04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਕਣਕ ਦੇ ਖ਼ਰੀਦ ਪ੍ਰਬੰਧਾਂ ਦੇ ਦਾਅਵਿਆਂ ਦੀ ਨਿਕਲੀ ਫ਼ੂਕ, ਅਨਾਜ ਮੰਡੀਆਂ ਦੀ ਬਿਜਲੀ ਸਪਲਾਈ ਕੁੰਡੀ ਲਾ ਕੇ ਚਲਾਈ

ਅਜੀਤ ਡੈਸਕ 11-04-2026
ਰੂੜੇਕੇ ਕਲਾਂ, 10 ਅਪ੍ਰੈਲ (ਗੁਰਪ੍ਰੀਤ ਸਿੰਘ ਕਾਹਨੇਕੇ)-ਪੰਜਾਬ ਸਰਕਾਰ, ਵਿਭਾਗ ਤੇ ਜ਼ਿਲ੍ਹੇ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ 1 ਅਪ੍ਰੈਲ ਤੋਂ ਅਨਾਜ ਮੰਡੀਆਂ ਵਿਚ ਕਣਕ ਦੇ ਖਰੀਦ ਪ੍ਰਬੰਧ ਮੁਕੰਮਲ ਕਰਨ ਦੇ ਕੀਤੇ ਜਾ ਰਹੇ ਦਾਅਵਿਆਂ ਦੀ ਉਦੋਂ ਫ਼ੂਕ ਨਿਕਲ ਗਈ ਜਦੋਂ ਸਥਾਨਕ ਇਲਾਕੇ ਦੀਆਂ ਪਿੰਡ ਪੱਖੋ ਕਲਾਂ, ਧੂਰਕੋਟ, ਰੂੜੇਕੇ ਕਲਾਂ, ਧੌਲਾ ਖਰੀਦ ਕੇਂਦਰਾਂ ਵਿਖੇ ਪਿਛਲੇ ਦਿਨਾਂ ਤੋਂ ਕਿਸਾਨਾਂ ਦੀ ਕਣਕ ਦੀ ਫ਼ਸਲ ਆਉਣ ਕਰ ਕੇ ਜਲਦਬਾਜ਼ੀ ਵਿਚ ਮਾਰਕੀਟ ਕਮੇਟੀ ਤਪਾ ਦੇ ਜ਼ਿੰਮੇਵਾਰ ਅਧਿਕਾਰੀਆਂ ਨੇ ਅਨਾਜ ਮੰਡੀਆਂ ਦੀ ਬਿਜਲੀ ਸਪਲਾਈ ਕੁੰਡੀ ਲਾ ਕੇ ਚਾਲੂ ਕਰਵਾ ਦਿੱਤੀ | ਅਨਾਜ ਮੰਡੀ ਵਿਚ ਕੰਮ ਕਰਨ ਵਾਲੇ ਕਾਮਿਆਂ ਅਤੇ ਕਿਸਾਨਾਂ ਲਈ ਪਾਣੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੈ | ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਕਿ ਅਨਾਜ ਮੰਡੀ ਪੱਖੋ ਕਲਾਂ, ਧੂਰਕੋਟ, ਰੂੜੇਕੇ ਕਲਾਂ, ਧੌਲਾ ਵਿਖੇ ਪਿਛਲੇ ਦਿਨਾਂ ਤੋਂ ਲੈ ਕੇ ਕਿਸਾਨਾਂ ਦੀ ਕਣਕ ਦੀ ਫ਼ਸਲ ਆ ਚੁੱਕੀ ਹੈ | ਉਕਤ ਅਨਾਜ ਮੰਡੀਆਂ ਦੀਆਂ ਲਾਈਟਾਂ ਚਾਲੂ ਕਰਨ ਲਈ ਮਾਰਕੀਟ ਕਮੇਟੀ ਤਪਾ ਦੇ ਜ਼ਿੰਮੇਵਾਰ ਅਧਿਕਾਰੀਆਂ ਨੇ ਬਿਜਲੀ ਮੀਟਰ ਨਾ ਲੱਗਣ ਕਾਰਨ ਬਿਜਲੀ ਸਪਲਾਈ ਕੁੰਡੀਆਂ ਲਾ ਕੇ ਚਾਲੂ ਕਰ ਦਿੱਤੀ ਹੈ | ਪਿੰਡ ਪੱਖੋ ਕਲਾਂ ਅਨਾਜ ਮੰਡੀ ਵਿਖੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਹੋਇਆ ਸੀ | ਉਕਤ ਅਨਾਜ ਮੰਡੀਆਂ ਵਿਚ ਕਿਸਾਨਾਂ ਦੀ ਕਣਕ ਦੀ ਫ਼ਸਲ ਖਰੀਦ ਕਰਨ ਲਈ ਕੋਈ ਆੜ੍ਹਤੀਆ ਜਾ ਮਾਰਕੀਟ ਕਮੇਟੀ ਦੇ ਕਿਸੇ ਅਧਿਕਾਰੀ ਨੇ ਪਹੁੰਚ ਨਹੀਂ ਕੀਤੀ ਹੈ | ਨਾ ਹੀ ਅਨਾਜ ਮੰਡੀ ਵਿਚ ਕਣਕ ਦੀ ਫ਼ਸਲ ਸਫ਼ਾਈ ਤੇ ਤੁਲਾਈ ਕਰਨ ਲਈ ਕਾਮੇ ਆਏ ਹਨ | ਸਿਰਫ਼ ਕਿਸਾਨ ਆਪਣੀ ਕਣਕ ਦੀ ਫ਼ਸਲ ਲੈ ਕੇ ਅਨਾਜ ਮੰਡੀਆਂ ਵਿਚ ਬੈਠੇ ਖਰੀਦ ਪ੍ਰਬੰਧ ਮੁਕੰਮਲ ਹੋਣ ਦੀ ਉਡੀਕ ਕਰ ਰਹੇ ਹਨ |
