11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਕਾਂਗਰਸ ਦੀ ਧੜਹੇਬੰਦੀ ਦਾ ਪਰਛਾਵਾਂ ਜ਼ਿਲ੍ਹਾ ਬਰਨਾਲਾ ਵਿਚ ਵੀ ਦੇਣ ਲੱਗਿਆ ਦਿਖਾਈ

ਅਜੀਤ ਡੈਸਕ 12-07-2026

ਬਰਨਾਲਾ, 11 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਵਿਚਾਲੇ ਚੱਲ ਰਹੀ ਖਿੱਚੋਤਾਣ ਅਤੇ ਧੜੇਬੰਦੀ ਕਿਸੇ ਕੋਲੋਂ ਛੁਪੀ ਨਹੀਂ ਹੈ। ਪਰ ਹੁਣ ਇਸ ਧੜੇਬੰਦੀ ਦੇ ਪ੍ਰਛਾਵੇਂ ਜ਼ਿਲ੍ਹਾ ਪੱਧਰ ’ਤੇ ਵੀ ਦਿਖਾਈ ਦੇਣ ਲੱਗੇ ਹਨ। ਜਿਸ ਦੀ ਤਾਜ਼ਾ ਉਦਾਹਰਨ ਬਰਨਾਲਾ ਜ਼ਿਲ੍ਹੇ ਨਾਲ ਸਬੰਧਿਤ ਕੁੱਝ ਕਾਂਗਰਸੀ ਆਗੂਆਂ ਦੀਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਵੱਖ-ਵੱਖ ਸਾਹਮਣੇ ਆਈਆਂ ਤਸਵੀਰਾਂ ਨਾਲ ਉਜਾਗਰ ਹੋ ਰਹੀ ਹੈ। ਇਨ੍ਹਾਂ ਵੱਖੋ-ਵੱਖ ਤਸਵੀਰਾਂ ਨੇ ਸਿਆਸੀ ਹਲਕਿਆਂ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਵਲੋਂ ਸੋਸ਼ਲ ਮੀਡੀਆ ’ਤੇ ਵੱਡੀ ਗਿਣਤੀ ਸਥਾਨਕ ਆਗੂਆਂ ਨਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਕੀਤੀ ਮੁਲਾਕਾਤ ਦੀ ਤਸਵੀਰ ਸਾਂਝੀ ਕੀਤੀ ਗਈ ਹੈ ਅਤੇ ਦੂਸਰੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਵੀ ਸੋਸ਼ਲ ਮੀਡੀਆ ’ਤੇ ਇਕ ਤਸਵੀਰ ਸਾਂਝੀ ਕੀਤੀ ਗਈ ਹੈ, ਜਿਸ ਨੂੰ ਉਨ੍ਹਾਂ ਨੇ ‘ਬਰਨਾਲਾ ਟੀਮ’ ਦਾ ਨਾਮ ਦੇ ਕੇ ‘ਬਰਨਾਲਾ ਦੇ ਯੋਧੇ, ਕਾਂਗਰਸ ਦੇ ਥੰਮ’ ਲਿਖਿਆ ਹੈ। ਇਸ ਤਸਵੀਰ ਵਿਚ ਜ਼ਿਲ੍ਹੇ ਦੇ ਕਈ ਸੀਨੀਅਰ ਆਗੂ ਜਿਵੇਂਕਿ ਸਾਬਕਾ ਜ਼ਿਲ੍ਹਾ ਪ੍ਰਧਾਨ ਮੱਖਣ ਸ਼ਰਮਾ, ਜਗਜੀਤ ਸਿੰਘ ਧੌਲਾ, ਬਲਾਕ ਪ੍ਰਧਾਨ ਮਹੇਸ਼ ਲੋਟਾ, ਗੁਰਮੇਲ ਸਿੰਘ ਮੌੜ, ਗੁਰਕੀਮਤ ਸਿੰਘ ਸਿੱਧੂ ਅਤੇ ਹੋਰ ਆਗੂ ਨਜ਼ਰ ਆ ਰਹੇ ਹਨ। ਜ਼ਿਲ੍ਹੇ ਦੇ ਆਗੂਆਂ ਦਾ ਸੂਬੇ ਦੇ ਦੋ ਵੱਡੇ ਆਗੂਆਂ ਨਾਲ ਵੱਖੋ-ਵੱਖਰੇ ਤੌਰ ’ਤੇ ਤਸਵੀਰਾਂ ਵਿਚ ਨਜ਼ਰ ਆਉਣਾ ਇਸ ਗੱਲ ਵੱਲ ਜ਼ਰੂਰ ਇਸ਼ਾਰਾ ਕਰ ਰਿਹਾ ਹੈ ਕਿ ਜ਼ਿਲ੍ਹਾ ਲੀਡਰਸ਼ਿਪ ਵਿਚ ਸਭ ਕੁੱਝ ਅੱਛਾ ਨਹੀਂ ਚੱਲ ਰਿਹਾ। ਜ਼ਿਲ੍ਹੇ ਦੇ ਪੁਰਾਣੇ ਅਤੇ ਟਕਸਾਲੀ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਉਹ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ, ਪਾਰਟੀ ਹਾਈਕਮਾਨ ਵਲੋਂ ਨਿਯੁਕਤ ਕੀਤੇ ਗਏ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਨਾਲ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਾਰਟੀ ਦੀ ਪ੍ਰਫੁਲਿਤਾ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਕੰਮ ਕਰਦੇ ਰਹਿਣਗੇ। ਬੇਸ਼ੱਕ ਅਜੇ ਸਪਸ਼ਟ ਰੂਪ ਵਿਚ ਇਹ ਨਹੀਂ ਕਿਹਾ ਜਾ ਸਕਦਾ ਕਿ ਬਰਨਾਲਾ ਵਿਚ ਕਾਂਗਰਸ ਪੂਰੀ ਤਰ੍ਹਾਂ ਧੜੇਬੰਦੀ ਦਾ ਸ਼ਿਕਾਰ ਹੋ ਚੁੱਕੀ ਹੈ ਕਿਉਂਕਿ ਕਿਸੇ ਵੀ ਆਗੂ ਵਲੋਂ ਇਸ ਸਬੰਧੀ ਖੁੱਲ੍ਹ ਕੇ ਇਕ-ਦੂਜੇ ਦੇ ਖ਼ਿਲਾਫ਼ ਬਿਆਨਬਾਜ਼ੀ ਨਹੀਂ ਕੀਤੀ ਗਈ, ਪਰ ਤਸਵੀਰਾਂ ਕਾਰਨ ਛਿੜੀ ਚਰਚਾ ਅਨੁਸਾਰ ਆਉਣ ਵਾਲੇ ਸਮੇਂ ਵਿਚ ਇਹ ਪਾਰਟੀ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਇਸ ਲਈ ਇਹ ਦੇਖਣਯੋਗ ਹੋਵੇਕਿ ਬਰਨਾਲਾ ਕਾਂਗਰਸ ਦੀ ਇਹ ਸਥਿਤੀ ਆਉਣ ਵਾਲੇ ਦਿਨਾਂ ਵਿਚ ਕੀ ਮੋੜ ਲੈਂਦੀ ਹੈ ਪਰ ਜੇਕਰ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੇ ਸੂਬਾ ਪੱਧਰ ਵਾਂਗ ਜ਼ਿਲ੍ਹਾ ਪੱਧਰ ’ਤੇ ਉੱਠ ਰਹੇ ਮਤਭੇਦਾਂ ਨੂੰ ਸਮੇਂ ਸਿਰ ਨਾ ਸੁਲਝਾਇਆ ਤਾਂ ਆਉਣ ਵਾਲੀਆਂ ਚੋਣਾਂ ਵਿਚ ਪਾਰਟੀ ਨੂੰ ਇਸ ਦਾ ਖ਼ਮਿਆਜ਼ਾ ਭੁਗਤਣਾ ਪੈ ਸਕਦਾ ਹੈ।

ਪਿਛਲੀ ਖ਼ਬਰ ਸ਼ਹਿਰ ਅੰਦਰ ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ਦਾ ਹੋਇਆ ਮਾੜਾ ਹਾਲ ਅਗਲੀ ਖ਼ਬਰ -ਟੀ-10 ਲੜੀ- ਇੰਗਲੈਂਡ ਨੇ ਭਾਰਤ ਨੂੰ 56 ਦੌੜਾਂ ਨਾਲ ਹਰਾਇਆ ਵਿਸ਼ਵ ਚੈਂਪੀਅਨ ਵਿਰੁੱਧ 4-0 ਨਾਲ ਲੜੀ ਜਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।