09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਪਿੰਡ ਅਮਲਾ ਸਿੰਘ ਵਾਲਾ ’ਚ ਰੈੱਡ ਕਰਾਸ ਸੁਸਾਇਟੀ ਵਲੋਂ ਵਿਸ਼ੇਸ਼ ਲੋਕ ਸੇਵਾ ਕੈਂਪ

ਅਜੀਤ ਡੈਸਕ 25-07-2026
ਮਹਿਲ ਕਲਾਂ, 24 ਜੁਲਾਈ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਬਰਨਾਲਾ ਵਲੋਂ ਪਿੰਡ ਅਮਲਾ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਲੋਕਾਂ ਨੂੰ ਸਿਹਤ ਸੇਵਾਵਾਂ ਅਤੇ ਵੱਖ-ਵੱਖ ਸਰਕਾਰੀ ਭਲਾਈ ਸਕੀਮਾਂ ਦਾ ਲਾਭ ਇੱਕੋ ਥਾਂ ਉਪਲਬਧ ਕਰਵਾਉਣ ਦੇ ਮਕਸਦ ਨਾਲ ਵਿਸ਼ੇਸ਼ ਲੋਕ ਸੇਵਾ ਕੈਂਪ ਲਗਾਇਆ ਗਿਆ। ਕੈਂਪ ਵਿਚ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਪਹੁੰਚ ਕੇ ਮੁਫ਼ਤ ਸਿਹਤ ਜਾਂਚ, ਦਵਾਈਆਂ ਅਤੇ ਸਰਕਾਰੀ ਯੋਜਨਾਵਾਂ ਨਾਲ ਸਬੰਧਿਤ ਸੇਵਾਵਾਂ ਦਾ ਲਾਭ ਹਾਸਲ ਕੀਤਾ। ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਬਰਨਾਲਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਮਾਹਿਰ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਵਲੋਂ ਅੱਖਾਂ ਦੀ ਸਕਰੀਨਿੰਗ, ਜਨਰਲ ਹੈਲਥ ਚੈੱਕਅਪ, ਬਲੱਡ ਪ੍ਰੈਸ਼ਰ ਅਤੇ ਹੋਰ ਮੁੱਢਲੀਆਂ ਸਿਹਤ ਸੇਵਾਵਾਂ ਪੂਰੀ ਤਰ੍ਹਾਂ ਮੁਫ਼ਤ ਪ੍ਰਦਾਨ ਕੀਤੀਆਂ ਗਈਆਂ। ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦੇਣ ਦੇ ਨਾਲ-ਨਾਲ ਨਜ਼ਰ ਦੀ ਕਮੀ ਵਾਲੇ ਵਿਅਕਤੀਆਂ ਨੂੰ ਐਨਕਾਂ ਵੀ ਵੰਡੀਆਂ ਗਈਆਂ, ਜਿਸ ਨਾਲ ਲੋਕਾਂ ਨੇ ਰਾਹਤ ਮਹਿਸੂਸ ਕੀਤੀ। ਉਨ੍ਹਾਂ ਦੱਸਿਆ ਕਿ ਸਿਹਤ ਸੇਵਾਵਾਂ ਤੋਂ ਇਲਾਵਾ ਕੈਂਪ ਵਿਚ ਵੱਖ-ਵੱਖ ਸਰਕਾਰੀ ਸਰਟੀਫਿਕੇਟਾਂ ਲਈ ਅਰਜ਼ੀਆਂ ਭਰਵਾਈਆਂ ਗਈਆਂ। ਇਸ ਦੇ ਨਾਲ ਹੀ ਮੁੱਖ ਮੰਤਰੀ ਸਿਹਤ ਯੋਜਨਾ, ਮਾਵਾਂ-ਧੀਆਂ ਸਤਿਕਾਰ ਯੋਜਨਾ, ਕਿਰਤ ਵਿਭਾਗ ਦੀਆਂ ਭਲਾਈ ਸਕੀਮਾਂ ਅਤੇ ਹੋਰ ਸਰਕਾਰੀ ਯੋਜਨਾਵਾਂ ਅਧੀਨ ਯੋਗ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਵੀ ਕੀਤੀ ਗਈ, ਤਾਂ ਜੋ ਲੋਕਾਂ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਆਸਾਨੀ ਨਾਲ ਮਿਲ ਸਕੇ। ਕੈਂਪ ਦੌਰਾਨ ਪਿੰਡ ਦੀ ਪੰਚਾਇਤ ਅਤੇ ਵੱਡੀ ਗਿਣਤੀ ਵਿਚ ਹਾਜ਼ਰ ਪਿੰਡ ਵਾਸੀਆਂ ਨੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਇਸ ਲੋਕ ਭਲਾਈ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਪਿੰਡ ਪੱਧਰ ’ਤੇ ਲੱਗਣ ਨਾਲ ਲੋਕਾਂ ਦਾ ਸਮਾਂ ਅਤੇ ਖ਼ਰਚ ਦੋਵੇਂ ਬਚਦੇ ਹਨ ਅਤੇ ਸਰਕਾਰੀ ਸੇਵਾਵਾਂ ਉਨ੍ਹਾਂ ਦੀ ਪਹੁੰਚ ਵਿਚ ਆਉਂਦੀਆਂ ਹਨ। ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਅਜਿਹੇ ਲੋਕ ਸੇਵਾ ਕੈਂਪਾਂ ਦੀ ਲੜੀ ਜਾਰੀ ਰਹੇਗੀ। ਉਨ੍ਹਾਂ ਜਾਣਕਾਰੀ ਦਿੱਤੀ ਕਿ ਅਗਲਾ ਕੈਂਪ 29 ਜੁਲਾਈ ਨੂੰ ਪਿੰਡ ਠੀਕਰੀਵਾਲਾ ਵਿਖੇ ਲਗਾਇਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਸਕੱਤਰ ਸਰਵਣ ਸਿੰਘ, ਮਾਹਿਰ ਡਾਕਟਰਾਂ ਦੀ ਟੀਮ, ਸਿਹਤ ਕਰਮਚਾਰੀ ਅਤੇ ਰੈੱਡ ਕਰਾਸ ਦਾ ਸਟਾਫ਼ ਵੀ ਹਾਜ਼ਰ ਸੀ।
ਪਿਛਲੀ ਖ਼ਬਰ ਪੀ.ਐੱਮ. ਰਾਹਤ ਯੋਜਨਾ ਤਹਿਤ ਜ਼ਖ਼ਮੀਆਂ ਨੂੰ ਹਸਪਤਾਲ ਵਿਚ ਡੇਢ ਲੱਖ ਰੁਪਏ ਤੱਕ ਦੇ ਨਕਦੀ ਰਹਿਤ ਇਲਾਜ ਦੀ ਸਹੂਲਤ-ਡਿਪਟੀ ਕਮਿ... ਅਗਲੀ ਖ਼ਬਰ ਬਾਜ਼ੀਗਰ ਬਸਤੀ ਵਾਸੀਆਂ ਨੇ ਬਿਜਲੀ ਕੱਟਾਂ ਨੂੰ ਲੈ ਕੇ ਪਾਵਰਕਾਮ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।