20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਇੰਜ ਹੁੰਦੀ ਹੈ ਪਹਾੜੀ ਖੇਤਰਾਂ 'ਚ ਬਰਫ਼ਬਾਰੀ

ਅਜੀਤ ਡੈਸਕ 31-01-2026

ਬੱਚਿਓ! ਤੁਸੀਂ ਜਾਣਦੇ ਹੀ ਹੋ ਕਿ ਸਾਡੀ ਧਰਤੀ 'ਤੇ ਪਾਣੀ ਇਕ ਚੱਕਰ ਦੇ ਰੂਪ ਵਿੱਚ ਵਹਿੰਦਾ ਰਹਿੰਦਾ ਹੈ ਅਤੇ ਸੂਰਜ ਦੀ ਗਰਮੀ ਨਾਲ ਇਹ ਝੀਲਾਂ, ਨਦੀਆਂ, ਦਰਿਆਵਾਂ ਆਦਿ ਵਿੱਚੋਂ ਭਾਫ਼ ਬਣ ਕੇ ਉੱਡ ਜਾਂਦਾ ਹੈ ਅਤੇ ਵਾਤਾਵਰਨ ਵਿਚ ਪਹੁੰਚ ਜਾਂਦਾ ਹੈ। ਜਦੋਂ ਇਸ ਤਰ੍ਹਾਂ ਦੇ ਬਹੁਤ ਸਾਰੇ ਵਾਸ਼ਪੀਕਰਨ ਇਕੱਠੇ ਹੋ ਜਾਂਦੇ ਹਨ ਤਾਂ ਉਹ ਬੱਦਲਾਂ ਦਾ ਰੂਪ ਲੈ ਲੈਂਦੇ ਹਨ। ਜਦੋਂ ਇਹ ਬੱਦਲ ਆਪਸ ਵਿਚ ਟਕਰਾਉਂਦੇ ਹਨ ਤਾਂ ਬਾਰਿਸ਼ ਹੁੰਦੀ ਹੈ, ਪਰ ਜਦੋਂ ਇਹ ਬੱਦਲ ਵਧੇਰੇ ਮਾਤਰਾ ਵਿਚ ਉੱਪਰ ਚਲੇ ਜਾਂਦੇ ਹਨ ਤਾਂ ਉੱਥੋਂ ਦਾ ਤਾਪਮਾਨ ਕਾਫੀ ਘਟ ਜਾਂਦਾ ਹੈ ਅਤੇ ਵਾਤਾਵਰਨ ਬਹੁਤ ਠੰਢਾ ਹੋ ਜਾਂਦਾ ਹੈ। ਬੱਦਲਾਂ ਦਾ ਤਾਪਮਾਨ ਬਹੁਤ ਹੇਠਾਂ ਪੁੱਜਣ 'ਤੇ ਬੱਦਲਾਂ ਵਿਚ ਮੌਜੂਦ ਵਾਸ਼ਪੀ ਕਣ ਛੋਟੇ-ਛੋਟੇ ਕਣਾਂ ਵਿਚ ਬਦਲ ਜਾਂਦੇ ਹਨ ਅਤੇ ਬਰਫ਼ ਦਾ ਰੂਪ ਧਾਰਨ ਕਰ ਲੈਂਦੇ ਹਨ। ਹਵਾ ਇਨ੍ਹਾਂ ਬਰਫ਼ ਦੇ ਕਣਾਂ ਦਾ ਭਾਰ ਨਹੀਂ ਚੁੱਕ ਸਕਦੀ ਅਤੇ ਇਹ ਬਰਫ਼ ਦੇ ਕਣ ਹੇਠਾਂ ਵੱਲ ਡਿਗਣ ਲਗਦੇ ਹਨ। ਜਦੋਂ ਇਹ ਡਿਗਦੇ ਹਨ ਤਾਂ ਇਕ-ਦੂਜੇ ਨਾਲ ਟਕਰਾਅ ਕੇ ਜੁੜਨ ਲਗਦੇ ਹਨ। ਇਸ ਤਰ੍ਹਾਂ ਇਨ੍ਹਾਂ ਦਾ ਆਕਾਰ ਵੱਡਾ ਹੋਣ ਲਗਦਾ ਹੈ। ਜਦੋਂ ਇਹ ਧਰਤੀ 'ਤੇ ਡਿੱਗਦੇ ਹਨ ਤਾਂ ਅਸੀਂ ਇਸ ਨੂੰ ਬਰਫ਼ਬਾਰੀ ਕਹਿੰਦੇ ਹਾਂ।
ਹੁਣ ਅਸੀਂ ਕਹਿ ਸਕਦੇ ਹਾਂ ਕਿ ਬਰਫ਼ ਦਰਅਸਲ ਜੰਮਿਆ ਹੋਇਆ ਪਾਣੀ ਹੈ। ਬਰਫ਼ਬਾਰੀ 'ਚ ਅਕਸਰ ਧਰਤੀ 'ਤੇ ਬਰਫ਼ ਦੀ ਇਕ ਸਫੈਦ/ਚਿੱਟੀ ਚਾਦਰ ਵਿਛ ਜਾਂਦੀ ਹੈ। ਡਿਗਦੀ ਇਹ ਬਰਫ਼ ਹਮੇਸ਼ਾ ਨਰਮ ਨਹੀਂ ਹੁੰਦੀ। ਇਹ ਡਿਗਦੇ ਹੋਏ ਇਕ ਜਗ੍ਹਾ ਇਕੱਠੀ ਨਾ ਡਿੱਗ ਕੇ ਹਵਾ ਨਾਲ ਇੱਧਰ-ਉੱਧਰ ਫੈਲ ਜਾਂਦੀ ਹੈ। ਇਸ ਲਈ ਇਹ ਕਿਤੇ ਬਹੁਤ ਜ਼ਿਆਦਾ ਅਤੇ ਕਿਤੇ ਬਹੁਤ ਘੱਟ ਡਿਗਦੀ ਹੈ। ਇਹ ਜਿੱਥੇ ਵੀ ਡਿਗਦੀ ਹੈ ਉੱਥੋਂ ਦਾ ਤਾਪਮਾਨ ਬਹੁਤ ਘਟ ਜਾਂਦਾ ਹੈ ਅਤੇ ਆਲੇ-ਦੁਆਲੇ ਦੇ ਇਲਾਕੇ ਵੀ ਠੰਢੀਆਂ ਹਵਾਵਾਂ ਦੀ ਲਪੇਟ ਵਿਚ ਆ ਜਾਂਦੇ ਹਨ।
ਬੱਚਿਓ, ਹੁਣ ਤੁਹਾਡੇ ਮਨ ਵਿਚ ਇਹ ਸਵਾਲ ਉੱਠਦਾ ਹੋਵੇਗਾ ਕਿ ਇਹ ਬਰਫ਼ਬਾਰੀ ਪਹਾੜੀ ਇਲਾਕਿਆਂ ਵਿਚ ਹੀ ਕਿਉਂ ਹੁੰਦੀ ਹੈ? ਇਸ ਦਾ ਕਾਰਨ ਇਹ ਹੈ ਕਿ ਇਹ ਇਲਾਕੇ ਸਮੁੰਦਰ ਤੋਂ ਕਾਫੀ ਉੱਪਰ ਹੁੰਦੇ ਹਨ। ਵਾਤਾਵਰਨ 'ਚ ਬਰਫ਼ ਕਾਫੀ ਜ਼ਿਆਦਾ ਬਣਦੀ ਹੈ, ਜਿਸ ਦਾ ਇਕ ਛੋਟਾ ਹਿੱਸਾ ਥੱਲੇ ਪਹਾੜਾਂ 'ਤੇ ਡਿਗਦਾ ਹੈ। ਬਾਕੀ ਦਾ ਹਿੱਸਾ ਬਾਰਿਸ਼ ਦੇ ਰੂਪ ਵਿਚ ਥੱਲੇ ਆਉਂਦਾ ਹੈ। ਹੁਣ ਇਹ ਸਵਾਲ ਵੀ ਤੁਹਾਡੇ ਮਨ ਵਿਚ ਆਵੇਗਾ ਕਿ ਬਾਰਿਸ਼ ਡਿਗਦੀ ਹੈ ਅਤੇ ਬਰਫ਼ ਬਣਦੀ ਹੈ, ਇਹ ਕਿਵੇਂ? ਵਾਤਾਵਰਨ 'ਚ ਮੌਜੂਦ ਓਜ਼ੋਨ ਦੀਆਂ ਗਰਮ ਪਰਤਾਂ ਦੇ ਵਿਚਕਾਰ 'ਚੋਂ ਜਦੋਂ ਬਰਫ਼ ਦੇ ਕਣ ਨਿਕਲਦੇ ਹਨ ਤਾਂ ਬਰਫ਼ ਪਿਘਲ ਜਾਂਦੀ ਹੈ ਅਤੇ ਬਾਰਿਸ਼ ਦੇ ਪਾਣੀ ਵਿਚ ਬਦਲ ਜਾਂਦੀ ਹੈ, ਜਦ ਕਿ ਉੱਚੇ ਪਹਾੜਾਂ 'ਤੇ ਤਾਪਮਾਨ ਪਹਿਲਾਂ ਤੋਂ ਹੀ ਜ਼ੀਰੋ ਡਿਗਰੀ ਤੋੋਂ ਕਾਫੀ ਘੱਟ ਹੁੰਦਾ ਹੈ, ਇਸ ਲਈ ਉੱਥੇ ਬਰਫ਼ਬਾਰੀ ਹੁੰਦੀ ਹੈ। ਪਹਾੜਾਂ 'ਤੇ ਡਿਗੀ ਇਹ ਬਰਫ਼ ਸੂਰਜ ਦੀ ਤਪਸ਼ ਨਾਲ ਪਿਘਲ ਕੇ ਨਦੀਆਂ /ਦਰਿਆਵਾਂ ਦੀ ਪੂਰਤੀ ਕਰਦੀ ਹੈ, ਜਿਸ ਨੂੰ ਖੇਤੀਬਾੜੀ, ਬਿਜਲੀ ਬਣਾਉਣ ਅਤੇ ਹੋਰ ਕੰਮਾਂ ਲਈ ਵਰਤਿਆ ਜਾਂਦਾ ਹੈ।

-ਪਿੰਡ ਤੇ ਡਾਕ - ਖੋਸਾ ਪਾਂਡੋ, (ਮੋਗਾ)

ਪਿਛਲੀ ਖ਼ਬਰ ਐਲਬਰਟ ਆਈਨਸਟੀਨ ਸੰਬੰਧੀ ਕੁਝ ਦਿਲਚਸਪ ਗੱਲਾਂ ਅਗਲੀ ਖ਼ਬਰ D.S.P. Dr. Manavjit Singh Sidhu ਦੀ ਅਗਵਾਈ ਵਿਚ ਪੁਲਿਸ ਵਲੋਂ ਵਿਸ਼ੇਸ਼ ਨਾਕਾਬੰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।