ਬਰਨਾਲਾ, 30 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਰਾਜ ਸਭਾ ਮੈਂਬਰ ਅਤੇ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਐਮੇਰਿਟਸ ਰਾਜਿੰਦਰ ਗੁਪਤਾ ਇਸ ਸਮੇਂ ਅਮਰੀਕਾ ਵਿਚ ਇਲਾਜ ਅਧੀਨ ਹਨ ਅਤੇ ਉਨ੍ਹਾਂ ਦੀ ਜਲਦ ਹੀ ਦਿਲ ਦੀ ਤੀਜੀ ਸਰਜਰੀ ਹੋਣ ਦੀ ਸੰਭਾਵਨਾ ਹੈ | ਮਿਲੀ ਜਾਣਕਾਰੀ ਮੁਤਾਬਕ ਰਾਜਿੰਦਰ ਗੁਪਤਾ ਰੁਟੀਨ ਮੈਡੀਕਲ ਚੈੱਕਅੱਪ ਲਈ ਵਿਸ਼ਵ ਪ੍ਰਸਿੱਧ ਕਲੀਵਲੈਂਡ ਕਲੀਨਿਕ ਗਏ ਸਨ | ਵਿਸਥਾਰ ਨਾਲ ਕੀਤੀ ਗਈ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਨਵੇਂ ਕਾਰਡਿਯਕ ਪ੍ਰੋਸੀਜਰ ਦੀ ਸਲਾਹ ਦਿੱਤੀ ਹੈ | ਇਹ ਸਰਜਰੀ ਇਸ ਹਫ਼ਤੇ ਦੌਰਾਨ ਹੋਣ ਦੀ ਸੰਭਾਵਨਾ ਹੈ | ਸਰਜਰੀ ਤੋਂ ਬਾਅਦ ਗੁਪਤਾ ਕੁੱਝ ਸਮਾਂ ਅਮਰੀਕਾ ਵਿਚ ਹੀ ਡਾਕਟਰੀ ਨਿਗਰਾਨੀ ਹੇਠ ਰਹਿਣਗੇ | ਉਨ੍ਹਾਂ ਦੀ ਸਿਹਤਯਾਬੀ ਲਈ ਲਗਭਗ ਤਿੰਨ ਹਫ਼ਤਿਆਂ ਦਾ ਸਮਾਂ ਲੱਗਣ ਦੀ ਉਮੀਦ ਹੈ, ਜਿਸ ਵਿਚ ਹਸਪਤਾਲ ਵਿਚ ਦਾਖ਼ਲਾ ਵੀ ਸ਼ਾਮਿਲ ਹੈ | ਇਸ ਸਮੇਂ ਦੌਰਾਨ ਉਨ੍ਹਾਂ ਦਾ ਪਰਿਵਾਰ-ਪਤਨੀ, ਪੁੱਤਰ ਅਤੇ ਧੀ ਉਨ੍ਹਾਂ ਦੇ ਨਾਲ ਮੌਜੂਦ ਹੈ | ਇਸ ਤੋਂ ਇਲਾਵਾ, ਭਾਰਤੀ ਕੌਂਸਲੇਟ ਦਾ ਦਫ਼ਤਰ ਵੀ ਪਰਿਵਾਰ ਨਾਲ ਲਗਾਤਾਰ ਸੰਪਰਕ ਵਿਚ ਹੈ ਅਤੇ ਲੋੜੀਂਦੀ ਸਹਾਇਤਾ ਮੁਹੱਈਆ ਕਰਵਾ ਰਿਹਾ ਹੈ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰਾਜਿੰਦਰ ਗੁਪਤਾ ਸਾਲ 2002 ਅਤੇ 2009 ਵਿਚ ਦਿਲ ਦੀ ਸਰਜਰੀ ਕਰਵਾ ਚੁੱਕੇ ਹਨ |