ਕੌਂਸਲਰ ਦੇ ਘਰ ਮੋਬਾਈਲ ਟਾਵਰ ਦਾ ਵਿਰੋਧ ਕਰ ਰਹੇ 15 ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ
ਬਠਿੰਡਾ, 17 ਅਗਸਤ (ਪ੍ਰੀਤਪਾਲ ਸਿੰਘ ਰੋਮਾਣਾ)- ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 50 ਤੋਂ ਕੌਂਸਲਰ ਸੁਖਦੇਵ ਸਿੰਘ ਦੇ ਪਰਸ ਰਾਮ ਨਗਰ ਸਥਿਤ ਘਰ ਵਿਚ ਲੱਗ ਰਹੇ ਟਾਵਰ ਦਾ ਮੁਹੱਲਾ ਵਾਸੀਆਂ ਨੂੰ ਵਿਰੋਧ ਕਰਨਾ ਮਹਿੰਗਾ ਪੈ ਗਿਆ ਹੈ। ਥਾਣਾ ਕੈਨਾਲ ਕਾਲੋਨੀ ਦੀ ਪੁਲਿਸ ਨੇ ਘਰ ‘ਚ ਦਾਖਲ ਹੋ ਕੇ ਕਥਿਤ ਤੌਰ ‘ਤੇ ਕੁੱਟਮਾਰ, ਧਮਕੀਆਂ ਦੇਣ ਅਤੇ ਹੋਰ ਦੋਸ਼ਾਂ ਤਹਿਤ 5 ਨਾਮਜ਼ਦ ਵਿਅਕਤੀਆਂ ਸਮੇਤ 10 ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।
ਬਠਿੰਡਾ, 17 ਅਗਸਤ (ਪ੍ਰੀਤਪਾਲ ਸਿੰਘ ਰੋਮਾਣਾ)- ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 50 ਤੋਂ ਕੌਂਸਲਰ ਸੁਖਦੇਵ ਸਿੰਘ ਦੇ ਪਰਸ ਰਾਮ ਨਗਰ ਸਥਿਤ ਘਰ ਵਿਚ ਲੱਗ ਰਹੇ ਟਾਵਰ ਦਾ ਮੁਹੱਲਾ ਵਾਸੀਆਂ ਨੂੰ ਵਿਰੋਧ ਕਰਨਾ ਮਹਿੰਗਾ ਪੈ ਗਿਆ ਹੈ। ਥਾਣਾ ਕੈਨਾਲ ਕਾਲੋਨੀ ਦੀ ਪੁਲਿਸ ਨੇ ਘਰ ‘ਚ ਦਾਖਲ ਹੋ ਕੇ ਕਥਿਤ ਤੌਰ ‘ਤੇ ਕੁੱਟਮਾਰ, ਧਮਕੀਆਂ ਦੇਣ ਅਤੇ ਹੋਰ ਦੋਸ਼ਾਂ ਤਹਿਤ 5 ਨਾਮਜ਼ਦ ਵਿਅਕਤੀਆਂ ਸਮੇਤ 10 ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਸ਼ਿਕਾਇਤ ਵਿਚ ਕੌਂਸਲਰ ਸੁਖਦੇਵ ਸਿੰਘ ਵਾਸੀ ਪਰਸ ਰਾਮ ਨਗਰ ਨੇ ਦੱਸਿਆ ਕਿ 16 ਅਗਸਤ ਨੂੰ ਉਕਤ ਵਿਅਕਤੀ ਉਸ ਦੇ ਘਰ ਵਿਚ ਦਾਖਲ ਹੋਏ ਅਤੇ ਪਰਿਵਾਰਕ ਮੈਂਬਰਾਂ ਨਾਲ ਧੱਕਾ-ਮੁੱਕੀ ਕੀਤੀ। ਇਸ ਦੌਰਾਨ ਉਨ੍ਹਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੇ ਵੀ ਦੋਸ਼ ਲਗਾਏ ਹਨ। ਇਸ ਸ਼ਿਕਾਇਤ ਦੇ ਅਧਾਰ ‘ਤੇ ਪੁਲਿਸ ਨੇ ਕਰਨ ਉਸ ਦੇ ਪਿਤਾ ਸੁਰੇਸ਼, ਸੰਜੀਵ ਕੁਮਾਰ, ਅੰਜੂ ਰਾਣੀ, ਰੇਨੂੰ ਸ਼ਰਮਾ ਵਾਸੀ ਪਰਸ ਰਾਮ ਬਠਿੰਡਾ ਸਮੇਤ 10 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਕੌਂਸਲਰ ਵਲੋਂ ਦਿੱਤੀ ਸ਼ਿਕਾਇਤ ਅਨੁਸਾਰ ਪੁਰਾਣੀ ਰੰਜਿਸ਼ ਕਾਰਨ ਉਕਤ ਲੋਕ ਉਸ ਦੇ ਘਰ ਵਾਲੀ ਜਗ੍ਹਾ ‘ਤੇ ਮੋਬਾਈਲ ਟਾਵਰ ਲਗਾਉਣ ਦਾ ਵਿਰੋਧ ਕਰ ਰਹੇ ਹਨ ਅਤੇ ਉਸ ਨੂੰ ਟਾਵਰ ਲਗਾਉਣ ਤੋਂ ਰੋਕ ਰਹੇ ਹਨ। ਉੱਧਰ ਦੂਜੇ ਪਾਸੇ, ਮੁਹੱਲਾ ਵਾਸੀਆਂ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਿਸੇ ਨਾਲ ਕੁੱਟਮਾਰ ਨਹੀਂ ਕੀਤੀ, ਸਗੋਂ ਉਹ ਕੌਂਸਲਰ ਦੇ ਘਰ ‘ਤੇ ਮੋਬਾਈਲ ਟਾਵਰ ਲਗਾਏ ਜਾਣ ਦਾ ਵਿਰੋਧ ਕਰਨ ਲਈ ਇਕੱਠੇ ਹੋਏ ਸਨ। ਮੁਹੱਲਾ ਵਾਸੀਆਂ ਅਨੁਸਾਰ ਟਾਵਰ ਲੱਗਣ ਕਾਰਨ ਇਲਾਕੇ ਦੇ ਲੋਕਾਂ ਨੂੰ ਬਿਮਾਰੀਆਂ ਨਾਲ ਜੂਝਣਾ ਪੈ ਸਕਦਾ ਹੈ, ਜਿਸ ਕਾਰਨ ਉਹ ਟਾਵਰ ਲਗਾਉਣ ਨੂੰ ਲੈ ਕੇ ਇਸ ਦਾ ਵਿਰੋਧ ਕਰ ਰਹੇ ਹਨ। ਥਾਣਾ ਕੈਨਾਲ ਕਾਲੋਨੀ ਦੇ ਸਹਾਇਕ ਥਾਣੇਦਾਰ ਜਰਨੈਲ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਦੋਵਾਂ ਧਿਰਾਂ ਦੇ ਦਾਅਵਿਆਂ ਨੂੰ ਧਿਆਨ ਵਿਚ ਰੱਖਦਿਆਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।