08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਸਰਕਾਰੀ ਸਿੱਖਿਆ ਕ੍ਰਾਂਤੀ ਦੀ ਨਿਕਲੀ ਫ਼ੂਕ ਪ੍ਰਾਇਮਰੀ ਸਕੂਲ ਛੀਨੀਵਾਲ ਕਲਾਂ ’ਚ ਸਿਰਫ਼ ਇਕ ਅਧਿਆਪਕ ਮੌਜੂਦ, ਬਾਕੀ ਅਸਾਮੀਆਂ ਖ਼ਾਲੀ, ਮਾਪਿਆਂ ਵਲੋਂ ਰੋਸ ਪ੍ਰਦਰਸ਼ਨ

ਅਜੀਤ ਡੈਸਕ 25-07-2026
ਮਹਿਲ ਕਲਾਂ, 24 ਜੁਲਾਈ (ਤਰਸੇਮ ਸਿੰਘ ਗਹਿਲ)-ਪੰਜਾਬ ਸਰਕਾਰ ਵਲੋਂ ਚਲਾਈ ਗਈ ਮੁਹਿੰਮ ਸਿੱਖਿਆ ਕ੍ਰਾਂਤੀ ਦੀ ਫ਼ੂਕ ਨਿਕਲਦੀ ਦਿਖਾਈ ਦੇ ਰਹੀ ਹੈ, ਪ੍ਰਾਇਮਰੀ ਸਕੂਲ ਛੀਨੀਵਾਲ ਕਲਾਂ ਵਿਚ ਵਿਦਿਆਰਥੀਆਂ ਪੜਾਉਣ ਲਈ ਸਿਰਫ਼ ਇਕ ਅਧਿਆਪਕ ਮੌਜੂਦ ਹੈ ਜਦਕਿ ਬਾਕੀ ਅਸਾਮੀਆਂ ਖ਼ਾਲੀ ਹਨ। ਅੱਜ ਸਕੂਲ ਵਿਖੇ ਅਧਿਆਪਕਾਂ ਦੀਆਂ ਖ਼ਾਲੀ ਅਸਾਮੀਆਂ ਦੇ ਰੋਸ ਵਜੋਂ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਸਕੂਲ ਵਿਚ ਨਾਅਰੇਬਾਜ਼ੀ ਕੀਤੀ ਗਈ ਅਤੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਨੂੰ ਵਿਦਿਆਰਥੀਆਂ ਦੇ ਚੰਗੇਰੇ ਭਵਿੱਖ ਲਈ ਖ਼ਾਲੀ ਅਸਾਮੀਆਂ ਭਰਨ ਦੀ ਮੰਗ ਕੀਤੀ ਗਈ। ਭਾਈ ਲਾਲੋ ਪੰਜਾਬੀ ਮੰਚ ਦੇ ਆਗੂ ਹਰਜੀਤ ਸਿੰਘ ਖ਼ਿਆਲੀ ਦੀ ਅਗਵਾਈ ਹੇਠ ਹੋਏ ਇਸ ਰੋਸ ਪ੍ਰਦਰਸ਼ਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਦਿਆਰਥੀਆਂ ਦੇ ਮਾਪਿਆਂ ਨੇ ਕਿਹਾ ਕਿ ਸਕੂਲ ਵਿਚ ਇੱਕੋ ਅਧਿਆਪਕ ਸਮੂਹ ਵਿਦਿਆਰਥੀਆਂ ਨੂੰ ਸਾਰੇ ਵਿਸ਼ਿਆਂ ਨੂੰ ਪੜ੍ਹਾ ਰਿਹਾ ਹੈ, ਜਿਸ ਕਰ ਕੇ ਵਿਦਿਆਰਥੀਆਂ ਦੀ ਪੜਾਈ ਦਾ ਨੁਕਸਾਨ ਤੇ ਭਵਿੱਖ ਖ਼ਤਰੇ ਵਿਚ ਦਿਖਾਈ ਦੇ ਰਿਹਾ ਹੈ। ਸਕੂਲ ਵਿਚ ਵਿਦਿਆਰਥੀਆਂ ਨੂੰ ਪੜਾਉਣ ਤੋਂ ਇਲਾਵਾ ਮਿਡ ਦੇ ਮੀਲ ਪ੍ਰਬੰਧ ਅਤੇ ਡਾਕ ਪ੍ਰਬੰਧਾਂ ਦਾ ਵਾਧੂ ਬੋਝ ਵੀ ਇਸ ਅਧਿਆਪਕ ਵਲੋਂ ਚੁੱਕਿਆ ਜਾ ਰਿਹਾ ਹੈ। ਨੌਜਵਾਨ ਆਗੂ ਖ਼ਿਆਲੀ ਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਸਕੂਲਾਂ ਵਿਚ ਸਿੱਖਿਆ ਕ੍ਰਾਂਤੀ ਲਿਆਉਣ ਦਾ ਦਮਗਜੇ ਮਾਰ ਰਹੀ ਹੈ, ਸਕੂਲਾਂ ਵਿਚ ਅਸਲ ਸਥਿਤੀ ਹਾਸੋਹੀਣੀ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਦਲਿਤ, ਗ਼ਰੀਬ ਅਤੇ ਲੋੜਵੰਦ ਲੋਕਾਂ ਦੇ ਬੱਚਿਆਂ ਦਾ ਹੋ ਰਿਹਾ ਸ਼ਰ੍ਹੇਆਮ ਸ਼ੋਸ਼ਣ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਪ੍ਰਾਇਮਰੀ ਸਕੂਲ ਛੀਨੀਵਾਲ ਕਲਾਂ ਵਿਖੇ ਅਧਿਆਪਕਾਂ ਦੀਆਂ ਖ਼ਾਲੀ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ, ਜੇਕਰ ਮੰਗਲਵਾਰ ਤੱਕ ਸਕੂਲ ਦੀਆਂ ਸਮੂਹ ਖ਼ਾਲੀ ਅਸਾਮੀਆਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਅਗਲੇ ਸੰਘਰਸ਼ ਦੀ ਤਿਆਰੀ ਕੀਤੀ ਜਾਵੇਗੀ ਅਤੇ ਬੀ.ਪੀ.ਓ. ਦਫ਼ਤਰ ਮਹਿਲ ਕਲਾਂ ਦਾ ਘਿਰਾਓ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਏਕਮ ਸਿੰਘ, ਲਖਵੀਰ ਸਿੰਘ, ਹੈਪੀ ਸਿੰਘ, ਲੱਖੀ ਸਿੰਘ, ਮਹਿੰਦਰ ਸਿੰਘ, ਜਸਪਾਲ ਕੌਰ, ਜਸਪ੍ਰੀਤ ਕੌਰ, ਲਖਵਿੰਦਰ ਸਿੰਘ, ਸ਼ਿੰਦਰ ਕੌਰ, ਸੋਨੀ ਕੌਰ, ਸਰਬਜੀਤ ਸਿੰਘ, ਪਰਮਜੀਤ ਸਿੰਘ, ਨਿਰਮਲ ਸਿੰਘ, ਰਾਮ ਸਿੰਘ, ਨਾਇਬ ਸਿੰਘ, ਲਖਵੀਰ ਸਿੰਘ, ਜਰਨੈਲ ਸਿੰਘ, ਹਰਕਰਨ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਬਰਸਾਤ ਦਾ ਮੌਸਮ ਸ਼ੁਰੂ ਧਨੌਲਾ ਡਰੇਨ ਗਾਦ ਤੇ ਬੂਟੀ ਨਾਲ ਨੱਕੋ-ਨੱਕ ਭਰੀ, ਪ੍ਰਸ਼ਾਸਨਿਕ ਅਧਿਕਾਰੀ ਗਹਿਰੀ ਨੀਂਦ ਸੁੱਤੇ ਅਗਲੀ ਖ਼ਬਰ ਪੁਲਿਸ ਦੀ ਵਿਸ਼ੇਸ਼ ਪਹਿਲਕਦਮੀ-ਪਬਲਿਕ ਮੀਟਿੰਗ ਦੌਰਾਨ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।