ਸਮਰਾਲਾ, 21 ਜਨਵਰੀ (ਕੁਲਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦਾ ਵਫ਼ਦ ਬਲਾਕ ਸਮਰਾਲਾ ਦੇ ਪ੍ਰਧਾਨ ਦਰਸ਼ਨ ਸਿੰਘ ਰੋਹਲੇ ਦੀ ਅਗਵਾਈ ਹੇਠ ਮੁੱਖ ਖੇਤੀਬਾੜੀ ਅਫ਼ਸਰ ਸਮਰਾਲਾ ਨੂੰ ਮੱਕੀ ਦੇ ਬੀਜ ਸੰਬੰਧੀ ਕਿਸਾਨਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਮਿਲ ਕੇ ਮੰਗ ਪੱਤਰ ਸੌਂਪਿਅ ਗਿਆ | ਇਸ ਮੰਗ ਪੱਤਰ 'ਚ ਕਿਸਾਨਾਂ ਵਲੋਂ ਮੰਗ ਕੀਤੀ ਗਈ ਕਿ ਪਿਛਲੇ ਕਈ ਸਾਲਾਂ ਤੋਂ ਸਮਰਾਲਾ ਇਲਾਕੇ ਵਿਚ ਮੱਕੀ ਦੀ ਫ਼ਸਲ ਵੱਡੇ ਪੱਧਰ 'ਤੇ ਹੁੰਦੀ ਹੈ ਪ੍ਰੰਤੂ ਮੱਕੀ ਦਾ ਬੀਜ ਲੈਣ ਲਈ ਕਿਸਾਨਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਹਰ ਸਾਲ ਕਰਨਾ ਪੈਂਦਾ ਹੈ | ਜਿਸ ਸੰਬੰਧੀ ਮੱਕੀ ਦਾ ਬੀਜ ਵੇਚਣ ਵਾਲੇ ਦੁਕਾਨਦਾਰਾਂ ਵਲੋਂ ਕਿਸਾਨਾਂ ਦੀ ਖੱਜਲ-ਖੁਆਰੀ ਕੀਤੀ ਜਾਂਦੀ ਹੈ ਅਤੇ ਕਿਸਾਨਾਂ ਨੂੰ ਸਮੇਂ ਸਿਰ ਮੱਕੀ ਦਾ ਬੀਜ ਨਹੀਂ ਦਿੱਤਾ ਜਾਂਦਾ | ਜੇਕਰ ਦੁਕਾਨਦਾਰ ਬੀਜ ਦਿੰਦੇ ਵੀ ਹਨ ਤਾਂ ਉਸ ਦਾ ਰੇਟ ਮਾਰਕੀਟ ਰੇਟ ਨਾਲੋਂ ਵਧਾ ਕੇ ਦਿੱਤਾ ਜਾਂਦਾ ਹੈ, ਜੋ ਕਿ ਕਿਸਾਨਾਂ ਦੀ ਸ਼ਰੇਆਮ ਆਰਥਿਕ ਲੁੱਟ ਹੈ | ਕਿਸਾਨਾਂ ਨੇ ਮੰਗ ਕੀਤੀ ਕਿ ਹੁਣ ਮੱਕੀ ਦੀ ਬਿਜਾਈ ਦਾ ਸਮਾਂ ਨਜ਼ਦੀਕ ਆ ਰਿਹਾ ਹੈ | ਪਿਛਲੇ ਅਰਸੇ ਦੌਰਾਨ ਕਿਸਾਨਾਂ ਦੀ ਦੁਕਾਨਦਾਰਾਂ ਵਲੋਂ ਜਿਸ ਤਰ੍ਹਾਂ ਲੁੱਟ ਹੋਈ ਹੈ, ਉਸ ਨੰੂ ਠੱਲ੍ਹ ਪਾਈ ਜਾਵੇ | ਮੁੱਖ ਖੇਤੀਬਾੜੀ ਅਫ਼ਸਰ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਮੱਕੀ ਦੇ ਬੀਜ ਸਬੰਧੀ ਕਿਸਾਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਵੇਗੀ ਅਤੇ ਕਾਲਾ ਬਾਜ਼ਾਰੀ ਕਰਦੇ ਦੁਕਾਨਦਾਰਾਂ ਨੂੰ ਨੱਥ ਪਾਈ ਜਾਵੇਗੀ | ਇਸ ਮੌਕੇ ਬਲਵਿੰਦਰ ਸਿੰਘ, ਜਸਵੀਰ ਸਿੰਘ, ਸਵਰਨ ਸਿੰਘ, ਮੇਜਰ ਸਿੰਘ, ਜਸਪਾਲ ਸਿੰਘ, ਮਨਪ੍ਰੀਤ ਸਿੰਘ ਘੁਲਾਲ, ਜਸਵੀਰ ਸਿੰਘ ਆਦਿ ਹਾਜ਼ਰ ਸਨ |