11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨਾਲ ਟਕਰਾਅ ਦਾ ਰਾਹ ਅਪਣਾਉਣਾ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਬਰਾਬਰ-ਇੰਜੀ. ਜਗਦੇਵ ਸਿੰਘ ਬੋਪਾਰਾਏ

ਅਜੀਤ ਡੈਸਕ 28-06-2026
ਪਾਇਲ, 27 ਜੂਨ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਉਪ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਨੇ ਕਿਹਾ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦਾ ਸਰਵਉੱਚ, ਸਰਬਸੰਮਤ ਅਤੇ ਸਦੀਵੀ ਤਖ਼ਤ ਹੈ, ਜਿਸ ਦੀ ਮਰਿਆਦਾ, ਫ਼ੈਸਲਿਆਂ ਅਤੇ ਹੁਕਮਾਂ ਦਾ ਸਤਿਕਾਰ ਕਰਨਾ ਹਰ ਸਿੱਖ ਦਾ ਧਾਰਮਿਕ ਅਤੇ ਨੈਤਿਕ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਅਤੇ ਪੰਥਕ ਮਰਿਆਦਾ ਸਦੀਆਂ ਤੋਂ ਸਿੱਖ ਕੌਮ ਦੀ ਅਗਵਾਈ ਕਰਦੀ ਆ ਰਹੀ ਹੈ ਅਤੇ ਇਸ ਦੀ ਮਹਾਨ ਪਰੰਪਰਾ ਨੂੰ ਕਿਸੇ ਵੀ ਹਾਲਤ ਵਿਚ ਚੁਨੌਤੀ ਨਹੀਂ ਦਿੱਤੀ ਜਾ ਸਕਦੀ। ਇੰਜੀ. ਬੋਪਾਰਾਏ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਿੰਘ ਸਾਹਿਬਾਨ ਦੇ ਹੁਕਮਾਂ ਦੀ ਅਣਦੇਖੀ ਕਰਦਿਆਂ ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਸਿੱਧਾ ਟਕਰਾਅ ਦਾ ਰਾਹ ਅਪਣਾਉਣਾ ਸਿਰਫ਼ ਰਾਜਨੀਤਿਕ ਹੰਕਾਰ ਦਾ ਪ੍ਰਗਟਾਵਾ ਹੀ ਨਹੀਂ, ਸਗੋਂ ਪੰਥਕ ਮਰਿਆਦਾ ਅਤੇ ਵਿਸ਼ਵ ਭਰ ਵਿਚ ਵੱਸਦੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਪ੍ਰਤੀ ਗੰਭੀਰ ਅਣਗਹਿਲੀ ਵੀ ਹੈ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਿਨ੍ਹਾਂ ਵੀ ਵਿਅਕਤੀਆਂ ਜਾਂ ਤਾਕਤਾਂ ਨੇ ਹੰਕਾਰ ਵੱਸ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਚੁਨੌਤੀ ਦੇਣ ਦੀ ਕੋਸ਼ਿਸ਼ ਕੀਤੀ, ਉਹ ਨਾ ਤਾਂ ਪੰਥ ਵਿੱਚ ਸਤਿਕਾਰ ਹਾਸਲ ਕਰ ਸਕੇ ਅਤੇ ਨਾ ਹੀ ਇਤਿਹਾਸ ਵਿਚ ਇੱਜ਼ਤਦਾਰ ਸਥਾਨ ਪ੍ਰਾਪਤ ਕਰ ਸਕੇ। ਉਨ੍ਹਾਂ ਕਿਹਾ ਕਿ ਸੱਤਾ ਅਤੇ ਅਹੁਦੇ ਸਦਾ ਲਈ ਨਹੀਂ ਹੁੰਦੇ, ਪਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ, ਪਰੰਪਰਾ ਅਤੇ ਮਹਾਨਤਾ ਸਦੀਵੀ ਹੈ ਅਤੇ ਸਿੱਖ ਕੌਮ ਹਮੇਸ਼ਾ ਇਸ ਦੇ ਫ਼ੈਸਲਿਆਂ ਦਾ ਸਤਿਕਾਰ ਕਰਦੀ ਆਈ ਹੈ। ਇੰਜੀ. ਜਗਦੇਵ ਸਿੰਘ ਬੋਪਾਰਾਏ ਨੇ ਸਮੂਹ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਅਤੇ ਪੰਥਕ ਪਰੰਪਰਾਵਾਂ ਅਨੁਸਾਰ ਚੱਲਦਿਆਂ ਗੁਰੂ ਘਰ ਦੀ ਮਰਿਆਦਾ ਨੂੰ ਹਰ ਹਾਲ ਵਿਚ ਬਰਕਰਾਰ ਰੱਖਣ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਏਕਤਾ, ਅਨੁਸ਼ਾਸਨ ਅਤੇ ਪੰਥਕ ਰਵਾਇਤਾਂ ਹੀ ਉਸ ਦੀ ਸਭ ਤੋਂ ਵੱਡੀ ਤਾਕਤ ਹਨ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਗੁਰੂ ਘਰ ਦੀ ਮਰਿਆਦਾ ਨੂੰ ਚੁਨੌਤੀ ਦੇਣ ਵਾਲੀਆਂ ਤਾਕਤਾਂ ਤੋਂ ਸੁਚੇਤ ਰਹਿਣ ਅਤੇ ਪੰਥਕ ਏਕਤਾ, ਸਤਿਕਾਰ ਅਤੇ ਗੁਰੂ ਸਾਹਿਬਾਨ ਵਲੋਂ ਦਰਸਾਏ ਮਾਰਗ ‘ਤੇ ਅਡੋਲ ਰਹਿਣ। ਇਸ ਮੌਕੇ ਹਰਮਨ ਸਿੰਘ ਲਸਾੜਾ, ਦਲਜੀਤ ਸਿੰਘ ਭੀਖੀ ਖੱਟੜਾ, ਜਸ਼ਨਪ੍ਰੀਤ ਸਿੰਘ ਲਸੋਈ, ਸਮਨਦੀਪ ਸਿੰਘ ਲਸੋਈ, ਗਗਨਦੀਪ ਸਿੰਘ ਘੁਡਾਣੀ, ਸੁਖਪ੍ਰੀਤ ਸਿੰਘ ਪੱਲਾ, ਕੁਲਜਿੰਦਰ ਸਿੰਘ ਨਾਗਰਾ, ਗੁਰਿੰਦਰ ਸਿੰਘ ਬਾਬਰਪੁਰ, ਕੁਲਦੀਪ ਸਿੰਘ ਕੂਹਲੀ, ਕੁਲਵੰਤ ਸਿੰਘ ਸਿਹੋੜਾ, ਰਾਜਿੰਦਰ ਸਿੰਘ ਲਸਾੜਾ, ਵਿੱਕੀ ਘੁਡਾਣੀ, ਜਸ਼ਨਪ੍ਰੀਤ ਸਿੰਘ ਘਲੋਟੀ, ਸੰਦੀਪ ਸਿੰਘ ਘਲੋਟੀ ਅਤੇ ਹੋਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ, ਵਰਕਰ ਅਤੇ ਸਮਰਥਕ ਹਾਜ਼ਰ ਸਨ।
ਪਿਛਲੀ ਖ਼ਬਰ ਖੰਨਾ ’ਚ ਜਾਅਲੀ ਐਨ. ਓ. ਸੀਜ਼ ਲਗਾ ਕੇ 35 ਵਸੀਕੇ ਤਸਦੀਕ ਕਰਵਾਏ ਗਏ-ਐੱਸ. ਡੀ. ਐੱਮ. ਟਿਵਾਣਾ ਅਗਲੀ ਖ਼ਬਰ ਏ. ਐੱਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ‘ਨਸ਼ਾ ਵਿਰੋਧੀ ਦਿਵਸ’ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।