ਸਾਫ਼ ਹਵਾ ਤੇ ਪਾਣੀ ਸਾਡਾ ਹੱਕ, ਉਦਯੋਗਾਂ ਦਾ ਵਿਕਾਸ ਹੋਵੇ ਪਰ ਵਾਤਾਵਰਨ ਦੀ ਕੀਮਤ ’ਤੇ ਨਹੀਂ-ਸਰਪੰਚ ਢਿੱਲੋਂ
ਕਿਹਾ, ਕੁਦਰਤੀ ਸਰੋਤਾਂ ਦੀ ਰਾਖੀ ਲਈ ਯੁੱਧ ਪ੍ਰਦੂਸ਼ਣ ਵਿਰੁੱਧ ਚਲਾਉਣਾ ਸਮੇਂ ਦੀ ਲੋੜ
ਕੁਹਾੜਾ, 19 ਸਤੰਬਰ (ਸੰਦੀਪ ਸਿੰਘ ਕੁਹਾੜਾ)-ਪਿੰਡ ਭਾਗਪੁਰਦੇ ਸਰਪੰਚ ਡਾ. ਗਗਨਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਸਾਫ਼ ਹਵਾ,ਪਾਣੀ ਅਤੇ ਸਾਫ਼-ਸੁਥਰਾ ਵਾਤਾਵਰਨ ਹਰ ਵਿਅਕਤੀ ਦੇ ਜੀਵਨ ਨਾਲ ਜੁੜਿਆ ਹੋਇਆ ਅਹਿਮ ਮੁੱਦਾ ਹੈ।
ਸ
ਸਰਪੰਚ ਡਾ. ਗਗਨਦੀਪ ਸਿੰਘ ਜਾਣਕਾਰੀ ਦੇਣ ਸਮੇਂ।
20-09-2026
ਕੁਹਾੜਾ, 19 ਸਤੰਬਰ (ਸੰਦੀਪ ਸਿੰਘ ਕੁਹਾੜਾ)-ਪਿੰਡ ਭਾਗਪੁਰਦੇ ਸਰਪੰਚ ਡਾ. ਗਗਨਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਸਾਫ਼ ਹਵਾ,ਪਾਣੀ ਅਤੇ ਸਾਫ਼-ਸੁਥਰਾ ਵਾਤਾਵਰਨ ਹਰ ਵਿਅਕਤੀ ਦੇ ਜੀਵਨ ਨਾਲ ਜੁੜਿਆ ਹੋਇਆ ਅਹਿਮ ਮੁੱਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਲਾਕੇ ਵਿਚ ਵਧ ਰਹੇ ਹਵਾ ਅਤੇ ਜਲ ਪ੍ਰਦੂਸ਼ਣ ਸਬੰਧੀ ਜਾਗਰੂਕ ਹੋ ਕੇ ਸਾਂਝੇ ਤੌਰ ‘ਤੇ ਆਵਾਜ਼ ਉਠਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ ਪਾਣੀ ਸਬੰਧੀ ਸਮੱਸਿਆਵਾਂ ਅਤੇ ਕਈ ਥਾਵਾਂ ‘ਤੇ ਪਾਣੀ ਵਿਚ ਝੱਗ ਆਉਣ ਦੇ ਮਾਮਲੇ ਸਾਹਮਣੇ ਆਏ, ਜਿਨ੍ਹਾਂ ਦੀ ਤੱਥਾਂ ਦੇ ਆਧਾਰ ‘ਤੇ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਕਿਸੇ ਇੱਕ ਵਿਅਕਤੀ ਜਾਂ ਸੰਸਥਾ ਦੀ ਜ਼ਿੰਮੇਵਾਰੀ ਸਮਝਣ ਦੀ ਬਜਾਏ ਲੋਕਾਂ, ਪੰਚਾਇਤਾਂ, ਗ੍ਰਾਮ ਸਭਾਵਾਂ ਅਤੇ ਸਬੰਧਿਤ ਵਿਭਾਗਾਂ ਨੂੰ ਮਿਲ ਕੇ ਇਸ ਮਾਮਲੇ ‘ਤੇ ਕੰਮ ਕਰਨਾ ਚਾਹੀਦਾ ਹੈ। ਸਰਪੰਚ ਢਿੱਲੋਂ ਨੇ ਕਿਹਾ ਕਿ ਉਹ ਉਦਯੋਗਾਂ ਦੇ ਵਿਰੁੱਧ ਨਹੀਂ ਹਨ, ਉਦਯੋਗਾਂ ਰਾਹੀਂ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ ਅਤੇ ਆਰਥਿਕ ਵਿਕਾਸ ਹੁੰਦਾ ਹੈ। ਪਰ ਇਸ ਦੇ ਨਾਲ ਉਦਯੋਗਿਕ ਇਕਾਈਆਂ ਵਲੋਂ ਵਾਤਾਵਰਨ ਸਬੰਧੀ ਨਿਯਮਾਂ ਦੀ ਪਾਲਣਾ ਕਰਨਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਚੱਲ ਰਹੀਆਂ ਉਦਯੋਗਿਕ ਇਕਾਈਆਂ ਨਾਲ ਪੰਚਾਇਤੀ ਅਤੇ ਗ੍ਰਾਮ ਸਭਾ ਪੱਧਰ ‘ਤੇ ਰਾਬਤਾ ਕਾਇਮ ਕਰ ਕੇ ਉਨ੍ਹਾਂ ਨੂੰ ਪ੍ਰਦੂਸ਼ਣ ਰੋਕਣ ਲਈ ਲੋੜੀਂਦੇ ਪ੍ਰਬੰਧ ਕਰਨ ਦੀ ਅਪੀਲ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਦਯੋਗ ਚੱਲਣ ਅਤੇ ਰੁਜ਼ਗਾਰ ਪੈਦਾ ਹੋਣ ਦੇ ਨਾਲ-ਨਾਲ ਇਹ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਪ੍ਰਦੂਸ਼ਣ ਲੋਕਾਂ ਦੀ ਸਿਹਤ ਅਤੇ ਕੁਦਰਤੀ ਸਰੋਤਾਂ ਨੂੰ ਪ੍ਰਭਾਵਿਤ ਨਾ ਕਰੇ। ਸਰਪੰਚਢਿੱਲੋਂ ਨੇ ਕਿਹਾ ਕਿ ਪ੍ਰਦੂਸ਼ਣ ਵਿਰੁੱਧ ਮੁਹਿੰਮ ਨੂੰ ਕਿਸੇ ਸਿਆਸੀ ਜਾਂ ਨਿੱਜੀ ਲਾਭ ਨਾਲ ਨਹੀਂ ਜੋੜ ਕੇ ਇਲਾਕੇ ਦੇ ਸੂਝਵਾਨਲੋਕਾਂ ਦੀ ਇੱਕ ਸਾਂਝੀ ਕਮੇਟੀ ਬਣਾਈ ਜਾ ਸਕਦੀ ਹੈ, ਜੋ ਵੱਖ-ਵੱਖ ਉਦਯੋਗਿਕ ਇਕਾਈਆਂ ਨਾਲ ਸੰਪਰਕ ਕਰ ਕੇ ਵਾਤਾਵਰਨ ਸੁਰੱਖਿਆ ਲਈ ਸਹਿਯੋਗ ਕਰੇ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰੀ ਅਤੇ ਸਿਆਸੀ ਮੁੱਦਿਆਂ ਤੋਂ ਉੱਪਰ ਉੱਠ ਕੇ ਵਾਤਾਵਰਨ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਅੱਗੇ ਆਉਣਾ ਚਾਹੀਦਾ ਹੈ।