09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਐਸ. ਐਸ. ਪੀ. ਡਾ. ਆਹਲੂਵਾਲੀਆ ਦੀ ਅਗਵਾਈ ਹੇਠ ਆਪ੍ਰੇਸ਼ਨ ਪ੍ਰਹਾਰ 3.0 ਅਧੀਨ ਪੁਲਿਸ ਦੀ ਵੱਡੀ ਕਾਰਵਾਈ, 451 ਗ੍ਰਿਫ਼ਤਾਰੀਆਂ

ਅਜੀਤ ਡੈਸਕ 12-07-2026

ਖੰਨਾ, 11 ਜੁਲਾਈ (ਹਰਜਿੰਦਰ ਸਿੰਘ ਲਾਲ)-ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਸੰਗਠਿਤ ਅਪਰਾਧਾਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ‘ਆਪਰੇਸ਼ਨ ਪ੍ਰਹਾਰ 3.0’ ਅਧੀਨ ਅੱਜ ਖੰਨਾ ਪੁਲਿਸ ਨੇ ਵੱਡੇ ਪੱਧਰ ’ਤੇ ਕਾਰਵਾਈ ਕਰਦਿਆਂ ਅਪਰਾਧਿਕ ਗਤੀਵਿਧੀਆਂ ਦੀ ਸਖ਼ਤ ਨਕੇਲ ਕਸੀ। ਇਹ ਕਾਰਵਾਈ ਐਸ. ਐਸ. ਪੀ. ਖੰਨਾ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਇੱਕੋ ਸਮੇਂ ਕੀਤੀ ਗਈ। ਐਸ. ਐਸ. ਪੀ. ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਭਰੋਸੇਯੋਗ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਪੁਲਿਸ ਟੀਮਾਂ ਨੇ ਅਪਰਾਧੀਆਂ ਦੇ ਅੱਡਿਆਂ, ਸ਼ੱਕੀ ਥਾਵਾਂ ਅਤੇ ਲੁਕਣ ਵਾਲੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਇਸ ਵਿਸ਼ੇਸ਼ ਆਪਰੇਸ਼ਨ ਦੌਰਾਨ ਕੁੱਲ 451 ਗ੍ਰਿਫਤਾਰੀਆਂ ਕੀਤੀਆਂ ਗਈਆਂ, ਜਿਨ੍ਹਾਂ ਵਿੱਚ 326 ਸੰਵੇਦਨਸ਼ੀਲ ਗ੍ਰਿਫ਼ਤਾਰੀਆਂ, 111 ਬਚਾਅ ਦੀਆਂ ਗ੍ਰਿਫ਼ਤਾਰੀਆਂ ਹਨ ਜਦੋਂ ਕਿ 10 ਭਗੌੜੇ ਮੁਲਜ਼ਮ ਅਤੇ 4 ਗੈਂਗਸਟਰਾਂ ਦੇ ਸਾਥੀ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਕਾਰਵਾਈ ਦੌਰਾਨ ਪੁਲਿਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਸਫ਼ਲਤਾ ਹਾਸਲ ਕਰਦਿਆਂ 247.6 ਗ੍ਰਾਮ ਹੈਰੋਇਨ, 3 ਕਿੱਲੋ ਗਾਂਜਾ, 1.4 ਕਿੱਲੋ ਅਫ਼ੀਮ, 100 ਕਿੱਲੋ ਭੁੱਕੀ, 380 ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ ਨਸ਼ਾ ਤਸਕਰੀ ਨਾਲ ਸਬੰਧਿਤ 13,250 ਰੁਪਏ ਦੀ ਨਕਦੀ ਬਰਾਮਦ ਕੀਤੀ। ਇਸ ਤੋਂ ਇਲਾਵਾ, ਚੋਰੀਸ਼ੁਦਾ ਸੰਪਤੀ ਦੀ ਬਰਾਮਦਗੀ ਵਿੱਚ 5 ਦੋ-ਪਹੀਆ ਵਾਹਨ, 1 ਚਾਰ-ਪਹੀਆ ਵਾਹਨ, 8 ਚੋਰੀਸ਼ੁਦਾ ਟਰੱਕ, 4 ਮੋਬਾਈਲ ਫੋਨ ਅਤੇ 1 ਚਾਂਦੀ ਦੀ ਚੇਨ ਬਰਾਮਦ ਕੀਤੀ ਗਈ। ਆਬਕਾਰੀ ਕਾਨੂੰਨ ਤਹਿਤ ਕਾਰਵਾਈ ਕਰਦਿਆਂ 153 ਲੀਟਰ ਗੈਰ-ਕਾਨੂੰਨੀ ਸ਼ਰਾਬ ਅਤੇ ਦੇਸੀ ਸ਼ਰਾਬ ਨੂੰ ਉੱਚ ਪੱਧਰੀ ਬ੍ਰਾਂਡਾਂ ਦੀਆਂ ਬੋਤਲਾਂ ਵਿੱਚ ਭਰਨ ਲਈ ਵਰਤੀਆਂ ਜਾਣ ਵਾਲੀਆਂ 160 ਖਾਲੀ ਬੋਤਲਾਂ ਵੀ ਜ਼ਬਤ ਕੀਤੀਆਂ ਗਈਆਂ। ਜੂਏ ਦੇ ਮਾਮਲਿਆਂ ਵਿੱਚ 6,320 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਹਥਿਆਰਾਂ ਖ਼ਿਲਾਫ਼ ਮੁਹਿੰਮ ਦੌਰਾਨ ਪੁਲਿਸ ਨੇ ਦੋ .32 ਬੋਰ ਪਿਸਤੌਲ, ਚਾਰ ਕਾਰਤੂਸ ਅਤੇ ਤਿੰਨ ਹੋਰ ਛੋਟੇ ਹਥਿਆਰ ਵੀ ਬਰਾਮਦ ਕੀਤੇ। ਐਸ. ਐਸ. ਪੀ. ਖੰਨਾ ਨੇ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਦੌਰਾਨ ਕਈ ਹੋਰ ਮਹੱਤਵਪੂਰਨ ਸਫਲਤਾਵਾਂ ਵੀ ਮਿਲੀਆਂ। ਪੁਲਿਸ ਨੇ ਦੋ ਗੈਰ-ਕਾਨੂੰਨੀ ਡੀ-ਐਡੀਕਸ਼ਨ ਸੈਂਟਰਾਂ ਦਾ ਪਰਦਾਫਾਸ਼ ਵੀ ਕੀਤਾ। ਇਸ ਤੋਂ ਇਲਾਵਾ, ਬਿਨਾਂ ਲਾਇਸੈਂਸ ਅਤੇ ਪੁਰਾਣੇ ਅਪਰਾਧਿਕ ਇਤਿਹਾਸ ਵਾਲੇ ਵਿਅਕਤੀ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਚਲਾਈ ਜਾ ਰਹੀ ਕੈਮਿਸਟ ਦੀ ਦੁਕਾਨ ’ਤੇ ਵੀ ਛਾਪਾ ਮਾਰਿਆ ਗਿਆ। ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਵੀ ਪਰਦਾਫਾਸ਼ ਕੀਤਾ ਜੋ ਘੱਟ ਗੁਣਵੱਤਾ ਵਾਲੀ ਸ਼ਰਾਬ ਨੂੰ ਉੱਚ ਪੱਧਰੀ ਬ੍ਰਾਂਡਾਂ ਦੀਆਂ ਖਾਲੀ ਬੋਤਲਾਂ ਵਿੱਚ ਭਰ ਕੇ ਵੇਚਦਾ ਸੀ। ਇਸੇ ਤਰ੍ਹਾਂ ਇੱਕ ਹੋਰ ਗਿਰੋਹ ਦਾ ਭੰਡਾਫੋੜ ਕੀਤਾ ਗਿਆ ਜੋ ਚੋਰੀਸ਼ੁਦਾ ਵਾਹਨਾਂ ਦੇ ਇੰਜਣ ਅਤੇ ਚੈਸੀ ਨੰਬਰ ਬਦਲ ਕੇ ਉਨ੍ਹਾਂ ਨੂੰ ਕਾਨੂੰਨੀ ਸੈਕਿੰਡ ਹੈਂਡ ਵਾਹਨਾਂ ਵਜੋਂ ਵੇਚਦਾ ਸੀ। ਸਾਈਬਰ ਅਪਰਾਧਾਂ ਅਤੇ ਸੋਸ਼ਲ ਮੀਡੀਆ ’ਤੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਵੀ ਕਾਰਵਾਈ ਕੀਤੀ ਗਈ। ਹਥਿਆਰਾਂ, ਹਿੰਸਾ ਅਤੇ ਇਤਰਾਜ਼ਯੋਗ ਸਮੱਗਰੀ ਦਾ ਪ੍ਰਚਾਰ ਕਰਨ ਵਾਲੇ 100 ਸੋਸ਼ਲ ਮੀਡੀਆ ਵਾਲਿਆਂ ਦੇ ਕਾਰਵਾਈ ਲਈ ਸਟੇਟ ਸਾਈਬਰ ਕ੍ਰਾਈਮ ਸੈੱਲ ਨੂੰ ਭੇਜਿਆ ਗਿਆ ਹੈ। ਐਸ. ਐਸ. ਪੀ. ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਪੰਜਾਬ ਪੁਲਿਸ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਨਸ਼ਾ, ਗੈਂਗਸਟਰਵਾਦ ਅਤੇ ਸੰਗਠਿਤ ਅਪਰਾਧਾਂ ਦਾ ਪੂਰੀ ਤਰ੍ਹਾਂ ਖ਼ਾਤਮਾ ਕਰਨ ਲਈ ਵਚਨਬੱਧ ਹੈ।

ਪਿਛਲੀ ਖ਼ਬਰ ਬਜ਼ੁਰਗ ਦੀ ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਕਾਰਨ ਮੌਤ ਅਗਲੀ ਖ਼ਬਰ ਡਾ. ਉਮੇਸ਼ ਕੁਮਾਰ ਨੇ ਪ੍ਰਾਚੀਨ ਕਲਾ ਕੇਂਦਰ ਦੇ ਸਮਾਰੋਹ ’ਚ ਸਿਤਾਰ ਵਾਦਨ ਨਾਲ ਸਰੋਤੇ ਮੋਹੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।