ਬਠਿੰਡਾ ’ਚ ਸਿਹਤ ਵਿਭਾਗ ਦੇ ਆਊਟ ਸੋਰਸ ਮੁਲਾਜ਼ਮਾਂ ਦਾ ਧਰਨਾ ਸਮਾਪਤ, ਅਪੈਕਸ ਸ਼ੀਲਡ ਕੰਪਨੀ ਦਾ ਠੇਕਾ ਰੱਦ ਕਰਨ ਦਾ ਫ਼ੈਸਲਾ
ਬਠਿੰਡਾ, 23 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ)- ਆਊਟ ਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਸਿਵਲ ਸਰਜਨ ਦਫ਼ਤਰ ਬਠਿੰਡਾ ਦੇ ਬਾਹਰ ਪਿਛਲੇ ਨੌਂ ਦਿਨਾਂ ਤੋਂ ਚੱਲ ਰਿਹਾ ਸਫ਼ਾਈ ਸੇਵਕ ਮੁਲਾਜ਼ਮਾਂ ਦਾ ਧਰਨਾ ਡਾਇਰੈਕਟਰ ਦਫ਼ਤਰ ਨਾਲ ਹੋਈ, ਮੀਟਿੰਗ ਵਿਚ ਮੰਗਾਂ ਮੰਨੇ ਜਾਣ ਤੋਂ ਬਾਅਦ ਸਮਾਪਤ ਕਰ ਦਿੱਤਾ ਗਿਆ। ਮੀਟਿੰਗ ਦੌਰਾਨ ਅਪੈਕਸ ਸ਼ੀਲਡ ਕੰਪਨੀ ਦਾ ਠੇਕਾ ਰੱਦ ਕਰਨ ਦਾ ਫ਼ੈਸਲਾ ਵੀ ਲਿਆ ਗਿਆ।
ਬਠਿੰਡਾ, 23 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ)- ਆਊਟ ਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਸਿਵਲ ਸਰਜਨ ਦਫ਼ਤਰ ਬਠਿੰਡਾ ਦੇ ਬਾਹਰ ਪਿਛਲੇ ਨੌਂ ਦਿਨਾਂ ਤੋਂ ਚੱਲ ਰਿਹਾ ਸਫ਼ਾਈ ਸੇਵਕ ਮੁਲਾਜ਼ਮਾਂ ਦਾ ਧਰਨਾ ਡਾਇਰੈਕਟਰ ਦਫ਼ਤਰ ਨਾਲ ਹੋਈ, ਮੀਟਿੰਗ ਵਿਚ ਮੰਗਾਂ ਮੰਨੇ ਜਾਣ ਤੋਂ ਬਾਅਦ ਸਮਾਪਤ ਕਰ ਦਿੱਤਾ ਗਿਆ। ਮੀਟਿੰਗ ਦੌਰਾਨ ਅਪੈਕਸ ਸ਼ੀਲਡ ਕੰਪਨੀ ਦਾ ਠੇਕਾ ਰੱਦ ਕਰਨ ਦਾ ਫ਼ੈਸਲਾ ਵੀ ਲਿਆ ਗਿਆ। ਇਸ ਤੋਂ ਪਹਿਲਾਂ ਜਥੇਬੰਦੀ ਵਲੋਂ ਸਿਵਲ ਹਸਪਤਾਲ ਬਠਿੰਡਾ ਵਿਖੇ ਰੋਸ ਰੈਲੀ ਕਰਨ ਉਪਰੰਤ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਡਾਇਰੈਕਟਰ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਹ ਪ੍ਰਦਰਸ਼ਨ ਅਪੈਕਸ ਸ਼ੀਲਡ ਕੰਪਨੀ ਨੂੰ ਸਫ਼ਾਈ ਸੇਵਕਾਂ ਦਾ ਠੇਕਾ ਦੇਣ ਅਤੇ 22 ਅਕਤੂਬਰ ਨੂੰ ਕੈਬਨਿਟ ਸਬ-ਕਮੇਟੀ ਨਾਲ ਤੈਅ ਮੀਟਿੰਗ ਮੁਲਤਵੀ ਹੋਣ ਦੇ ਵਿਰੋਧ ਵਿਚ ਕੀਤਾ। ਯੂਨੀਅਨ ਆਗੂਆਂ ਨੇ ਇਹ ਵੀ ਦੋਸ਼ ਲਾਇਆ ਕਿ ਅਪੈਕਸ ਸ਼ੀਲਡ ਕੰਪਨੀ ਪਹਿਲਾਂ ਵੀ ਬਠਿੰਡਾ ਵਿਚ ਸਫ਼ਾਈ ਕਰਮਚਾਰੀਆਂ ਨਾਲ ਕਥਿਤ ਤੌਰ ‘ਤੇ ਧੋਖਾਧੜੀ ਕਰ ਚੁੱਕੀ ਹੈ। ਯੂਨੀਅਨ ਆਗੂਆਂ ਅਨੁਸਾਰ ਚੰਡੀਗੜ੍ਹ ਵਿਖੇ ਡਿਪਟੀ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਤੇ ਡਾਇਰੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨਾਲ ਹੋਈ ਮੀਟਿੰਗ ਵਿਚ 14 ਅਕਤੂਬਰ 2026 ਤੋਂ ਅਪੈਕਸ ਸ਼ੀਲਡ ਕੰਪਨੀ ਨਾਲ ਕੀਤਾ ਗਿਆ ਠੇਕਾ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਸ ਮੌਕੇ ਹਨੀ ਸਿੰਘ, ਸੁਖਵਿੰਦਰ ਸਿੰਘ, ਸੰਪੂਰਨ ਸਿੰਘ, ਸੁਖਪਾਲ ਸਿੰਘ ਨੇ ਦੱਸਿਆ ਕਿ ਮੀਟਿੰਗ ‘ਚ ਇਹ ਵੀ ਫ਼ੈਸਲਾ ਹੋਇਆ ਕਿ ਧਰਨੇ ਦੌਰਾਨ ਕਿਸੇ ਮੁਲਾਜ਼ਮ ਦੀ ਗੈਰ-ਹਾਜ਼ਰੀ ਨਹੀਂ ਲਗਾਈ ਜਾਵੇਗੀ ਤੇ ਜਾਰੀ ਕੀਤੇ ਗਏ ਨੋਟਿਸ ਤੇ ਜਵਾਬਤਲਬੀ ਪੱਤਰ ਰੱਦ ਕੀਤੇ ਜਾਣਗੇ।