ਵਿਦੇਸ਼ ਭੇਜਣ ਦੇ ਨਾਂਅ ’ਤੇ 65 ਲੱਖ ਦੀ ਠੱਗੀ ਮਾਰਨ ’ਤੇ 5 ਲੋਕਾਂ ਖਿਲਾਫ਼ ਮਾਮਲਾ ਦਰਜ
ਤਲਵੰਡੀ ਸਾਬੋ, 6 ਅਗਸਤ (ਰਣਜੀਤ ਸਿੰਘ ਰਾਜੂ)-ਤਲਵੰਡੀ ਸਾਬੋ ਵਿਖੇ ਇਕ ਵਿਅਕਤੀ ਨਾਲ ਉਸ ਦੇ ਪਰਿਵਾਰ ਨੂੰ ਕੈਨੇਡਾ ਭੇਜਣ ਦੇ ਨਾਂਅ ’ਤੇ 65 ਲੱਖ 10 ਹਜ਼ਾਰ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣਾ ਆਇਆ ਹੈ, ਇੰਨ੍ਹਾਂ ਹੀ ਨਹੀਂ ਪੀੜ੍ਹਤਾਂ ਨੂੰ ਉਕਤ ਵਿਅਕਤੀਆਂ ਨੇ ਵੱਟਸਐਪ ਤੇ ਜਾਅਲੀ ਟਿਕਟਾਂ ਵੀ ਭੇਜ ਦਿੱਤੀਆਂ ਸਨ। ਪੁਲਿਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ 5 ਲੋਕਾਂ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਤਲਵੰਡੀ ਸਾਬੋ, 6 ਅਗਸਤ (ਰਣਜੀਤ ਸਿੰਘ ਰਾਜੂ)-ਤਲਵੰਡੀ ਸਾਬੋ ਵਿਖੇ ਇਕ ਵਿਅਕਤੀ ਨਾਲ ਉਸ ਦੇ ਪਰਿਵਾਰ ਨੂੰ ਕੈਨੇਡਾ ਭੇਜਣ ਦੇ ਨਾਂਅ ’ਤੇ 65 ਲੱਖ 10 ਹਜ਼ਾਰ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣਾ ਆਇਆ ਹੈ, ਇੰਨ੍ਹਾਂ ਹੀ ਨਹੀਂ ਪੀੜ੍ਹਤਾਂ ਨੂੰ ਉਕਤ ਵਿਅਕਤੀਆਂ ਨੇ ਵੱਟਸਐਪ ਤੇ ਜਾਅਲੀ ਟਿਕਟਾਂ ਵੀ ਭੇਜ ਦਿੱਤੀਆਂ ਸਨ। ਪੁਲਿਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ 5 ਲੋਕਾਂ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਤੇ ਦਰਜ ਮਾਮਲੇ ਅਨੁਸਾਰ ਸੰਦੀਪ ਸਿੰਘ ਪੁੱਤਰ ਤਰਲੋਚਨ ਸਿੰਘ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਉਹ ਆਪਣੀ ਕਿਰਾਏ ਤੇ ਦਿੱਤੀ ਦੁਕਾਨ ਵਿਚ ਬੈਠਾ ਆਪਣੇ ਕਿਰਾਏਦਾਰ ਨਾਲ ਪ੍ਰੀਵਾਰ ਸਮੇਤ ਕੈਨੇਡਾ ਜਾਣ ਬਾਰੇ ਗੱਲ ਕਰ ਰਿਹਾ ਸੀ ਤਾਂ ਉਥੇ ਆਏ ਮਲਕੀਤ ਸਿੰਘ ਵਾਸੀ ਤਲਵੰਡੀ ਸਾਬੋ ਨੇ ਕਿਹਾ ਕਿ ਉਸ ਦਾ ਪੁੱਤਰ ਵੀ ਇਮੀਗਰੇਸ਼ਨ ਦਾ ਕੰਮ ਕਰਦਾ ਹੈ, ਤੁਸੀਂ ਉਸ ਪਾਸੋਂ ਫ਼ਾਇਲ ਲਗਾ ਲਓ ਕੁੱਝ ਦਿਨਾਂ ਬਾਅਦ ਉਕਤ ਵਿਅਕਤੀ ਦਾ ਪੁੱਤਰ ਤਲਵੰਡੀ ਸਾਬੋ ਆਇਆ ਜਿਸ ਨੇ ਮੈਨੂੰ, ਮੇਰੀ ਪਤਨੀ ਅਤੇ ਮੇਰੇ ਪੁੱਤਰ ਨੂੰ ਕੈਨੇਡਾ ਦੀ ਪੀ. ਆਰ. ਫ਼ਾਇਲ ਲਗਾਉਣ ਦੀ ਗੱਲ ਦੱਸਦੇ ਹੋਏ ਸਾਰੇ ਪ੍ਰੋਸੈਸ ਦੀ ਕੁੱਲ ਫੀਸ ਇਕ ਕਰੋੜ 3 ਲੱਖ ਦੱਸੀ ਸੀ, ਜਿਸ ਵਿਚੋਂ ਅੱਧੀ ਪੈਮੇਂਟ ਜਹਾਜ਼ ਚਾੜਨ ਤੱਕ ਅਤੇ ਬਾਕੀ ਪੈਮੇਂਟ ਪੀ. ਆਰ. ਹੋਣ ਤੇ ਦੇਣੀ ਸੀ, ਮਲਕੀਤ ਸਿੰਘ ਨੂੰ ਜਾਣਦੇ ਹੋਣ ਕਰਕੇ ਅਸੀਂ ਉਸ ਦੇ ਪੁੱਤਰ ਤੋਂ ਫ਼ਾਇਲ ਲਵਾਉਣ ਲਈ ਮੰਨ ਗਏ, ਪੀੜ੍ਹਤ ਨੇ ਬਿਆਨਾਂ ਵਿਚ ਦੱਸਿਆ ਕਿ ਮਲਕੀਤ ਸਿੰਘ ਦੇ ਪੁੱਤਰ ਸਨੇਹਪਾਲ ਨੇ ਦੋ ਹੋਰ ਲੋਕਾਂ ਨਾਲ ਉਸ ਦੀ ਗੱਲ ਕਰਵਾਈ, ਜਿੰਨ੍ਹਾਂ ਨੂੰ ਉਸ ਨੇ ਆਪਣਾ ਪਾਰਟਨਰ ਦੱਸਿਆ। ਜਿੰਨ੍ਹਾਂ ਨੇ ਪਹਿਲਾ ਉਨ੍ਹਾਂ ਤੋਂ 2 ਲੱਖ ਨਗਦ ਅਤੇ ਫਿਰ 7 ਲੱਖ ਖਾਤੇ ਵਿਚ ਪਵਾ ਲਏ, ਬਾਅਦ ’ਚ 40 ਲੱਖ ਫਿਰ ਲੈ ਗਏ, ਉਨ੍ਹਾਂ ਨੂੰ ਜਲਦੀ ਭੇਜਣ ਦਾ ਲਾਰਾ ਲਗਾਉਂਦੇ ਰਹੇ, ਜਿਸ ਤੋਂ ਬਾਅਦ ਫਿਰ ਟਿਕਟਾਂ ਬੁੱਕ ਕਰਵਾਉਣ ਲਈ 15 ਲੱਖ 50 ਹਜ਼ਾਰ ਲੈ ਗਏ, ਫਿਰ ਇਕ ਲੱਖ ਰੁਪਏ ਦੀ ਮੰਗ ਕੀਤੀ, ਇੰਨ੍ਹਾਂ ਹੀ ਨਹੀਂ ਉਕਤ ਵਿਅਕਤੀ ਨੇ 28 ਜਨਵਰੀ 2025 ਨੂੰ ਸਾਨੂੰ ਅਮ੍ਰਿੰਤਸਰ ਏਅਰਪੋਰਟ ਤੋ ਬੈਂਕੌਕ ਲਈ ਫਲਾਇਟ ਕਰਵਾ ਦਿੱਤੀ, ਉਥੋਂ ਸਾਨੂੰ ਅਤੇ ਕੁੱਝ ਹੋਰ ਵਿਅਕਤੀਆਂ ਨੂੰ ਇਕ ਵਿਅਕਤੀ ਪਟਾਇਆ ਲੈ ਗਿਆ। ਜਿੱਥੇ ਅਸੀਂ 3-4 ਦਿਨ ਹੋਟਲ ਵਿਚ ਆਪਣੇ ਖਰਚੇ ’ਤੇ ਰਹੇ ਜਿੱਥੇ ਸਾਡਾ 4 ਲੱਖ ਰੁਪਏ ਖਰਚਾ ਹੋ ਗਿਆ। ਪੁਲਿਸ ਦੇ ਉੱਚ ਅਧਿਕਾਰੀਆਂ ਨੇ ਪੀੜ੍ਹਤ ਦੀ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਥਾਣਾ ਤਲਵੰਡੀ ਸਾਬੋ ਨੂੰ ਮਾਮਲਾ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਜਿਸਤੇ ਥਾਣਾ ਤਲਵੰਡੀ ਸਾਬੋ ਨੇ ਪੀੜ੍ਹਤ ਸੰਦੀਪ ਸਿੰਘ ਵਾਸੀ ਤਲਵੰਡੀ ਸਾਬੋ ਦੇ ਬਿਆਨ ਤੇ ਸਨੇਹਪਾਲ ਸਿੰਘ, ਮਲਕੀਤ ਸਿੰਘ ਵਾਸੀਆਨ ਤਲਵੰਡੀ ਸਾਬੋ, ਅਮਨਦੀਪ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਫਤਿਹਗੜ੍ਹ (ਮੋਗਾ), ਦਲਵੀਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਭਦੌੜ (ਬਰਨਾਲਾ) ਅਤੇ ਲਵਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਖਰੜ (ਮੋਹਾਲੀ) ਦੇ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।