸ਼ਵਾਸਘਾਤ ਕਰ ਰਿਹਾ ਹੈ ਅਸੀਂ ਉਸ ਦੇ ਪੂਰਵਜ ਨਹੀਂ ਹੋ ਸਕਦੇ .... |'
ਬਿਜੜਾ ਬੋਲਿਆ, 'ਮਨੁੱਖ ਨੇ ਤਾਂ ਕੀਟ ਨਾਸ਼ਕਾਂ (ਜ਼ਹਿਰਾਂ) ਦਾ ਛਿੜਕਾ ਕਰ ਆਪਣੇ ਮਿੱਤਰ ਕੀੜੇ ਵੀ ਖ਼ਤਮ ਕਰ ਦਿੱਤੇ, ਜਿਸ ਕਰਕੇ ਸਾਡੇ ਕਈ ਪੰਛੀ ਭਰਾਵਾਂ ਦਾ ਪੇਟ ਵੀ ਮੁਸ਼ਕਿਲ ਨਾਲ ਭਰਦਾ ਹੈ...... |'
ਬਾਂਦਰ ਅਤੇ ਬਿਜੜਾ ਇੰਜ ਕਾਫੀ ਸਮਾਂ ਗੱਲਾਂ ਕਰਦੇ ਰਹੇ.... | ਬਾਂਦਰ ਅਤੇ ਬਿਜੜੇ ਦੀ ਵਾਰਤਾਲਾਪ ਲੰਮੀ ਹੁੰਦੀ ਇੰਨੇ ਵਿਚ ਤੇਜ਼ ਗਰਜ ਚਮਕ ਨਾਲ ਮੋਟੀ ਕਣੀ ਦਾ ਮੀਂਹ ਸ਼ੁਰੂ ਹੋ ਗਿਆ ਬਿਜੜਾ ਆਪਣੇ ਆਲ੍ਹਣੇ 'ਚ ਵੜਨ ਲੱਗਿਆ ਤੇ ਬਾਂਦਰ ਲਾਗੇ ਹੀ ਕਿਸੇ ਦੀ ਮੱਕੀ ਦੀ ਰਾਖੀ ਲਈ ਬਣਾਈ ਝੌਂਪੜੀ ਦੇ ਥੱਲੇ ਬੈਠ ਗਿਆ ਮੀਂਹ ਜ਼ੋਰ ਨਾਲ ਪੈਣ ਲੱਗ ਪਿਆ ਸੀ.... |'
-ਪਿੰਡ ਤੇ ਡਾਕ -ਦੱਧਾਹੂਰ, ਤਹਿ ਰਾਏਕੋਟ, ਜਿਲ੍ਹਾ -ਲੁਧਿਆਣਾ
ਮੋਬਾਈਲ : 98156-88236