ਜਲੰਧਰ, 17 ਅਕਤੂਬਰ (ਐੱਮ. ਐੱਸ. ਲੋਹੀਆ)- ਲੇਖਕ ਤੇ ਨਿਰਦੇਸ਼ਕ ਜਗਦੀਪ ਵੜਿੰਗ ਵਲੋਂ ਤਿਆਰ ਕੀਤੀ ਗਈ ਪੰਜਾਬੀ ਫ਼ਿਲਮ ‘ਥਾਪੀ’ ਕੁੜੀਆਂ ਪ੍ਰਤੀ ਸਮਾਜ ਦੀ ਪੁਰਾਣੀ ਅਤੇ ਨਵੀਂ ਸੋਚ ਦੀ ਕਹਾਣੀ ਹੈ। ਇਸ ਦੇ ਨਾਲ ਹੀ ਇਹ ਕੁੜੀਆਂ ਨੂੰ ਆਪਣੇ ਸੁਪਨੇ ਪੂਰੇ ਕਰਨ ਲਈ ਆਪਣੇ ਟੀਚੇ ਵੱਲ ਲਗਾਤਾਰ ਗਤੀਸ਼ੀਲ ਰਹਿਣ ਅਤੇ ਸਖ਼ਤ ਮਿਹਨਤ ਕਰਨ ਦੀ ਪ੍ਰੇਰਣਾ ਵੀ ਦਿੰਦੀ ਹੈ। ਇਸ ’ਚ ਅਦਾਕਾਰ ਨੀਰੂ ਬਾਜਵਾ ਨੇ ਮੁੱਖ ਭੂਮਿਕਾ ਵਜੋਂ ‘ਕੰਮੋ’ ਦਾ ਕਿਰਦਾਰ ਨਿਭਾਇਆ ਹੈ। ਕੰਮੋ ਦੇ ਪਤੀ ‘ਗਾਮਾ’ ਦੇ ਕਿਰਦਾਰ ’ਚ ਸੰਨੀ ਸਿੰਘ ਨੇ ਵੀ ਸ਼ਲਾਘਾਯੋਗ ਕੰਮ ਕੀਤਾ ਹੈ। ਇਸ ਤੋਂ ਇਲਾਵਾ ਫ਼ਿਲਮ ਦੀ ਇਕ ਅਹਿਮ ਭੂਮਿਕਾ ਕੰਮੋ ਦੇ ਸਹੁਰੇ ਅਤੇ ਗਾਮਾ ਦੇ ਪਿਤਾ ਦੇ ਕਿਰਦਾਰ ਨੂੰ ਸੁਘੜ ਕਲਾਕਾਰ ਸੁਖਵਿੰਦਰ ਚਾਹਲ ਅਤੇ ਸੱਸ ਦੇ ਕਿਰਦਾਰ ਨੂੰ ਸੀਮਾ ਕੌਸ਼ਲ ਨੇ ਜੀਵਤ ਕੀਤਾ ਹੈ। ਕੰਮੋ ਦੀਆਂ ਸਾਥੀ ਖ਼ਿਡਾਰਨਾਂ ਦੀ ਭੂਮਿਕਾ ’ਚ ਹਸ਼ਨੀਨ ਚੌਹਾਨ, ਸਾਵਨ ਰੂਪੋਵਾਲੀ, ਪਵਨ ਜੋਹਲ, ਨਿਕੀਤਾ ਗਰੋਵਰ, ਸਿਮਰਨ ਚਾਹਲ ਨੇ ਵੀ ਬਾਖ਼ੂਬੀ ਕਿਰਦਾਰ ਨਿਭਾਏ ਹਨ। ਚਾਹੇ ਸਾਰੀ ਫ਼ਿਲਮ ਦੀ ਕਹਾਣੀ ਕੰਮੋ ਦੇ ਇਰਦ-ਗਿਰਦ ਹੀ ਘੁੰਮਦੀ ਹੈ, ਪਰ ਇਸ ਦੇ ਨਾਲ ਬਾਕੀ ਕੁੜੀਆਂ ਦੇ ਮਨਾਂ ਦੀਆਂ ਭਾਵਨਾਵਾਂ ਨੂੰ ਵੀ ਨਿਰਦੇਸ਼ਕ ਨੇ ਖ਼ੂਬ ਸੁਚੱਜੇ ਢੰਗ ਨਾਲ ਫ਼ਿਲਮਾਇਆ ਹੈ। ਫ਼ਿਲਮ ਦੀ ਕਹਾਣੀ ਦੱਸਦੀ ਹੈ ਕਿ ਕਿਵੇਂ ਕੰਮੋ ਨੇ ਕਬੱਡੀ ਖੇਡਣ ਦੇ ਆਪਣੇ ਬਚਪਨ ਦੇ ਸੁਪਨੇ ਨੂੰ ਵਿਆਹ ਤੋਂ ਬਾਅਦ ਆਪਣੇ ਪਤੀ ਗਾਮਾ ਦੇ ਸਮਰਥਨ ਨਾਲ ਪੂਰਾ ਕੀਤਾ। ਉਸ ਨੇ ਆਪਣੇ ਵੇਲੇ ’ਚ ਭਲਵਾਨੀ ਕਰਦੇ ਆਪਣੇ ਸਹੁਰੇ ਦੇ ਨਾਂਅ ਨੂੰ ਆਪਣੀ ਅਣਥੱਕ ਮਿਹਨਤ ਨਾਲ ਇਕ ਵਾਰ ਫਿਰ ਤੋਂ ਰੁਸ਼ਨਾਇਆ ਅਤੇ ਸਮਾਜ ’ਚ ਉਸ ਦਾ ਸਿਰ ਉੱਚਾ ਚੁੱਕਿਆ। ਕੁੱਲ ਮਿਲਾ ਕੇ ਇਹ ਫ਼ਿਲਮ ਪੁਰਾਣੀ ਸੋਚ ਨੂੰ ਬਦਲਣ ਅਤੇ ਕੁੜੀਆਂ ਪ੍ਰਤੀ ਸਮਾਜ ਦੀ ਸੋਚ ਨੂੰ ਬਦਲ ਕੇ ਉਨ੍ਹਾਂ ਦੀ ਸਮਾਜਿਕ ਸਥਿਤੀ ਨੂੰ ਮਜਬੂਤ ਕਰਨ ’ਚ ਅਹਿਮ ਭੂਮਿਕਾ ਨਿਭਾਏਗੀ। ਇਹ ਇਕ ਅਜਿਹੀ ਪਰਿਵਾਰਕ ਫ਼ਿਲਮ ਸਾਬਤ ਹੋਈ ਹੈ, ਜਿਸ ਨੂੰ ਹਰ ਉਸ ਪਰਿਵਾਰ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ, ਜਿਨ੍ਹਾਂ ਦੇ ਘਰ ’ਚ ਧੀ ਹੈ ਅਤੇ ਉਨ੍ਹਾਂ ਦੀ ਧੀ ਵੀ ਆਪਣੇ ਭਵਿੱਖ ਲਈ ਸੁਪਨੇ ਦੇਖਦੀ ਹੈ। ਇਹ ਫ਼ਿਲਮ ਹਰ ਧੀ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਮਾਂ-ਬਾਪ ਨੂੰ ਪ੍ਰੇਰਣਾ ਦਿੰਦੀ ਹੈ ਕਿ ਉਹ ਆਪਣੀਆਂ ਧੀਆਂ ਦਾ ਸਮਰਥਨ ਕਰਨ।