19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਐੱਸ.ਕੇ.ਐੱਮ.ਦੇ ਨਾਂਅ ’ਤੇ ਚੰਡੀਗੜ੍ਹ ਧਰਨੇ ਲਈ ਨਹੀਂ ਬਣੀ ਸਰਬਸੰਮਤੀ-ਉਗਰਾਹਾਂ/ਅਰਾਈਆਂਵਾਲਾ

ਬਠਿੰਡਾ, 18 ਅਗਸਤ (ਸੱਤਪਾਲ ਸਿੰਘ ਸਿਵੀਆਂ)-ਸੰਯੁਕਤ ਕਿਸਾਨ ਮੋਰਚਾ (ਐਸ. ਕੇ.

ਜੋਗਿੰਦਰ ਸਿੰਘ ਉਗਰਾਹਾਂ, ਸੁਖਦੇਵ ਸਿੰਘ ਅਰਾਈਆਂਵਾਲਾ 19-08-2026
ਬਠਿੰਡਾ, 18 ਅਗਸਤ (ਸੱਤਪਾਲ ਸਿੰਘ ਸਿਵੀਆਂ)-ਸੰਯੁਕਤ ਕਿਸਾਨ ਮੋਰਚਾ (ਐਸ.ਕੇ.ਐਮ.) ਪੰਜਾਬ ਦੀਆਂ ਜਥੇਬੰਦੀਆਂ ਦੀ 14 ਅਗਸਤ ਨੂੰ ਹੋਈ ਮੀਟਿੰਗ ਤੋਂ ਬਾਅਦ ਜਾਰੀ ਕੀਤੇ ਗਏ ਬਿਆਨ ਨੂੰ ਲੈ ਕੇ ਮੋਰਚੇ ਅੰਦਰ ਵਖਰੇਵੇਂ ਸਾਹਮਣੇ ਆਏ ਹਨ। ਐਸ. ਕੇ. ਐਮ. ਦੀ ਮੀਟਿੰਗ ਦੀ ਪ੍ਰਧਾਨਗੀ ਮੰਡਲ ਦੇ ਕੁਲ ਤਿੰਨ ਵਿਚੋਂ ਦੋ ਨੁਮਾਇੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਅਰਾਈਆਂਵਾਲਾ ਨੇ ਕਿਹਾ ਹੈ ਕਿ 14 ਅਗਸਤ ਨੂੰ ਜਾਰੀ ਕੀਤਾ ਗਿਆ ਬਿਆਨ ਮੀਟਿੰਗ ਦੀ ਭਾਵਨਾ ਅਤੇ ਫੈਸਲਿਆਂ ਨੂੰ ਸਹੀ ਢੰਗ ਨਾਲ ਪੇਸ਼ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿਖੇ ਲਗਾਏ ਜਾਣ ਵਾਲੇ ਧਰਨੇ ਲਈ ਐਸ.ਕੇ.ਐਮ. ਦੇ ਨਾਂਅ ਦੀ ਵਰਤੋਂ ਕਰਨ ਦੇ ਮੁੱਦੇ ਉੱਤੇ ਸਾਰੀਆਂ ਜਥੇਬੰਦੀਆਂ ਦਰਮਿਆਨ ਸਹਿਮਤੀ ਨਹੀਂ ਬਣੀ ਸੀ। ਉਨ੍ਹਾਂ ਮੁਤਾਬਕ, ਸਾਰੀਆਂ ਮੰਗਾਂ ਉੱਤੇ ਸਹਿਮਤੀ ਨਾ ਹੋਣ ਕਾਰਨ ਐਸ.ਕੇ.ਐਮ. ਵਿਚ ਸ਼ਾਮਲ ਕਈ ਜਥੇਬੰਦੀਆਂ ਦਾ ਮੱਤ ਹੈ ਕਿ ਜਿਨ੍ਹਾਂ ਮੁੱਦਿਆਂ ਉੱਤੇ ਵਖਰੇਵੇਂ ਹਨ, ਉਨ੍ਹਾਂ ਸਬੰਧੀ ਧਰਨਾ ਐਸ.ਕੇ.ਐਮ. ਦੇ ਨਾਂਅ ਦੀ ਬਜਾਏ ਸਬੰਧਤ ਵਿਸ਼ੇਸ਼ ਜਥੇਬੰਦੀਆਂ ਵਲੋਂ ਆਪਣੇ ਨਾਂਅ ਉੱਤੇ ਹੀ ਲਗਾਇਆ ਜਾਣਾ ਚਾਹੀਦਾ ਹੈ। ਦੋਵੇਂ ਆਗੂਆਂ ਨੇ ਸਪੱਸ਼ਟ ਕੀਤਾ ਕਿ ਐਸ.ਕੇ.ਐਮ. ਸਾਂਝਾ ਮੰਚ ਹੈ, ਜੋ ਘੱਟੋ-ਘੱਟ ਸਾਂਝੀ ਸਹਿਮਤੀ ਦੇ ਆਧਾਰ ਉੱਤੇ ਕੰਮ ਕਰਦਾ ਹੈ, ਇਸ ਲਈ ਕਿਸੇ ਵੀ ਸਾਂਝੀ ਕਾਰਵਾਈ ਲਈ ਐਸ.ਕੇ.ਐਮ. ਦੇ ਨਾਂਅ ਦੀ ਵਰਤੋਂ ਉਦੋਂ ਹੀ ਕੀਤੀ ਜਾਣੀ ਚਾਹੀਦੀ ਹੈ, ਜਦੋਂ ਇਸ ਵਿਚ ਸ਼ਾਮਲ ਸਾਰੀਆਂ ਜਥੇਬੰਦੀਆਂ ਉਸ ਕਾਰਵਾਈ ਨਾਲ ਸਹਿਮਤ ਹੋਣ। ਉਨ੍ਹਾਂ ਕਿਹਾ ਕਿ 14 ਅਗਸਤ ਦੀ ਮੀਟਿੰਗ ਅਸਲ ਵਿਚ ਐਸ.ਕੇ.ਐਮ. ਦੇ ਨਾਂਅ ਦੀ ਵਰਤੋਂ ਦੇ ਮੁੱਦੇ ’ਤੇ ਚੱਲ ਰਹੀ ਵਿਚਾਰ-ਚਰਚਾ ਦੀ ਹੀ ਇਕ ਕੜੀ ਸੀ। ਇਸ ਮਸਲੇ ਉੱਤੇ ਅੰਤਿਮ ਸਹਿਮਤੀ ਬਣਾਉਣ ਲਈ ਵਿਚਾਰ-ਚਰਚਾ ਜਾਰੀ ਰੱਖਣ ਵਾਸਤੇ ਅਗਲੀ ਮੀਟਿੰਗ 23 ਅਗਸਤ ਨੂੰ ਲੁਧਿਆਣਾ ਵਿਚ ਸੱਦੀ ਗਈ ਹੈ। ਉਗਰਾਹਾਂ ਅਤੇ ਅਰਾਈਆਂਵਾਲਾ ਨੇ ਦੋਸ਼ ਲਾਇਆ ਕਿ 14 ਅਗਸਤ ਨੂੰ ਜਾਰੀ ਬਿਆਨ ਇਸ ਤੋਂ ਉਲਟ ਤਸਵੀਰ ਪੇਸ਼ ਕਰਦਾ ਹੈ ਅਤੇ ਇਸ ਤਰ੍ਹਾਂ ਲਗਦਾ ਹੈ ਜਿਵੇਂ ਸਾਰੀਆਂ ਜਥੇਬੰਦੀਆਂ ਵਲੋਂ ਐਸ.ਕੇ.ਐਮ. ਦੇ ਨਾਂਅ ਦੀ ਵਰਤੋਂ ਲਈ ਸਹਿਮਤੀ ਬਣ ਚੁੱਕੀ ਹੋਵੇ, ਪਰ ਅਸਲ ਵਿਚ ਅਜਿਹੀ ਸਰਬਸੰਮਤੀ ਨਹੀਂ ਬਣੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਕਤ ਬਿਆਨ ਸਮੁੱਚੇ ਪ੍ਰਧਾਨਗੀ ਮੰਡਲ ਦੀ ਜਾਣਕਾਰੀ ਤੋਂ ਬਿਨਾਂ ਜਾਰੀ ਕੀਤਾ ਗਿਆ ਸੀ, ਜਿਸ ਕਾਰਨ ਬਿਆਨ ਵਿਚ ਦਰਸਾਈ ਗਈ ਸਹਿਮਤੀ ਨੂੰ 14 ਅਗਸਤ ਦੀ ਮੀਟਿੰਗ ਦੀ ਸਾਂਝੀ ਭਾਵਨਾ ਨਹੀਂ ਮੰਨਿਆ ਜਾ ਸਕਦਾ। ਦੋਵੇਂ ਆਗੂਆਂ ਨੇ ਕਿਹਾ ਕਿ 23 ਅਗਸਤ ਦੀ ਮੀਟਿੰਗ ਵਿਚ ਇਸ ਮੁੱਦੇ ’ਤੇ ਮੁੜ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਅਤੇ ਐਸ.ਕੇ.ਐਮ. ਦੇ ਸਾਂਝੇ ਮੰਚ ਦੀ ਮਰਿਆਦਾ ਅਤੇ ਘੱਟੋ-ਘੱਟ ਸਾਂਝੀ ਸਹਿਮਤੀ ਦੇ ਸਿਧਾਂਤ ਨੂੰ ਧਿਆਨ ਵਿਚ ਰਖਦਿਆਂ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।
ਪਿਛਲੀ ਖ਼ਬਰ 70ਵੀਆਂ ਗਰਮ ਰੁੱਤ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਸ਼ੁਰੂ ਅਗਲੀ ਖ਼ਬਰ ਸਿਹਤ ਕਾਮਿਆਂ ਵਲੋਂ 20 ਅਗਸਤ ਨੂੰ ਡਾਇਰੈਕਟਰ ਦਫ਼ਤਰ ਚੰਡੀਗੜ੍ਹ ਵਿਖੇ ਧਰਨੇ ਦੀਆਂ ਤਿਆਰੀਆਂ ਮੁਕੰਮਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।