• ਕੀ ਕਹਿਣਾ ਹੈ ਸਰਕਾਰੀ ਅਧਿਕਾਰੀਆਂ ਦਾ :-ਜਦੋਂ ਇਸ ਸਬੰਧੀ ਮਾਰਕੀਟ ਕਮੇਟੀ ਤਪਾ ਦੇ ਸਕੱਤਰ ਹਰਦੀਪ ਸਿੰਘ ਤੇ ਸੁਨੀਲ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਅਨਾਜ ਮੰਡੀਆਂ ਦੇ ਬਿਜਲੀ ਮੀਟਰ ਲਗਾਉਣ ਲਈ ਅਪਲਾਈ ਕੀਤਾ ਹੋਇਆ ਹੈ | ਪ੍ਰੰਤੂ ਸਬੰਧਿਤ ਵਿਭਾਗ ਵਲੋਂ ਲਾਏ ਨਹੀਂ ਹਨ | ਜਿਸ ਕਰ ਕੇ ਅਨਾਜ ਮੰਡੀਆਂ ਦੀ ਬਿਜਲੀ ਸਪਲਾਈ ਕਿਸਾਨਾਂ ਦੀ ਸਹੂਲਤ ਲਈ ਕੁੰਡੀ ਲਾ ਕੇ ਚਾਲੂ ਕੀਤੀ ਗਈ ਹੈ | ਪੱਖੋ ਕਲਾਂ ਵਿਖੇ ਪਾਣੀ ਦੇ ਪ੍ਰਬੰਧ ਲਈ ਮੋਟਰ ਪਾ ਰਹੇ ਹਾਂ | ਡੀ.ਐਮ.ਬਰਨਾਲਾ ਬੀਰਇੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਸਬੰਧੀ ਪੜਤਾਲ ਕਰ ਰਹੇ ਹਾਂ | ਜਦੋਂ ਇਸ ਸਬੰਧੀ ਪਾਵਰਕਾਮ ਦੇ ਐੱਸ.ਸੀ. ਬਰਨਾਲਾ, ਐਕਸੀਅਨ ਮਾਨਸਾ ਤੇ ਐੱਸ.ਡੀ.ਓ. ਤਪਾ ਤੇ ਜੋਗਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਬਿਨਾਂ ਬਿਜਲੀ ਮੀਟਰਾਂ ਤੋਂ ਬਿਜਲੀ ਸਪਲਾਈ ਚਾਲੂ ਕਰਨੀ ਗੈਰਕਾਨੂੰਨੀ ਹੈ | ਸਬੰਧਿਤ ਵਿਭਾਗ ਨੂੰ ਬਿਜਲੀ ਮੀਟਰ ਲਗਾਉਣ ਲਈ ਸਹੀ ਸਮੇਂ 'ਤੇ ਅਪਲਾਈ ਕਰ ਕੇ ਬਿਜਲੀ ਮੀਟਰ ਲਗਾਉਣੇ ਚਾਹੀਦੇ ਸਨ | ਅਨਾਜ ਮੰਡੀਆਂ ਦੀ ਚੈਕਿੰਗ ਕਰ ਕੇ ਕਾਨੂੰਨੀ ਕਾਰਵਾਈ ਕਰ ਰਹੇ ਸਬੰਧਿਤ ਵਿਭਾਗ ਨੂੰ ਜੁਰਮਾਨੇ ਦਾ ਨੋਟਿਸ ਭੇਜਿਆ ਜਾਵੇਗਾ |
ਪਿਛਲੀ ਖ਼ਬਰ ਪੰਜਾਬ ਸਕੂਲ ਸਿੱਖਿਆ ਬੋਰਡ ਅੱਠਵੀਂ ਦੀ ਪ੍ਰੀਖਿਆ 'ਚ ਜ਼ਿਲ੍ਹਾ ਬਰਨਾਲਾ ਦੇ ਤਿੰਨ ਵਿਦਿਆਰਥੀਆਂ ਨੇ ਮੈਰਿਟ ਵਿਚ ਕਰਵਾਇਆ ਨ... ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਜਨਗਣਨਾ-2027 ਤਹਿਤ ਚਾਰਜ ਅਫ਼ਸਰਾਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।