ਟੱਲੇਵਾਲ, 29 ਜੁਲਾਈ (ਸੋਨੀ ਚੀਮਾ)-ਪਿੰਡ ਚੀਮਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਯੂਥ ਦੇ ਪ੍ਰਧਾਨ ਰਮਨ ਜਵੰਧਾ ਦੀ ਅਗਵਾਈ ਵਿਚ ਰੱਖੇ ਸਮਾਗਮ ਦੌਰਾਨ ਅੱਜ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪ੍ਰਿਯੰਕ ਕਾਨੂੰਗੋ ਨੇ ਆਪਣੇ ਬਰਨਾਲਾ ਜ਼ਿਲੇ੍ਹ ਦੇ ਦੌਰੇ ਦੌਰਾਨ ਪਿੰਡ ਚੀਮਾ ਦਾ ਵਿਸ਼ੇਸ਼ ਦੌਰਾ ਕਰਦਿਆਂ ਪਿੰਡ ਵਾਸੀਆਂ ਨੂੰ ਮਿਲ ਕੇ ਮਸਲੇ ਗੰਭੀਰਤਾ ਨਾਲ ਸੁਣੇ ਅਤੇ ਜ਼ਿਲ੍ਹਾ ਅਤੇ ਬਲਾਕ ਪੱਧਰ ਦੇ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਕਰ ਕੇ ਕੇਂਦਰੀ ਤੇ ਰਾਜ ਸਰਕਾਰ ਦੀਆਂ ਯੋਜਨਾਵਾਂ ਦਾ ਵੀ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਹਾਜ਼ਰ ਅਧਿਕਾਰੀਆਂ ਨੂੰ ਲੋਕਾਂ ਤੱਕ ਸਰਕਾਰੀ ਸਹੂਲਤਾਂ ਪਹੁੰਚਾਉਣ ਅਤੇ ਕੰਮਾਂ ਵਿਚ ਕੋਈ ਵੀ ਲਾਪਰਵਾਹੀ ਨਾ ਵਰਤਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਵੱਖ-ਵੱਖ ਭਲਾਈ ਯੋਜਨਾਵਾਂ ਦੇ ਪ੍ਰਭਾਵਸ਼ਾਲੀ ਲਾਗ ਕਰਨ ਨੂੰ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਪਿੰਡ ਚੀਮਾ ਤੋਂ ਇਲਾਵਾ ਹੋਰ ਕਈ ਪਿੰਡਾਂ ਵਿਚ ਬੁਢਾਪਾ ਪੈਨਸ਼ਨ, ਰਾਸ਼ਨ, ਟਰਾਈਸਾਈਕਲ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਨਾ ਮਿਲਣ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਹਨ। ਜਿਸ ਲਈ ਅਧਿਕਾਰੀਆਂ ਨੂੰ ਤੈਅ ਸਮੇ ਸੀਮਾ ਵਿਚ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਅਤੇ ਕੇਂਦਰੀ ਯੋਜਨਾਵਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਮੌਕੇ ਪਿੰਡ ਚੀਮਾ ਨਾਲ ਸਬੰਧਿਤ ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਆਜ਼ਾਦ ਸਪੋਰਟਸ ਕਲੱਬ ਅਤੇ ਹੋਰ ਪਿੰਡ ਵਾਸੀਆਂ ਵਲੋਂ ਪ੍ਰਿਯੰਕ ਕਾਨੂੰਗੋ ਨੂੰ ਨੈਸ਼ਨਲ ਹਾਈਵੇ ’ਤੇ ਬਣੇ ਕੱਟ ਨੂੰ ਸਹੀ ਤਰੀਕੇ ਨਾਲ ਬਣਾਉਣ ਤੋਂ ਇਲਾਵਾ, ਪਿੰਡ ਦੇ ਛੱਪੜਾਂ ਦੇ ਸਹੀ ਨਿਕਾਸ ਸਬੰਧੀ ਜਾਣੂ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਲਿਖਤੀ ਰੂਪ ਵਿਚ ਲੈਣ ਉਪਰੰਤ ਉਕਤ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਉਪਰੰਤ ਗੱਲਬਾਤ ਕਰਦਿਆਂ ਪ੍ਰਿਯੰਕ ਕਾਨੂੰਗੋ ਨੇ ਦੱਸਿਆ ਕਿ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵਲੋਂ ਬਰਨਾਲਾ ਵਿਖੇ ਸਫ਼ਾਈ ਕਰਮਚਾਰੀਆਂ ਉੱਤੇ ਹੋਏ ਲਾਠੀਚਾਰਜ ਸਬੰਧੀ ਸ਼ਿਕਾਇਤ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਭੇਜੀ ਗਈ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਮਿਸ਼ਨ ਨੇ ਪੰਜਾਬ ਸਰਕਾਰ ਕੋਲੋਂ ਰਿਪੋਰਟ ਤਲਬ ਕੀਤੀ ਹੈ। ਇਸ ਮੌਕੇ ਮਨਦੀਪ ਸਿੰਘ ਚੀਮਾ, ਦਰਸ਼ਨ ਸਿੰਘ ਚੀਮਾ, ਓਕਾਂਰ ਸਿੰਘ ਚੀਮਾ, ਜਿੰਦਰ ਜਵੰਧਾ ਤੋਂ ਇਲਾਵਾ ਕਿਸਾਨ ਜੱਥੇਬੰਦੀ, ਕਲੱਬ ਅਤੇ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਦੇ ੳੁੱਚ ਅਧਿਕਾਰੀ ਅਤੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਤੋਂ ਇਲਾਵਾ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ।