15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਪਿੰਡ ਸਹਿਜੜਾ ਤੋਂ ਰੁਜ਼ਗਾਰ ਦੀ ਭਾਲ 'ਚ ਦੁਬਈ ਗਏ ਨੌਜਵਾਨ ਦੀ ਮੌਤ <br/>

ਅਜੀਤ ਡੈਸਕ 03-02-2026
ਮਹਿਲ ਕਲਾਂ, 2 ਫਰਵਰੀ (ਅਵਤਾਰ ਸਿੰਘ ਅਣਖੀ)-ਪਿੰਡ ਸਹਿਜੜਾ (ਬਰਨਾਲਾ) ਦੇ ਇਕ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਰੋਟੀ-ਰੋਜ਼ੀ ਦੀ ਭਾਲ 'ਚ ਦੁਬਈ ਗਏ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਮਿ੍ਤਕ ਨੌਜਵਾਨ ਦੇ ਪਿਤਾ ਹਰਬੰਸ ਸਿੰਘ ਵਾਸੀ ਸਹਿਜੜਾ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਆਪਣੇ 20 ਸਾਲਾ ਪੁੱਤਰ ਹਰਦੀਪ ਸਿੰਘ ਨੂੰ ਸੁਨਹਿਰੀ ਭਵਿੱਖ ਦੀ ਆਸ ਨਾਲ ਕਰਜ਼ਾ ਚੁੱਕ ਕੇ ਪੰਜ ਮਹੀਨੇ ਪਹਿਲਾਂ ਦੁਬਈ ਭੇਜਿਆ ਸੀ | ਪਰ ਲੰਘੀ 24 ਜਨਵਰੀ ਨੂੰ ਦੁਬਈ ਤੋਂ ਆਏ ਫ਼ੋਨ ਰਾਹੀਂ ਉਸ ਦੀ ਮੌਤ ਦੀ ਖ਼ਬਰ ਮਿਲਣ ਨਾਲ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ | ਉਨ੍ਹਾਂ ਸਪਸ਼ਟ ਕੀਤਾ ਕਿ ਅਜੇ ਤੱਕ ਬੇਟੇ ਦੀ ਮੌਤ ਦੇ ਅਸਲ ਕਾਰਨਾਂ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ | ਉਨ੍ਹਾਂ ਦੱਸਿਆ ਕਿ ਉਹ ਮਜ਼ਦੂਰੀ ਕਰ ਕੇ ਆਪਣਾ ਪਰਿਵਾਰ ਪਾਲ ਰਹੇ ਹਨ, ਆਰਥਿਕ ਤੰਗੀ ਕਾਰਨ ਆਪਣੇ ਪੁੱਤਰ ਦੀ ਦੇਹ ਨੂੰ ਘਰ ਲਿਆਉਣ ਲਈ ਖਰਚਾ ਚੁੱਕਣ ਤੋਂ ਵੀ ਅਸਮਰਥ ਹਨ | ਪੀੜਤ ਪਰਿਵਾਰ ਨੇ ਮੁੱਖ ਮੰਤਰੀ ਭਗਵੰਤ ਮਾਨ, ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਅਪੀਲ ਕੀਤੀ ਕਿ ਨੌਜਵਾਨ ਪੁੱਤਰ ਦੀ ਲਾਸ਼ ਨੂੰ ਘਰ ਲਿਆਉਣ ਲਈ ਸਹਿਯੋਗ ਦਿੱਤਾ ਜਾਵੇ | ਇਸ ਸਬੰਧੀ ਭਾਕਿਯੂ ਕਾਦੀਆਂ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ, ਜ਼ਿਲ੍ਹਾ ਜਨਰਲ ਸਕੱਤਰ ਗਗਨਦੀਪ ਸਿੰਘ ਬਾਜਵਾ, ਅਮਰਜੀਤ ਸਿੰਘ ਭੋਲਾ ਨੇ ਕਿਹਾ ਕਿ ਪੀੜਤ ਪਰਿਵਾਰ ਨੂੰ ਨਾਲ ਲੈ ਕੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਨੌਜਵਾਨ ਪੁੱਤਰ ਦੀ ਲਾਸ਼ ਘਰ ਲਿਆਉਣ ਸਬੰਧੀ ਦਰਖਾਸਤ ਦਿੱਤੀ ਸੀ | ਅੱਜ ਕਰੀਬ 10 ਦਿਨ ਬੀਤ ਜਾਣ ਦੇ ਬਾਵਜੂਦ ਨੌਜਵਾਨ ਹਰਦੀਪ ਦੀ ਦੇਹ ਘਰ ਨਹੀਂ ਪੁੱਜੀ |

ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਸਿੱਖਿਆ ਨੀਤੀ-2020 ਸੰਬੰਧੀ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਸ੍ਰੀ ਮਹਾਂਸ਼ਕਤੀ ਕਲਾ ਮੰਚ ਬਰਨਾਲਾ ਵਲੋਂ 48ਵਾਂ ਸਰਬ ਭਾਰਤੀ ਨਾਟ ਮੇਲਾ-2026 ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।