02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਨਗਰ ਪੰਚਾਇਤ ਕੋਟਸ਼ਮੀਰ ਦੀ ਪ੍ਰਧਾਨਗੀ ਅਕਾਲੀ ਦਲ ਦੇ ਹਿੱਸੇ ਆਈ

ਅਜੀਤ ਡੈਸਕ 28-07-2026

ਕੋਟਫੱਤਾ, 27 ਜੁਲਾਈ (ਰਣਜੀਤ ਸਿੰਘ ਬੁੱਟਰ)- 13 ਵਾਰਡਾਂ ਵਾਲੀ ਨਗਰ ਪੰਚਾਇਤ ਕੋਟਸ਼ਮੀਰ ਦੀ ਪ੍ਰਧਾਨਗੀ ਦੀ ਲਟਕ ਰਹੀ ਚੋਣ ਅੱਜ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਈ। 13 ਵਾਰਡਾਂ ਵਿਚੋਂ 10 ਵਾਰਡਾਂ ਵਿਚ ਅਕਾਲੀ ਦਲ ਦੇ ਉਮੀਦਵਾਰਾਂ ਨੇ ਜਿੱਤ ਦਰਜ ਕਰਕੇ ਰਿਕਾਰਡ ਤੋੜ ਦਿੱਤੇ ਪਰ ਪੰਜਾਬ ਸਰਕਾਰ ਜਾਂ ਕਹਿ ਲਈਏ ਬਠਿੰਡਾ ਪ੍ਰਸ਼ਾਸਨ ਨੂੰ ਅਕਾਲੀ ਦਲ ਦੀ ਇਹ ਜਿੱਤ ਰੜਕਦੀ ਸੀ, ਜਿਸ ਲਈ ਪ੍ਰਧਾਨਗੀ ਦੀ ਚੋਣ ਵਿਚ ਦਿੱਕਤਾਂ ਖੜ੍ਹੀਆਂ ਕੀਤੀਆਂ ਜਾਣ ਲੱਗੀਆਂ। ਆਖ਼ਰ ਅਕਾਲੀ ਦਲ ਦੇ ਜੇਤੂ ਉਮੀਦਵਾਰਾਂ ਨੇ ਹਾਈਕੋਰਟ ਦੇ ਦਰਵਾਜ਼ੇ ‘ਤੇ ਦਸਤਕ ਦਿੱਤੀ ਤਾਂ ਮਾਣਯੋਗ ਅਦਾਲਤ ਨੇ ਸੀਨੀਅਰ ਵਕੀਲ ਨੀਤਿਕਾ ਗਰਗ ਨੂੰ ਅਬਜ਼ਰਵਰ ਨਿਯੁਕਤ ਕਰਕੇ ਚੋਣ ਕਰਵਾਉਣ ਦੇ ਨਿਰਦੇਸ਼ ਦਿੱਤੇ ਜਿਨ੍ਹਾਂ ਐਸ.ਡੀ.ਐਮ. ਬਠਿੰਡਾ, ਤਹਿਸੀਲਦਾਰ ਬਠਿੰਡਾ, ਵੱਡੀ ਗਿਣਤੀ ਵਿਚ ਅਕਾਲੀ ਦਲ ਦੇ ਸਮਰਥਕਾਂ ਤੇ ਪੁਲਿਸ ਦੀ ਹਾਜ਼ਰੀ ਵਿਚ ਚੋਣ ਪ੍ਰਕਿਰਿਆ ਨੂੰ ਸੰਪੰਨ ਕੀਤਾ। ਚੋਣ ਪ੍ਰਕਿਰਿਆ ਦੌਰਾਨ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ ਦੇ ਸਰਕਲ ਪ੍ਰਧਾਨ ਨਿਰਮਲ ਸਿੰਘ ਨਿੰਮਾ ਦੇ ਮਾਤਾ ਵਾਰਡ ਨੰਬਰ 5 ਤੋਂ ਕੌਂਸਲਰ ਜਸਵਿੰਦਰ ਕੌਰ ਨੂੰ ਪ੍ਰਧਾਨ ਚੁਣ ਲਿਆ ਗਿਆ, ਜਦੋਂਕਿ ਮੀਤ ਪ੍ਰਧਾਨ ਵਾਰਡ ਨੰਬਰ 1 ਤੋਂ ਕੌਂਸਲਰ ਸੁਖਵਿੰਦਰ ਕੌਰ ਪਤਨੀ ਸਾਬਕਾ ਪੰਚ ਹਰਭਜਨ ਸਿੰਘ ਨੂੰ ਚੁਣਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਾਰਡ ਨੰਬਰ 3 ਤੋਂ ਕੌਂਸਲਰ ਪ੍ਰੀਤੀ ਕੌਰ ਨੂੰਹ ਅਕਾਲੀ ਆਗੂ ਡਾਕਟਰ ਗੁਰਨੈਬ ਸਿੰਘ, ਵਾਰਡ ਨੰਬਰ 6 ਤੋਂ ਕੌਂਸਲਰ ਪਰਮਜੀਤ ਸਿੰਘ ਪੰਮਾ, ਵਾਰਡ ਨੰਬਰ 7 ਤੋਂ ਕੌਂਸਲਰ ਮਨਜੀਤ ਕੌਰ ਪਤਨੀ ਸਵਰਨ ਸਿੰਘ ਸ਼ਰਨੀ, ਵਾਰਡ ਨੰਬਰ ਅੱਠ ਤੋਂ ਕੌਂਸਲਰ ਰਾਮ ਸਿੰਘ ਮਾਨ, ਵਾਰਡ ਨੰਬਰ 9 ਤੋਂ ਕੌਂਸਲਰ ਜਸਦੀਪ ਕੌਰ ਪਤਨੀ ਮਨਪ੍ਰੀਤ ਸਿੰਘ ਮਨਾਂ, ਵਾਰਡ ਨੰਬਰ 12 ਤੋਂ ਕੌਂਸਲਰ ਸੰਦੀਪ ਸਿੰਘ ਸੰਧੂ, ਵਾਰਡ ਨੰਬਰ 13 ਤੋਂ ਕੌਂਸਲਰ ਗੋਬਿੰਦ ਸਿੰਘ ਤੋਂ ਇਲਾਵਾ 4 ਨੰਬਰ ਵਾਰਡ ਤੋਂ ਆਜ਼ਾਦ ਚੋਣ ਜਿੱਤੇ ਜਸਪ੍ਰੀਤ ਸਿੰਘ ਜੱਸਾ, ਵਾਰਡ ਨੰਬਰ 10 ਤੋਂ ਆਪ ਕੌਂਸਲਰ ਟੇਕ ਸਿੰਘ ਚਹਿਲ ਅਤੇ ਵਾਰਡ ਨੰਬਰ 11 ਤੋਂ ਕਾਂਗਰਸੀ ਕੌਂਸਲਰ ਸੰਦੀਪ ਕੌਰ ਪਤਨੀ ਕਿਸਾਨ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਚਾਨਣ ਸਿੰਘ ਸਿੱਧੂ ਵੀ ਹਾਜ਼ਰ ਰਹੇ। ਮਾਤਾ ਜਸਵਿੰਦਰ ਕੌਰ ਦੇ ਪ੍ਰਧਾਨ ਬਣਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਨਿਰਮਲ ਸਿੰਘ ਨਿੰਮਾ ਨੇ ਕਿਹਾ ਚੋਣਾਂ ਦੇ ਨਤੀਜੇ ਆਉਣ ਤੋਂ ਦੋ ਮਹੀਨੇ ਬਾਅਦ ਤੱਕ ਪ੍ਰਧਾਨਗੀ ਦੀ ਚੋਣ ਨਾ ਹੋਣਾ ਵਿਕਾਸ ਕਾਰਜਾਂ ਨੂੰ ਪਿਛਾੜ ਰਿਹਾ ਸੀ। ਉਨ੍ਹਾਂ ਕਿਹਾ ਕਿ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਪ੍ਰਧਾਨਗੀ ਦੀ ਨੇਪਰੇ ਚੜ੍ਹੀ ਚੋਣ ਸਮੁੱਚੇ ਨਗਰ ਦੀ ਜਿੱਤ ਹੈ ਤੇ ਨਗਰ ਦੇ ਵਿਕਾਸ ਕਾਰਜ ਉਹ ਬਿਨ੍ਹਾਂ ਕਿਸੇ ਭੇਦਭਾਵ ਤੋਂ ਵੱਧ ਚੜ੍ਹ ਕੇ ਕੰਮ ਕਰਨਗੇ। ਇਸ ਮੌਕੇ ਬਠਿੰਡੇ ਦਿਹਾਤੀ ਦੇ ਇੰਚਾਰਜ ਗੁਰਚਰਨ ਸਿੰਘ ਸਿੱਧੂ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਸੰਗਤ, ਸਾਬਕਾ ਜ਼ਿਲ੍ਹਾ ਯੂਥ ਪ੍ਰਧਾਨ ਸੁਖਵੀਰ ਸਿੰਘ ਜੱਸੀ ਪੌ ਵਾਲੀ, ਕੋਟਫੱਤਾ ਸਰਕਲ ਦੇ ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ, ਯੂਥ ਦੇ ਸਾਬਕਾ ਸਰਕਲ ਪ੍ਰਧਾਨ ਗੁਰਤੇਜ ਸਿੰਘ ਫੂਸ ਮੰਡੀ ਤੋਂ ਇਲਾਵਾ ਵੱਡੀ ਗਿਣਤੀ ‘ਚ ਅਕਾਲੀ ਵਰਕਰ ਅਤੇ ਨਿਰਮਲ ਸਿੰਘ ਨਿੰਮਾ ਦੇ ਸਮਰਥਕ ਹਾਜ਼ਰ ਸਨ।

ਪਿਛਲੀ ਖ਼ਬਰ ਸਿੱਖਿਆ ਵਿਚ ਨਿਵੇਸ਼ ਹੀ ਬੱਚਿਆਂ ਦੇ ਸੁਨਹਿਰੇ ਭਵਿੱਖ ਦੀ ਗਾਰੰਟੀ ਹੈ- ਸੁਖਵੰਤ ਸਿੰਘ ਕਾਲਾ ਅਗਲੀ ਖ਼ਬਰ 119.9 ਗ੍ਰਾਮ ਹੈਰੋਇਨ ਸਣੇ ਦੋ ਨਸ਼ਾ ਤਸਕਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।