13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਬਰਨਾਲਾ ਚਿੰਟੂ ਪਾਰਕ ਦੇ ਟਿਊਬਵੈੱਲ ਨੂੰ ਲੈ ਕੇ ਸਿਆਸੀ ਘਮਸਾਣ, ‘ਆਪ’, ਭਾਜਪਾ ਅਤੇ ਕਾਂਗਰਸੀ ਆਗੂਆਂ ’ਚ ਸਿਹਰਾ ਲੈਣ ਦੀ ਲੱਗੀ ਹੋੜ

ਅਜੀਤ ਡੈਸਕ 07-07-2026
ਬਰਨਾਲਾ, 6 ਜੁਲਾਈ (ਨਰਿੰਦਰ ਅਰੋੜਾ)-ਸ਼ਹਿਰ ਦੇ ਚਿੰਟੂ ਪਾਰਕ ਵਿਚ ਲਗਾਏ ਜਾ ਰਹੇ ਨਵੇਂ ਟਿਊਬਵੈੱਲ ਨੂੰ ਲੈ ਕੇ ਬਰਨਾਲਾ ਦੀ ਸਿਆਸਤ ਇਕ ਵਾਰ ਫਿਰ ਗਰਮਾ ਗਈ ਹੈ। ਟਿਊਬਵੈੱਲ ਦੇ ਨਿਰਮਾਣ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਨੂੰ ਲੈ ਕੇ ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਦੇ ਆਗੂਆਂ ਵਿਚਾਲੇ ਬਿਆਨਬਾਜ਼ੀ ਤੇਜ਼ ਹੋ ਗਈ ਹੈ ਅਤੇ ਸੋਸ਼ਲ ਮੀਡੀਆ ਵਿਚ ਵੀ ਆਪਸੀ ਡਿਬੇਟ ਜ਼ੋਰਾਂ ’ਤੇ ਚੱਲ ਰਹੀ ਸੀ। ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਇਸ ਕੰਮ ਨੂੰ ਪੰਜਾਬ ਸਰਕਾਰ ਦੀ ਵੱਡੀ ਪ੍ਰਾਪਤੀ ਦੱਸ ਰਹੀ ਹੈ ਉੱਥੇ ਭਾਜਪਾ ਅਤੇ ਕਾਂਗਰਸ ਦਾ ਦਾਅਵਾ ਹੈ ਕਿ ਇਹ ਪ੍ਰਾਜੈਕਟ ਕੇਂਦਰ ਸਰਕਾਰ ਦੀ ਅੰਮ੍ਰਿਤ 2.0 ਸਕੀਮ ਤਹਿਤ ਮਨਜ਼ੂਰ ਹੋਇਆ ਸੀ, ਉਸੇ ਤਹਿਤ ਇਸ ਦਾ ਕੰਮ ਚੱਲ ਰਿਹਾ ਹੈ। ਮੇਅਰ ਹਸਨਪ੍ਰੀਤ ਭਾਰਦਵਾਜ ਨੇ ‘ਆਪ’ ਸਰਕਾਰ ਦੀ ਪ੍ਰਾਪਤੀ ਦੱਸਦਿਆਂ ਕਿਹਾ ਕਿ ਚਿੰਟੂ ਪਾਰਕ ਵਿਚ ਲਗਾਇਆ ਜਾ ਰਿਹਾ ਟਿਊਬਵੈੱਲ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਯਤਨਾਂ ਨਾਲ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਭਾਜਪਾ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇਕਰ ਇਹ ਟਿਊਬਵੈੱਲ ਪੂਰੀ ਤਰ੍ਹਾਂ ਕੇਂਦਰ ਸਰਕਾਰ ਦਾ ਹੀ ਪ੍ਰਾਜੈਕਟ ਸੀ ਤਾਂ ਸ਼ਹੀਦ ਭਗਤ ਸਿੰਘ ਪਾਰਕ ਵਿਚ ਟਿਊਬਵੈੱਲ ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਖ਼ਿਲਾਫ਼ ਧਰਨਾ ਦੇਣ ਦੀ ਕੀ ਲੋੜ ਸੀ। ਮੇਅਰ ਨੇ ਕਿਹਾ ਕਿ ਨਗਰ ਨਿਗਮ ਵਲੋਂ ਇਕੱਠੇ ਕੀਤੇ ਜਾਣ ਵਾਲੇ ਟੈਕਸਾਂ ਦਾ ਵੱਡਾ ਹਿੱਸਾ ਕੇਂਦਰ ਸਰਕਾਰ ਕੋਲ ਜਾਂਦਾ ਹੈ ਅਤੇ ਉਸੇ ਵਿਚੋਂ ਵੱਖ-ਵੱਖ ਯੋਜਨਾਵਾਂ ਰਾਹੀਂ ਫ਼ੰਡ ਵਾਪਸ ਸ਼ਹਿਰਾਂ ਦੇ ਵਿਕਾਸ ਲਈ ਜਾਰੀ ਕੀਤੇ ਜਾਂਦੇ ਹਨ। ਇਸ ਲਈ ਵਿਕਾਸ ਕਾਰਜਾਂ ਦਾ ਸਾਰਾ ਸਿਹਰਾ ਕੇਵਲ ਕੇਂਦਰ ਸਰਕਾਰ ਨੂੰ ਦੇਣਾ ਠੀਕ ਨਹੀਂ। ਦੂਸਰੇ ਪਾਸੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਅਤੇ ਭਾਜਪਾ ਆਗੂ ਨਰਿੰਦਰ ਗਰਗ ਨੀਟਾ ਨੇ ਮੇਅਰ ਦੇ ਬਿਆਨ ਨੂੰ ਤੱਥਾਂ ਤੋਂ ਪਰੇ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਗੱਲ ਜੱਗ ਜ਼ਾਹਿਰ ਹੈ ਕਿ ਕੇਂਦਰ ਸਰਕਾਰ ਦੀ ਅੰਮ੍ਰਿਤ 2.0 ਸਕੀਮ ਤਹਿਤ ਬਰਨਾਲਾ ਸ਼ਹਿਰ ਲਈ ਪੰਜ ਨਵੇਂ ਟਿਊਬਵੈੱਲ ਅਤੇ ਪਾਣੀ ਦੀਆਂ ਪਾਈਪ ਲਾਈਨਾਂ ਦਾ ਪ੍ਰਾਜੈਕਟ ਮਨਜ਼ੂਰ ਕੀਤਾ ਗਿਆ ਸੀ। ਚਿੰਟੂ ਪਾਰਕ ਦਾ ਟਿਊਬਵੈੱਲ ਵੀ ਉਸੇ ਪ੍ਰਾਜੈਕਟ ਦਾ ਹਿੱਸਾ ਹੈ ਅਤੇ ਕਿਹਾ ਕਿ ਇਸ ਕੰਮ ਨੂੰ ਪੰਜਾਬ ਸਰਕਾਰ ਦੀ ਪ੍ਰਾਪਤੀ ਦੱਸਣਾ ਲੋਕਾਂ ਨੂੰ ਗੁੰਮਰਾਹ ਕਰਨ ਦੇ ਬਰਾਬਰ ਹੈ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਸ਼ਹੀਦ ਭਗਤ ਸਿੰਘ ਪਾਰਕ ਵਾਲੇ ਟਿਊਬਵੈੱਲ ਲਈ ਦਿੱਤਾ ਗਿਆ ਧਰਨਾ ਵੱਖਰੇ ਮੁੱਦੇ ਨਾਲ ਸਬੰਧਿਤ ਸੀ ਅਤੇ ਇਸ ਪ੍ਰਾਜੈਕਟ ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਇਸੇ ਤਰ੍ਹਾਂ ਕਾਂਗਰਸ ਆਗੂ ਮੱਖਣ ਸ਼ਰਮਾ ਨੇ ਵੀ ਆਮ ਆਦਮੀ ਪਾਰਟੀ ’ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਇਹ ਸਾਬਤ ਕਰ ਦੇਵੇ ਕਿ ਚਿੰਟੂ ਪਾਰਕ ਦਾ ਟਿਊਬਵੈੱਲ ਉਸ ਵਲੋਂ ਮਨਜ਼ੂਰ ਕਰਵਾਇਆ ਗਿਆ ਹੈ ਤਾਂ ਉਹ ਰਾਜਨੀਤੀ ਛੱਡਣ ਲਈ ਵੀ ਤਿਆਰ ਹਨ। ਸ਼ਰਮਾ ਨੇ ਦਾਅਵਾ ਕੀਤਾ ਕਿ ਇਹ ਪ੍ਰਾਜੈਕਟ ਸਾਲ 2021 ਵਿਚ ਹੀ ਕੇਂਦਰ ਸਰਕਾਰ ਦੀ ਅੰਮ੍ਰਿਤ 2.0 ਸਕੀਮ ਤਹਿਤ ਮਨਜ਼ੂਰ ਹੋ ਗਿਆ ਸੀ, ਪਰ ਪੰਜਾਬ ਸਰਕਾਰ ਦੀ ਲਾਪਰਵਾਹੀ ਅਤੇ ਪ੍ਰਸ਼ਾਸਕੀ ਢਿੱਲ ਕਾਰਨ ਇਸ ਦਾ ਕੰਮ ਲਗਭਗ ਤਿੰਨ ਸਾਲ ਦੇਰੀ ਨਾਲ ਸ਼ੁਰੂ ਹੋ ਸਕਿਆ। ਭਾਵੇਂ ਟਿਊਬਵੈੱਲ ਨੂੰ ਲੈ ਕੇ ਸਿਆਸੀ ਸਿਹਰਾ ਲੈਣ ਦੀ ਹੋੜ ਜਾਰੀ ਹੈ ਪਰ ਸ਼ਹਿਰ ਦੇ ਲੋਕਾਂ ਦੀ ਮੁੱਖ ਉਮੀਦ ਇਹ ਹੈ ਕਿ ਟਿਊਬਵੈੱਲ ਜਲਦੀ ਚਾਲੂ ਹੋਵੇ ਅਤੇ ਇਲਾਕੇ ਵਿਚ ਲੰਬੇ ਸਮੇਂ ਤੋਂ ਚੱਲ ਰਹੀ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਨਿਕਲੇ। ਫ਼ਿਲਹਾਲ ਇਸ ਪ੍ਰਾਜੈਕਟ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਜਾਰੀ ਹੈ ਅਤੇ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਦਾ ਸਿਹਰਾ ਆਖ਼ਿਰ ਕਿਸ ਦੇ ਸਿਰ ਬੱਝਦਾ ਹੈ।
ਕੀ ਕਹਿਣਾ ਹੈ ਐਸ.ਡੀ.ਓ. ਮਨਜੀਤ ਸਿੰਘ ਦਾ
ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਐਸ.ਡੀ.ਓ. ਮਨਜੀਤ ਸਿੰਘ ਨੇ ਪ੍ਰਾਜੈਕਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਿੰਟੂ ਪਾਰਕ ਦਾ ਟਿਊਬਵੈੱਲ ਅੰਮ੍ਰਿਤ 2.0 ਸਕੀਮ ਅਧੀਨ ਲਗਾਇਆ ਜਾ ਰਿਹਾ ਹੈ। ਜੋ ਕਿ ਕੇਂਦਰ ਸਰਕਾਰ ਦੀ ਸਕੀਮ ਹੈ ਇਹ ਪ੍ਰਾਜੈਕਟ ਸਾਲ 2021 ਵਿਚ ਮਨਜ਼ੂਰ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਕੇਂਦਰ ਅਤੇ ਪੰਜਾਬ ਸਰਕਾਰ ਦੋਵੇਂ ਮਿਲ ਕੇ ਫ਼ੰਡ ਜਾਰੀ ਕਰਦੀਆਂ ਹਨ। ਪ੍ਰਾਜੈਕਟ ਵਿਚ ਕੇਂਦਰ ਸਰਕਾਰ ਦਾ ਵੱਡਾ ਵਿੱਤੀ ਹਿੱਸਾ ਹੁੰਦਾ ਹੈ, ਜਦਕਿ ਬਾਕੀ ਰਕਮ ਸੂਬਾ ਸਰਕਾਰ ਵਲੋਂ ਦਿੱਤੀ ਜਾਂਦੀ ਹੈ। ਇਸ ਲਈ ਇਸ ਨੂੰ ਸਾਂਝੇ ਫ਼ੰਡਾਂ ਨਾਲ ਚੱਲਣ ਵਾਲਾ ਪ੍ਰਾਜੈਕਟ ਕਿਹਾ ਜਾ ਸਕਦਾ ਹੈ।
ਪਿਛਲੀ ਖ਼ਬਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਸੰਸਦ ਮੈਂਬਰ ਮੀਤ ਹੇਅਰ ਦੀ ਰਿਹਾਇਸ਼ ਦਾ ਘਿਰਾਓ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ 2027 ’ਚ ਮੁੜ ਮੁੱਖ ਮੰਤਰੀ ਬਣਨਾ ਤੈਅ-ਗੁਰਮੀਤ ਸਿੰਘ ਮੀਤ ਹੇਅਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।