04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸਮਰਾਲਾ ਕੌਂਸਲ ਚੋਣਾਂ 'ਚ ਭਾਜਪਾ ਨੇ ਵਿਗਾੜੀ ਕਾਂਗਰਸ ਦੀ ਖੇਡ, 5 ਵਾਰਡਾਂ 'ਚ ਨਤੀਜੇ ਕਾਂਗਰਸ ਵਿਰੁੱਧ ਗਏ

ਅਜੀਤ ਡੈਸਕ 03-06-2026
ਸਮਰਾਲਾ, 2 ਜੂਨ (ਰਾਮ ਗੋਪਾਲ ਸੋਫਤ)-ਸਥਾਨਕ ਨਗਰ ਕੌਂਸਲ ਦੀਆਂ ਹੋਈਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ ਇਕੱਲਿਆਂ ਚੋਣਾਂ ਲੜ ਕੇ ਪਹਿਲੀ ਵਾਰ ਸਮਰਾਲਾ ਵਰਗੇ ਦਿਹਾਤੀ ਇਲਾਕੇ 'ਚੋਂ ਨਾ ਸਿਰਫ਼ ਇਕ ਵਾਰਡ ਜਿੱਤ ਕੇ ਨਗਰ ਕੌਂਸਲ ਵਿੱਚ ਆਪਣਾ ਖਾਤਾ ਖ਼ੋਲ ਲਿਆ ਹੈ, ਬਲਕਿ ਸ਼ਹਿਰ ਦੇ ਸਾਰੇ ਵਾਰਡਾਂ 'ਚੋਂ 17 ਪ੍ਰਤੀਸ਼ਤ ਤੋਂ ਵੱਧ ਵੋਟਾਂ ਲੈ ਕੇ ਸਾਰੇ ਰਾਜਨੀਤਕ ਸਮੀਕਰਨਾਂ 'ਚ ਉਥਲ-ਪੁਥਲ ਲਿਆ ਕੇ ਸ਼ਹਿਰ ਦੇ ਪੰਜ ਵਾਰਡਾਂ ਦੇ ਨਤੀਜਿਆਂ ਵਿੱਚ ਕਾਂਗਰਸ ਦੀ ਜਿੱਤ ਨੂੰ ਹਾਰ 'ਚ ਬਦਲ ਕੇ ਰਾਜਨੀਤਕ ਖੇਡ ਵਿਗਾੜ ਦਿੱਤੀ ਹੈ | ਸਮਰਾਲਾ ਹਲਕੇ ਦੀ ਕਮਾਂਡ ਜਿਸ ਦਿਨ ਤੋਂ ਨੌਜਵਾਨ ਆਗੂ ਨੀਸ਼ੂ ਚਹਿਲਾਂ ਨੇ ਸੰਭਾਲੀ ਹੈ ਉਸ ਦਿਨ ਤੋਂ ਇਸ ਹਲਕੇ ਵਿੱਚ ਕਮਲ ਦਾ ਪ੍ਰਭਾਵ ਦਿਨੋ -ਦਿਨ ਪ੍ਰਚੰਡ ਹੋ ਰਿਹਾ ਹੈ ਅਤੇ ਭਾਜਪਾ ਨੇ ਪਹਿਲੀ ਵਾਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਇਕੱਲਿਆਂ ਹੀ ਆਪਣੇ 33 ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰ ਕੇ ਦੋ ਬਲਾਕ ਸੰਮਤੀ ਜ਼ੋਨ ਜਿੱਤੇ ਸਨ ਅਤੇ ਹੁਣ ਨਗਰ ਕੌਂਸਲ ਚੋਣਾਂ ਵਿੱਚ ਸ਼ਹਿਰ ਦੇ ਸਾਰੇ 15 ਵਾਰਡਾਂ ਵਿੱਚ ਪਾਰਟੀ ਦੇ ਉਮੀਦਵਾਰ ਖੜੇ ਕਰਕੇ ਵਿਰੋਧੀ ਰਾਜਨੀਤੀ ਪਾਰਟੀਆਂ ਨੂੰ ਤਰੇਲੀਆਂ ਲਿਆ ਦਿੱਤੀਆਂ ਸਨ | ਸ਼ਹਿਰ ਦੇ ਵਾਰਡ ਨੰਬਰ 2, 3, 5 10 ਅਤੇ 14 ਵਿਚ ਭਾਜਪਾ ਦੇ ਉਮੀਦਵਾਰਾਂ ਨੇ ਜਿੰਨੀਆਂ ਵੋਟਾਂ ਪ੍ਰਾਪਤ ਕੀਤੀਆਂ ਹਨ ਕਾਂਗਰਸ ਦੇ ਉਮੀਦਵਾਰ ਉਸ ਤੋਂ ਵੀ ਘੱਟ ਵੋਟਾਂ 'ਤੇ ਹਾਰੇ ਹਨ | ਵਾਰਡ ਨੰਬਰ 2 ਵਿੱਚ ਭਾਵੇਂ 'ਆਪ' ਦਾ ਉਮੀਦਵਾਰ ਚੋਣ ਮੈਦਾਨ ਵਿੱਚ ਨਹੀਂ ਸੀ ਪਰ ਉੱਥੇ ਕਾਂਗਰਸ ਦਾ ਉਮੀਦਵਾਰ ਗਗਨਦੀਪ ਸ਼ਰਮਾ 113 ਵੋਟਾਂ 'ਤੇ ਹਾਰਿਆ ਹੈ ਜਦਕਿ ਭਾਜਪਾ ਦੇ ਉਮੀਦਵਾਰ ਨੇ ਉਸ ਵਾਰਡ ਵਿੱਚ 178 ਵੋਟਾਂ ਪ੍ਰਾਪਤ ਕੀਤੀਆਂ ਹਨ | ਵਾਰਡ ਨੰਬਰ ਤਿੰਨ ਵਿੱਚ ਕਾਂਗਰਸ ਦੀ ਉਮੀਦਵਾਰ ਸੰਦੀਪ ਕੌਰ ਸਿਰਫ਼ 52 ਵੋਟਾਂ 'ਤੇ ਹਾਰੀ ਹੈ ਜਦਕਿ ਭਾਜਪਾ ਦੇ ਉਮੀਦਵਾਰ ਨੇ ਉੱਥੇ 141 ਵੋਟਾਂ ਲਈਆਂ ਹਨ | ਵਾਰਡ ਨੰਬਰ 5 ਵਿੱਚ ਕਾਂਗਰਸ ਦੀ ਉਮੀਦਵਾਰ 44 ਵੋਟਾਂ 'ਤੇ ਹਾਰ ਗਈ ਹੈ ਅਤੇ ਭਾਜਪਾ ਦੀ ਉਮੀਦਵਾਰ ਨੇ ਇਸ ਵਾਰਡ ਵਿਚੋਂ 111 ਵੋਟਾਂ ਲਈਆਂ ਹਨ | ਵਾਰਡ ਨੰਬਰ 10 ਵਿੱਚ ਕਾਂਗਰਸ ਦਾ ਉਮੀਦਵਾਰ ਅਕਾਲੀ ਉਮੀਦਵਾਰ ਨਾਲੋਂ 19 ਵੋਟਾਂ ਤੇ ਹਾਰਿਆ ਹੈ | ਜਦਕਿ ਭਾਜਪਾ ਇਸ ਵਾਰਡ ਵਿਚੋਂ 99 ਵੋਟਾਂ ਪ੍ਰਾਪਤ ਕਰ ਗਈ | ਵਾਰਡ ਨੰਬਰ 14 ਵਿੱਚ ਆਮ ਆਦਮੀ ਪਾਰਟੀ ਦੇ ਲਾਲਾ ਮੰਗਤ ਮਾਲਵਾ 46 ਵੋਟਾਂ ਤੇ ਜਿੱਤੇ ਹਨ ਜਦਕਿ ਭਾਜਪਾ ਦੇ ਉਮੀਦਵਾਰ ਨੂੰ 75 ਵੋਟਾਂ ਮਿਲਦੀਆਂ ਹਨ | ਭਾਜਪਾ ਦੇ ਉਮੀਦਵਾਰਾਂ ਨੂੰ ਮਿਲੇ ਹੁੰਗਾਰੇ ਨੇ ਸ਼ਹਿਰ ਦੇ ਪੰਜ ਵਾਰਡਾਂ ਵਿੱਚ ਜਿੱਤ ਨੂੰ ਹਾਰ ਵਿੱਚ ਬਦਲ ਦਿੱਤਾ ਹੈ | ਨੀਸ਼ੂ ਚਹਿਲਾਂ ਅਤੇ ਉਸਦੇ ਭਰਾ ਅਸ਼ੀਸ਼ ਸ਼ਰਮਾ ਆਸ਼ੂ ਵਲਾੋ ਜ਼ਬਰਦਸਤ ਮੁਹਿੰਮ ਚਲਾਈ ਗਈ ਕਿ ਭਾਜਪਾ ਨੇ ਇੱਕ ਵਾਰਡ ਜਿੱਤਣ ਸਮੇਤ ਦੋ ਵਾਰਡਾਂ ਵਿੱਚ ਵੀ ਰਿਕਾਰਡ ਵੋਟਾਂ ਪ੍ਰਾਪਤ ਕੀਤੀਆਂ ਹਨ | ਆਸ਼ੂ ਚਹਿਲਾਂ, ਭਾਜਪਾ ਦੇ ਜ਼ਿਲ੍ਹਾ ਉਪ-ਪ੍ਰਧਾਨ ਅਜੀਤ ਗੁਪਤਾ ਅਤੇ ਬਲਰਾਮ ਸ਼ਰਮਾ ਨੇ ਦੱਸਿਆ ਕਿ ਪਾਰਟੀ ਦੇ ਸਮੁੱਚੇ ਆਗੂ ਅਤੇ ਵਰਕਰ ਦੇ ਪੰਚਾਇਤ ਸੰਮਤੀਆਂ ਅਤੇ ਨਗਰ ਕੌਂਸਲ ਚੋਣਾਂ ਵਿੱਚ ਪਾਰਟੀ ਨੂੰ ਮਿਲੇ ਹੁੰਗਾਰੇ ਸਦਕਾ ਹੌਸਲੇ ਪੂਰੇ ਬੁਲੰਦ ਹਨ |
ਪਿਛਲੀ ਖ਼ਬਰ ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਰੇਡੀਓ ਸਿਟੀ ਦਾ ਵਿਸ਼ੇਸ਼ ਵਿੱਦਿਅਕ ਦੌਰਾ ਅਗਲੀ ਖ਼ਬਰ ਕੱਲ੍ਹ ਦੇ ਡਾਇਰੈਕਟਰ ਦਫ਼ਤਰ ਧਰਨੇ 'ਚ ਵੱਡੀ ਗਿਣਤੀ 'ਚ ਸ਼ਾਮਿਲ ਹੋਵਾਂਗੇ-ਸਮਰਾ, ਮਾਨੂੰਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।