ਬਰਨਾਲਾ ਨਗਰ ਨਿਗਮ ਮੇਅਰ ਦੀ ਚੋਣ ਦੇ ਕਰੀਬ ਦੋ ਮਹੀਨੇ ਬਾਅਦ ਵੀ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਖ਼ਾਲੀ
ਬਰਨਾਲਾ, 8 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਬਰਨਾਲਾ ਨਗਰ ਨਿਗਮ ਦੇ ਪਹਿਲੇ ਮੇਅਰ ਦੀ ਚੋਣ ਹੋਇਆਂ ਕਰੀਬ ਦੋ ਮਹੀਨੇ ਦਾ ਸਮਾਂ ਬੀਤਣ ਦੇ ਬਾਵਜੂਦ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਨਾ ਹੋਣ ਕਾਰਨ ਸ਼ਹਿਰ ਦੇ ਸਿਆਸੀ ਹਲਕਿਆਂ ਵਿਚ ਚਰਚਾ ਤੇਜ਼ ਹੋ ਗਈ ਹੈ। ਖ਼ਾਸ ਗੱਲ ਇਹ ਹੈ ਕਿ ਮੇਅਰ ਦੀ ਚੋਣ 11 ਜੂਨ ਨੂੰ ਹੋਈ ਸੀ ਅਤੇ ਉਸ ਮੌਕੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਨਹੀਂ ਕਰਵਾਈ ਗਈ ਸੀ।
ਨ
ਨਗਰ ਨਿਗਮ ਬਰਨਾਲਾ ਦੀ ਬਾਹਰੀ ਤਸਵੀਰ। ਤਸਵੀਰ : ਰਿੰਪੀ ਸਟੂਡੀਓ
09-08-2026
ਬਰਨਾਲਾ, 8 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਬਰਨਾਲਾ ਨਗਰ ਨਿਗਮ ਦੇ ਪਹਿਲੇ ਮੇਅਰ ਦੀ ਚੋਣ ਹੋਇਆਂ ਕਰੀਬ ਦੋ ਮਹੀਨੇ ਦਾ ਸਮਾਂ ਬੀਤਣ ਦੇ ਬਾਵਜੂਦ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਨਾ ਹੋਣ ਕਾਰਨ ਸ਼ਹਿਰ ਦੇ ਸਿਆਸੀ ਹਲਕਿਆਂ ਵਿਚ ਚਰਚਾ ਤੇਜ਼ ਹੋ ਗਈ ਹੈ। ਖ਼ਾਸ ਗੱਲ ਇਹ ਹੈ ਕਿ ਮੇਅਰ ਦੀ ਚੋਣ 11 ਜੂਨ ਨੂੰ ਹੋਈ ਸੀ ਅਤੇ ਉਸ ਮੌਕੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਨਹੀਂ ਕਰਵਾਈ ਗਈ ਸੀ। ਬਰਨਾਲਾ ਨੂੰ ਪਿਛਲੇ ਸਾਲ ਨਗਰ ਕੌਂਸਲ ਤੋਂ ਨਗਰ ਨਿਗਮ ਦਾ ਦਰਜਾ ਮਿਲਣ ਤੋਂ ਬਾਅਦ ਹੋਈਆਂ ਪਹਿਲੀਆਂ ਨਗਰ ਨਿਗਮ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ 50 ਵਿਚੋਂ 36 ਵਾਰਡਾਂ ’ਤੇ ਜਿੱਤ ਦਰਜ ਕੀਤੀ ਸੀ। ਭਾਜਪਾ ਨੂੰ 7, ਆਜ਼ਾਦ ਉਮੀਦਵਾਰਾਂ ਨੂੰ 5 ਅਤੇ ਕਾਂਗਰਸ ਨੂੰ 2 ਸੀਟਾਂ ਮਿਲੀਆਂ ਸਨ। ਆਮ ਆਦਮੀ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਣ ਦੇ ਬਾਵਜੂਦ ਨਗਰ ਨਿਗਮ ਦੇ ਦੋ ਅਹਿਮ ਅਹੁਦਿਆਂ ਲਈ ਚੋਣ ਨਾ ਹੋਣ ਕਾਰਨ ਸ਼ਹਿਰ ਵਾਸੀਆਂ ਵਿਚ ਇਹ ਸਵਾਲ ਉੱਠ ਰਿਹਾ ਹੈ ਕਿ ਆਖ਼ਰ ਪ੍ਰਸ਼ਾਸਨ ਵਲੋਂ ਚੋਣ ਕਰਵਾਉਣ ਵਿਚ ਦੇਰੀ ਦਾ ਕਾਰਨ ਕੀ ਹੈ? ਦੱਸਣਯੋਗ ਹੈ ਕਿ ਪੰਜਾਬ ਮਿਊਂਸਪਲ ਕਾਰਪੋਰੇਸ਼ਨ ਐਕਟ, 1976 ਦੀ ਧਾਰਾ 38 ਅਨੁਸਾਰ ਨਗਰ ਨਿਗਮ ਆਪਣੇ ਮੈਂਬਰਾਂ ਵਿਚੋਂ ਇੱਕ ਨੂੰ ਮੇਅਰ ਅਤੇ ਦੋ ਹੋਰ ਮੈਂਬਰਾਂ ਨੂੰ ਕ੍ਰਮਵਾਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਚੁਣਦਾ ਹੈ। ਇਸੇ ਧਾਰਾ ਦੀ ਉਪ-ਧਾਰਾ (2) ਅਨੁਸਾਰ ਇਸ ਚੋਣ ਲਈ ਮੀਟਿੰਗ ਕੌਂਸਲਰਾਂ ਵਲੋਂ ਸਹੁੰ ਚੁੱਕਣ ਵਾਲੀ ਮੀਟਿੰਗ ਤੋਂ ਤੁਰੰਤ ਬਾਅਦ ਬੁਲਾਈ ਜਾਣੀ ਹੁੰਦੀ ਹੈ ਅਤੇ ਚੋਣ ਕੌਂਸਲਰਾਂ ਦੀ ਚੋਣ ਨੋਟੀਫਾਈ ਹੋਣ ਦੀ ਮਿਤੀ ਤੋਂ ਇੱਕ ਮਹੀਨੇ ਦੇ ਅੰਦਰ ਹੋਣੀ ਚਾਹੀਦੀ ਹੈ। ਇਸ ਲਈ ਮੌਜੂਦਾ ਸਥਿਤੀ ਵਿਚ ਮੁੱਖ ਸਵਾਲ ਸਿਰਫ਼ ਇਹ ਨਹੀਂ ਕਿ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਮੇਅਰ ਦੇ ਨਾਲ ਉਸੇ ਦਿਨ ਕਿਉਂ ਨਹੀਂ ਹੋਈ, ਬਲਕਿ ਇਹ ਵੀ ਹੈ ਕਿ ਕਾਨੂੰਨ ਵਿਚ ਦਰਜ ਚੋਣ ਪ੍ਰਕਿਰਿਆ ਅਨੁਸਾਰ ਲੋੜੀਂਦੀ ਮੀਟਿੰਗ ਅਤੇ ਚੋਣ ਹੁਣ ਤੱਕ ਕਿਉਂ ਨਹੀਂ ਕਰਵਾਈ ਗਈ। ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਮੇਅਰ ਦੇ ਅਹੁਦੇ ਲਈ ਸੱਤਾਧਾਰੀ ਧਿਰ ਵਲੋਂ ਚਿਹਰਾ ਪਹਿਲਾਂ ਹੀ ਤੈਅ ਹੋਣ ਕਾਰਨ ਉੱਥੇ ਕੋਈ ਵੱਡੀ ਅੰਦਰੂਨੀ ਖਿੱਚਤਾਣ ਸਾਹਮਣੇ ਨਹੀਂ ਆਈ ਅਤੇ ਹਸਨਪ੍ਰੀਤ ਭਾਰਦਵਾਜ ਨੂੰ ਬਰਨਾਲਾ ਦਾ ਪਹਿਲਾ ਮੇਅਰ ਚੁਣ ਲਿਆ ਗਿਆ। ਪਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਕਈ ਕੌਂਸਲਰਾਂ ਵਲੋਂ ਦਾਅਵੇਦਾਰੀ ਕੀਤੇ ਜਾਣ ਦੀ ਚਰਚਾ ਦੇ ਚਲਦਿਆਂ ਫ਼ੈਸਲਾ ਮੁਸ਼ਕਲ ਬਣਿਆ ਹੋਇਆ ਦੱਸਿਆ ਜਾ ਰਿਹਾ ਹੈ। ਇਹ ਚਰਚਾ ਵੀ ਚੱਲ ਰਹੀ ਹੈ ਕਿ ਕਿਤੇ ਅਹੁਦਿਆਂ ਲਈ ਦਾਅਵੇਦਾਰਾਂ ਦੀ ਗਿਣਤੀ ਅਤੇ ਅੰਦਰੂਨੀ ਧੜੇਬੰਦੀ ਕਾਰਨ ਤਾਂ ਚੋਣ ਨੂੰ ਟਾਲਿਆ ਨਹੀਂ ਜਾ ਰਿਹਾ। ਇਸ ਲਈ ਸ਼ਹਿਰ ਵਾਸੀਆਂ ਦੀ ਨਜ਼ਰ ਇਸ ਗੱਲ ’ਤੇ ਟਿਕੀ ਹੋਈ ਹੈ ਕਿ ਕੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਰਨਾਲਾ ਨਗਰ ਨਿਗਮ ਦੇ ਬਾਕੀ ਦੋ ਮਹੱਤਵਪੂਰਨ ਅਹੁਦਿਆਂ ਲਈ ਚੋਣ ਕਰਵਾਈ ਜਾਂਦੀ ਹੈ ਜਾਂ ਨਹੀਂ?