ਬਰਨਾਲਾ, 20 ਜਨਵਰੀ (ਰਾਜ ਪਨੇਸਰ)-ਸ਼ਹਿਰ ਵਿਚੋਂ ਨਗਰ ਨਿਗਮ ਬਰਨਾਲਾ ਵਲੋਂ ਨਾਜਾਇਜ਼ ਕਬਜ਼ੇ ਹਟਾਉਣ ਨੂੰ ਲੈ ਕੇ ਅੱਜ ਸਦਰ ਬਜ਼ਾਰ ਵਿਖੇ ਵਪਾਰੀਆਂ ਅਤੇ ਅਧਿਕਾਰੀਆਂ 'ਚ ਤਣਾਅਪੂਰਨ ਮਾਹੌਲ ਪੈਦਾ ਹੋ ਗਿਆ | ਨਗਰ ਨਿਗਮ ਦੇ ਮੁਲਾਜ਼ਮਾਂ ਵਲੋਂ ਬਜ਼ਾਰ ਵਿਚੋਂ ਚੁੱਕੇ ਗਏ ਸਮਾਨ ਨੂੰ ਨਾਰਾਜ਼ ਵਪਾਰੀਆਂ ਨੇ ਟਰਾਲੀ 'ਚੋਂ ਥੱਲੇ ਲਾ ਦਿੱਤਾ ਪਰ ਦੂਸਰੇ ਪਾਸੇ ਅਧਿਕਾਰੀਆਂ ਨੇ ਇਸ ਨੂੰ ਸਰਕਾਰੀ ਡਿਊਟੀ 'ਚ ਵਿਘਨ ਪਾਉਣ ਦਾ ਦੋਸ਼ ਲਗਾ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕੀਤੀ | ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ ਨੇ ਕਿਹਾ ਕਿ ਵਪਾਰੀ ਤਾਂ ਪਹਿਲਾਂ ਹੀ ਮੰਦੀ ਦਾ ਸ਼ਿਕਾਰ ਹਨ, ਵਪਾਰ ਘਟਦਾ ਜਾ ਰਿਹਾ ਹੈ | ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਆਏ ਦਿਨ ਅਧਿਕਾਰੀ ਨਾਦਰਸ਼ਾਹ ਫ਼ਰਮਾਨ ਜਾਰੀ ਕਰਦੇ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਅੱਜ ਸਦਰ ਬਾਜ਼ਾਰ 'ਚ ਨਗਰ ਨਿਗਮ ਦੇ ਅਧਿਕਾਰੀ ਟਰੈਕਟਰ-ਟਰਾਲੀ ਲੈ ਕੇ ਆਏ ਤੇ ਦੁਕਾਨਦਾਰਾਂ ਤੇ ਰੇਹੜੀਆਂ ਵਾਲਿਆਂ ਦਾ ਸਮਾਨ ਜਬਰ ਦਸਤੀ ਚੱੁਕ ਕੇ ਟਰਾਲੀ ਵਿਚ ਸੱੁਟ ਲਿਆ | ਜਿਸ ਨਾਲ ਕੁੱਝ ਸਮੇਂ ਵਿਚ ਵਪਾਰੀ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਰੋਸ ਜ਼ਾਹਰ ਕੀਤਾ ਗਿਆ | ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਵਲੋਂ ਵਪਾਰੀਆਂ ਨੰੂ ਤੰਗ ਪ੍ਰੇਸ਼ਾਨ ਕਰਨਾ ਬੰਦ ਨਹੀਂ ਕੀਤਾ ਤਾਂ ਅਸੀਂ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ | ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ | ਉੱਧਰ ਨਗਰ ਨਿਗਮ ਦੇ ਅਧਿਕਾਰੀ ਇੰਸਪੈਕਟਰ ਸਤਪਾਲ ਤੇ ਜੂਨੀਅਰ ਸਹਾਇਕ ਗੁਰਮੀਤ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਸੀਂ ਬਰਨਾਲਾ ਵਿਚੋਂ ਨਾਜਾਇਜ਼ ਕਬਜ਼ੇ ਹਟਾਉਣ ਸਬੰਧੀ ਪਹਿਲਾਂ ਸ਼ਹਿਰ ਵਾਸੀਆਂ ਨੂੰ ਸੂਚਿਤ ਕੀਤਾ ਜਾ ਚੱੁਕਿਆ ਹੈ | ਬਾਵਜੂਦ ਇਸ ਦੇ ਕਈ ਦੁਕਾਨਦਾਰਾਂ ਨੇ ਕਾਨੂੰਨ ਨੂੰ ਛਿੱਕੇ ਟੰਗਦਿਆਂ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ | ਜਦੋਂ ਅਸੀਂ ਨਾਜਾਇਜ਼ ਕਬਜ਼ੇ ਹਟਾਉਂਦਿਆਂ ਸਮਾਨ ਟਰਾਲੀ 'ਚ ਲੱਦਿਆ ਤਾਂ ਕੁੱਝ ਵਪਾਰੀਆਂ ਨੇ ਧੱਕੇ ਨਾਲ ਜ਼ਬਰਦਸਤੀ ਸਮਾਨ ਟਰਾਲੀ 'ਚੋਂ ਉਤਾਰ ਕੇ ਸਰਕਾਰੀ ਡਿਊਟੀ 'ਚ ਵਿਘਨ ਪਾਇਆ | ਜਿਸ ਬਾਰੇ ਅਸੀਂ ਕਮਿਸ਼ਨ ਸਾਹਿਬ ਨੂੰ ਜਲਦੀ ਲਿਖਤੀ ਸ਼ਿਕਾਇਤ ਦੇਣ ਜਾ ਰਹੇ ਹਾਂ ਤੇ ਮੰਗ ਕਰਾਂਗੇ ਕਿ ਡਿਊਟੀ 'ਚ ਵਿਘਨ ਪਾਉਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸਖ਼ਤ ਕਾਰਵਾਈ ਕੀਤੀ ਜਾਵੇ |