ਟੱਲੇਵਾਲ, 30 ਮਾਰਚ (ਸੋਨੀ ਚੀਮਾ)-ਇਲਾਕੇ ਦੇ ੳੱੁਘੇ ਕਵੀ ਸੰਤ ਰਾਮ ਉਦਾਸੀ ਵਲੋਂ ਗਾਈ ਕਵਿਤਾ ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵਿਹੜੇ ਦੀਆਂ ਸਤਰਾਂ ਨੂੰ ਪਿੰਡ ਭੋਤਨਾ ਨਾਲ ਸਬੰਧਿਤ ਮਜ਼ਦੂਰ ਪਰਿਵਾਰ ਦੀ ਧੀ ਨੇ ਆਪਣੀ ਮਿਹਨਤ ਸਦਕਾ ਆਪਣੇ 'ਤੇ ਢੁਕਵਾਂ ਕਰ ਲਿਆ ਹੈ, ਕਿਉਂਕਿ ਉਕਤ ਮਜ਼ਦੂਰ ਪਰਿਵਾਰ ਦੀ 16 ਸਾਲਾ ਧੀ ਦਿਲਪ੍ਰੀਤ ਕੌਰ ਇਕ ਵਾਰ ਫੇਰ ਕੌਮੀ ਪੱਧਰ 'ਤੇ ਆਪਣੀ ਖੇਡ ਦਾ ਜਲਵਾ ਦਿਖਾਵੇਗੀ | ਜ਼ਿਕਰਯੋਗ ਹੈ ਕਿ ਝਾਰਖੰਡ ਦੇ ਰਾਂਚੀ ਵਿਖੇ 1 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਸਬ-ਜੂਨੀਅਰ (ਅੰਡਰ-17) ਨੈਸ਼ਨਲ ਹਾਕੀ ਚੈਂਪੀਅਨਸ਼ਿਪ ਲਈ ਉਸ ਦੀ ਤੀਜੀ ਵਾਰ ਚੋਣ ਹੋਈ ਹੈ | ਉਹ ਪੰਜਾਬ ਦੀ ਟੀਮ ਵਲੋਂ ਇਹ ਹਾਕੀ ਟੂਰਨਾਮੈਂਟ ਖੇਡੇਗੀ | ਇਸ ਟੂਰਨਾਮੈਂਟ ਲਈ ਕੁੱਲ 18 ਮੈਂਬਰੀ ਪੰਜਾਬ ਦੀ ਟੀਮ ਹੈ ਜਿਸ ਦਾ ਦਿਲਪ੍ਰੀਤ ਹਿੱਸਾ ਹੈ ਅਤੇ ਜੋ ਆਪਣੇ ਪੂਲ ਵਿਚ ਉੜੀਸਾ ਅਤੇ ਅਰੁਣਾਚਲ ਪ੍ਰਦੇਸ਼ ਨਾਲ ਮੁਕਾਬਲਾ ਕਰੇਗੀ | ਇਸ ਤੋਂ ਪਹਿਲਾਂ ਵੀ ਦਿਲਪ੍ਰੀਤ ਦਿੱਲੀ ਅਤੇ ਪਾਣੀਪਤ ਵਿਖੇ ਕੌਮੀ ਖੇਡ ਮੁਕਾਬਲਿਆਂ ਵਿਚ ਖੇਡ ਚੁੱਕੀ ਹੈ | ਧੀ ਦੀ ਇਸ ਪ੍ਰਾਪਤੀ 'ਤੇ ਮਾਂ-ਪਿਉ ਪਰਿਵਾਰ ਬੇਹੱਦ ਖ਼ੁਸ਼ ਹਨ | ਦਿਲਪ੍ਰੀਤ ਹਲਕਾ ਮਹਿਲ ਕਲਾਂ ਦੇ ਪਿੰਡ ਭੋਤਨਾ ਦੇ ਮਜ਼ਦੂਰ ਪਰਿਵਾਰ ਦੀ ਧੀ ਹੈ ਜੋ ਪਰਿਵਾਰ ਦੀ ਤੰਗੀਆਂ ਤੁਰਸ਼ੀਆਂ ਨੂੰ ਪਿੱਛੇ ਛੱਡਦਿਆਂ ਇਸ ਮੁਕਾਮ ਤੱਕ ਪਹੁੰਚੀ ਹੈ | ਕਰੀਬ ਚਾਰ ਸਾਲ ਪਹਿਲਾਂ ਉਸ ਦੀ ਚੋਣ ਪਿੰਡ ਬਾਦਲ ਵਿਖੇ ਪੰਜਾਬ ਸਟੇਟ ਇੰਸਟੀਚਿਊਟ ਆਫ਼ ਸਪੋਰਟਸ ਦੀ ਹਾਕੀ ਅਕੈਡਮੀ ਲਈ ਹੋਈ ਸੀ | ਇਸ ਵੇਲੇ ਉਹੀ 10ਵੀਂ ਦੀ ਪੜ੍ਹਾਈ ਦੇ ਨਾਲ-ਨਾਲ ਹਾਕੀ ਦੀ ਸਿਖਲਾਈ ਲੈ ਰਹੀ ਹੈ | ਦਿਲਪ੍ਰੀਤ ਨੇ 12 ਸਾਲ ਦੀ ਉਮਰ ਵਿਚ ਆਪਣੇ ਪਿੰਡ ਭੋਤਨਾ ਦੇ ਖੇਡ ਮੈਦਾਨ ਤੋਂ ਹਾਕੀ ਖੇਡਣੀ ਸ਼ੁਰੂ ਕੀਤੀ ਅਤੇ ਇਕ ਸਾਲ ਬਾਅਦ ਹੀ ਉਹ ਅਕੈਡਮੀ ਲਈ ਚੁਣੀ ਗਈ | ਉਹ ਖੇਡ ਮੈਦਾਨ ਵਿਚ ਫਾਰਵਰਡ ਲਾਈਨ 'ਤੇ ਰਾਈਟ ਇਨ ਪੁਜ਼ੀਸ਼ਨ 'ਤੇ ਖੇਡਦੀ ਆ ਰਹੀ ਹੈ | ਦਿਲਪ੍ਰੀਤ ਦੇ ਪਿਤਾ ਕੁਲਵਿੰਦਰ ਸਿੰਘ ਅਤੇ ਮਾਤਾ ਜਸਵੀਰ ਕੌਰ ਮਜ਼ਦੂਰੀ ਕਰ ਕੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਹਨ | ਮਾਪਿਆਂ ਨੇ ਧੀ ਦੇ ਸੁਪਨਿਆਂ ਨੂੰ ਹੌਸਲਾ ਦਿੱਤਾ ਅਤੇ ਉਸ ਨੂੰ ਖੇਡਣ ਦੀ ਖੁੱਲ੍ਹ ਦਿੱਤੀ | ਜਿਸ ਦੇ ਚੰਗੇ ਨਤੀਜੇ ਪਰਿਵਾਰ ਨੂੰ ਸਕੂਨ ਦੇ ਰਹੇ ਹਨ | ਜ਼ਿਕਰਯੋਗ ਹੈ ਕਿ ਪਿੰਡ ਭੋਤਨਾ ਦੇ ੳੱੁਦਮੀ ਨੌਜਵਾਨ ਪਿਛਲੇ ਕੁੱਝ ਸਾਲਾਂ ਤੋਂ ਬਿਨਾਂ ਕਿਸੇ ਸਰਕਾਰੀ ਮਦਦ ਤੋਂ ਬਿਨਾਂ ਹਾਕੀ ਦਾ ਖੇਡ ਮੈਦਾਨ ਚਲਾਉਂਦੇ ਆ ਰਹੇ ਹਨ | ਜਿੱਥੋਂ ਖੇਡ ਸ਼ੁਰੂ ਕਰ ਕੇ ਦਿਲਪ੍ਰੀਤ ਇੱਥੇ ਤੱਕ ਪੁੱਜੀ ਹੈ | ਇਸ ਮੈਦਾਨ ਤੋਂ ਦਿਲਪ੍ਰੀਤ ਸਮੇਤ 4 ਕੁੜੀਆਂ ਅਤੇ 7 ਲੜਕਿਆਂ ਦੀ ਚੋਣ ਵੱਖ-ਵੱਖ ਹਾਕੀ ਅਕੈਡਮੀਆਂ ਲਈ ਹੋਈ ਹੈ | ਖੇਡ ਪ੍ਰਬੰਧਕ ਇਸ ਪ੍ਰਾਪਤੀ ਨੂੰ ਮਿਹਨਤ ਦਾ ਫਲ ਦੱਸ ਰਹੇ ਹਨ | ਦਿਲਪ੍ਰੀਤ ਦੀ ਹੋਈ ਚੋਣ ਉਪਰੰਤ ਪਿੰਡ ਵਿਚ ਖ਼ੁਸ਼ੀ ਦਾ ਮਾਹੌਲ ਹੈ ਅਤੇ ਸਮੁੱਚੇ ਪਿੰਡ ਵਲੋਂ ਭੋਤਨਾ ਖੇਡ ਮੈਦਾਨ ਦੇ ਪ੍ਰਬੰਧਕਾਂ ਅਤੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ |