29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ

ਅਜੀਤ ਡੈਸਕ 10-07-2026

ਤਲਵੰਡੀ ਸਾਬੋ, 9 ਜੁਲਾਈ (ਰਣਜੀਤ ਸਿੰਘ ਰਾਜੂ)- ਕਲਗ਼ੀਧਰ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ, ਸ੍ਰੀ ਦਮਦਮਾ ਸਾਹਿਬ ਦੇ ਪਵਿੱਤਰ ਅਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਿਖਣ ਦੀ ਸੇਵਾ ਨਿਭਾਉਣ ਵਾਲੇ, ਸਿੱਖੀ ਲਈ ਬੰਦ-ਬੰਦ ਕਟਵਾਉਣ ਵਾਲੇ ਕੌਮ ਦੇ ਮਹਾਨ ਸ਼ਹੀਦ, ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਅੱਜ ਸਮੁੱਚੇ ਸਿੱਖ ਜਗਤ ਵਾਂਗ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਤਖਤ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਨਗਰ ਦੀ ਨਾਮਵਰ ਧਾਰਮਿਕ ਸੰਸਥਾ ਸ਼ਹੀਦ ਭਾਈ ਮਨੀ ਸਿੰਘ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਗੁਰਮਤਿ ਸਮਾਗਮ ਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਅੱਜ ਸਭ ਤੋਂ ਪਹਿਲਾਂ ਤਖਤ ਸਾਹਿਬ ਦੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਸ਼ਹੀਦ ਭਾਈ ਮਨੀ ਸਿੰਘ ਸੇਵਾ ਸੁਸਾਇਟੀ ਤਲਵੰਡੀ ਸਾਬੋ ਵਲੋਂ ਪਿਛਲੇ ਦਿਨਾਂ ਤੋਂ ਪ੍ਰਕਾਸ਼ ਕਰਵਾਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਅਰਦਾਸ ਕੀਤੀ ਜਦੋਂਕਿ ਤਖਤ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਨੇ ਸ਼ਬਦ ਗਾਇਨ ਕੀਤੇ। ਕਥਾਵਾਚਕ ਗਿਆਨੀ ਜਗਤਾਰ ਸਿੰਘ ਕੀਰਤਪੁਰੀ ਨੇ ਕਥਾ ਵੀਚਾਰਾਂ ਰਾਹੀਂ ਸੰਗਤਾਂ ਨੂੰ ਭਾਈ ਮਨੀ ਸਿੰਘ ਦੀ ਸ਼ਹੀਦੀ ਦੇ ਵਿਰਤਾਂਤ ਤੋਂ ਜਾਣੂੰ ਕਰਵਾਇਆ। ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਕਿਹਾ ਕਿ ਸਮੇਂ ਦੀ ਮੁਗਲ ਹਕੂਮਤ ਨੇ ਭਾਈ ਮਨੀ ਸਿੰਘ ਦੇ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਤੇ ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਕਿ ਬੱਚਿਆਂ ਤੇ ਨੌਜਵਾਨਾਂ ਨੂੰ ਭਾਈ ਮਨੀ ਸਿੰਘ ਵਰਗੇ ਲਾਸਾਨੀ ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਜਾਣੂੰ ਕਰਵਾਇਆ ਜਾਵੇ। ਉਨ੍ਹਾਂ ਨੇ ਸ਼ਹੀਦ ਭਾਈ ਮਨੀ ਸਿੰਘ ਸੇਵਾ ਸੁਸਾਇਟੀ ਦਾ ਧੰਨਵਾਦ ਕਰਦਿਆਂ ਉਨ੍ਹਾਂ ਵਲੋਂ ਕੀਤੇ ਜਾਂਦੇ ਧਾਰਮਿਕ/ਸਮਾਜਿਕ ਕਾਰਜਾਂ ਦੀ ਸ਼ਲਾਘਾ ਵੀ ਕੀਤੀ।ਅੰਤ ਚ ਭਾਈ ਮਨੀ ਸਿੰਘ ਸੇਵਾ ਸੁਸਾਇਟੀ ਦੇ ਨੁਮਾਇੰਦਿਆਂ ਨੂੰ ਸਿੰਘ ਸਾਹਿਬ ਨੇ ਸਿਰੋਪਾਉ ਦੀ ਬਖਸ਼ਿਸ ਵੀ ਕੀਤੀ। ਸਮਾਗਮ ਦੌਰਾਨ ਤਖਤ ਸਾਹਿਬ ਦੇ ਮੈਨੇਜਰ ਭਾਈ ਨਰਿੰਦਰਜੀਤ ਸਿੰਘ, ਵਧੀਕ ਮੈਨੇਜਰ ਗੁਰਦੇਵ ਸਿੰਘ, ਗੁਰਸੇਵਕ ਸਿੰਘ ਕਿੰਗਰਾ ਤੇ ਮਨਦੀਪ ਸਿੰਘ ਮਾਖਾ ਦੋਵੇਂ ਮੀਤ ਮੈਨੇਜਰ ਤੋਂ ਇਲਾਵਾ ਭਾਈ ਮਨੀ ਸਿੰਘ ਸੇਵਾ ਸੁਸਾਇਟੀ ਵਲੋਂ ਜੁਗਰਾਜ ਸਿੰਘ ਜੇ.ਈ., ਲਾਭਵੀਰ ਸਿੰਘ ਪਟਵਾਰੀ, ਨਾਇਬ ਸਿੰਘ ਜੇ.ਈ., ਪਰਮਿੰਦਰ ਸਿੰਘ, ਰੇਸ਼ਮ ਸਿੰਘ, ਕੁਲਦੀਪ ਸਿੰਘ, ਮਾ.ਕਰਨੈਲ ਸਿੰਘ, ਜਗਮੇਲ ਸਿੰਘ ਭੁੱਲਰ, ਪ੍ਰੋ.ਗੁਰਜੀਤ ਸਿੰਘ ਗੁਰੂ ਕਾਸ਼ੀ ਯੂਨੀਵਰਸਿਟੀ, ਚਰਨਾ ਸਿੰਘ ਹਲਵਾਈ ਅਤੇ ਮੁਹਤਬਰ ਸ਼ਖ਼ਸੀਅਤ ਠਾਣਾ ਸਿੰਘ ਚੱਠਾ ਮੌਜੂਦ ਸਨ।

ਪਿਛਲੀ ਖ਼ਬਰ ਰਾਏਕੇ ਕਲਾਂ ’ਚ 52 ਸ਼ੱਕੀ ਮਰੀਜ਼ਾਂ ਦੀ ਟੀ. ਬੀ. ਜਾਂਚ ਕੀਤੀ ਅਗਲੀ ਖ਼ਬਰ ਸਾਂਝਾ ਫ਼ਰੰਟ ਬਠਿੰਡਾ ਵਲੋਂ ਭਲਕੇ ਤਲਵੰਡੀ ਸਾਬੋ ਦੀ ਵਿਧਾਇਕਾ ਦੇ ਘਰ ਦਾ ਘਿਰਾਓ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।