01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਨਗਰ ਨਿਗਮ ਦੇ ਪਹਿਲੇ ਜਨਰਲ ਹਾਊਸ ’ਚ 125 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨੂੰ ਮਨਜ਼ੂਰੀ

ਅਜੀਤ ਡੈਸਕ 09-07-2026
ਬਠਿੰਡਾ, 8 ਜੁਲਾਈ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਨਗਰ ਨਿਗਮ ਬਠਿੰਡਾ ਦੇ ਲਗਾਤਾਰ ਦੂਜੀ ਵਾਰ ਮੇਅਰ ਬਣੇ ਪਦਮਜੀਤ ਸਿੰਘ ਮਹਿਤਾ ਅਤੇ ਨਿਗਮ ਕਮਿਸ਼ਨਰ ਲਵਜੀਤ ਕੌਰ ਕਲਸੀ ਦੀ ਅਗਵਾਈ ਹੇਠ ਪਹਿਲਾ ਜਨਰਲ ਹਾਊਸ ਸੱਦਿਆ ਗਿਆ, ਜਿਸ ਵਿਚ ਸਰਬਸੰਮਤੀ ਨਾਲ 18 ਏਜੰਡੇ ਪਾਸ ਕਰਦੇ ਹੋਏ 125 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨੂੰ ਮਨਜ਼ੂਰੀ ਦਿੱਤੀ ਗਈ।ਮੇਅਰ ਨੇ ਹਾਊਸ ’ਚ ਪਾਸ ਕੀਤੇ ਮਤਿਆਂ ਬਾਰੇ ਦੱਸਦੇ ਹੋਏ ਕਿਹਾ ਕਿ ਨਿਗਮ ਵਲੋਂ ਆਪਣਾ ‘ਕੋਕੋ ਪੈਟਰੋਲ ਪੰਪ’ ਸਥਾਪਤ ਕੀਤਾ ਜਾਵੇਗਾ, ਜਿਸ ਨਾਲ ਨਿਗਮ ਦੇ ਟਿੱਪਰਾਂ ਅਤੇ ਹੋਰ ਵਾਹਨਾਂ ’ਚ ਰੋਜ਼ਾਨਾ ਕਰੀਬ ਖ਼ਪਤ ਹੁੰਦੇ 3000 ਲੀਟਰ ਪੈਟਰੋਲ-ਡੀਜ਼ਲ ਦੀ ਪੂਰਤੀ ਉਕਤ ਪੰਪ ਤੋਂ ਕੀਤੀ ਜਾਵੇਗੀ ਤੇ ਨਿਗਮ ਦੀ ਆਮਦਨ ’ਚ ਵੀ ਵਾਧਾ ਹੋਵੇਗਾ।ਉਨ੍ਹਾਂ ਦੱਸਿਆ ਕਿ ਧੋਬੀ ਬਾਜ਼ਾਰ, ਹਸਪਤਾਲ ਬਾਜ਼ਾਰ, ਪੋਸਟ ਆਫ਼ਿਸ ਬਾਜ਼ਾਰ, ਸਦਰ ਬਾਜ਼ਾਰ ਅਤੇ ਸਿਰਕੀ ਬਾਜ਼ਾਰ ’ਚ ਬਿਜਲੀ ਦੀਆਂ ਤਾਰਾਂ ਨੂੰ 6 ਕਰੋੜ ਰੁਪਏ ਦੀ ਲਾਗਤ ਨਾਲ ਅੰਡਰਗਰਾਊਂਡ ਕੀਤਾ ਜਾਵੇਗਾ, ਪਾਣੀ ਸਪਲਾਈ ਲਈ ਨਵੀਂ ਮਸ਼ੀਨਰੀ ਖ਼ਰੀਦੀ ਜਾਵੇਗੀ, ਜਨਤਕ ਪਖਾਨਿਆਂ ਦੇ ਸੰਚਾਲਨ ਲਈ ਨਵੇਂ ਟੈਂਡਰ ਜਾਰੀ ਕੀਤੇ ਜਾਣਗੇ, ਵਾਰਡ ਨੰਬਰ 48 ’ਚ ਆਧੁਨਿਕ ਕਮਿਊਨਿਟੀ ਹਾਲ ਬਣਾਇਆ ਜਾਵੇਗਾ, ਆਵਾਰਾ ਕੁੱਤਿਆਂ ਦੀ ਰੋਕਥਾਮ ਲਈ ਐਨੀਮਲ ਬਰਥ ਕੰਟਰੋਲ ਅਤੇ ਐਂਟੀ ਰੇਬੀਜ਼ ਟੀਕਾਕਰਨ ਸ਼ੁਰੂ ਕੀਤਾ ਜਾਵੇਗਾ, ਪਾਲਤੂ ਪਸ਼ੂਆਂ ਦੀਆਂ ਮ੍ਰਿਤ ਦੇਹਾਂ ਦੇ ਵਿਗਿਆਨਕ ਢੰਗ ਨਾਲ ਨਿਪਟਾਰੇ ਲਈ ਆਧੁਨਿਕ ਇੰਸੀਨਰੇਟਰ ਖ਼ਰੀਦਿਆਂ ਜਾਵੇਗਾ, ਪਰਸਰਾਮ ਨਗਰ ਦੀ 45 ਫੁੱਟ ਸੜਕ ਦਾ ਸੁੰਦਰੀਕਰਨ ਕੀਤਾ ਜਾਵੇਗਾ। ਇਸ ਦੌਰਾਨ ਸ਼ਹਿਰ ਦੇ ਸੁੰਦਰੀਕਰਨ, ਸੜਕਾਂ ਦੇ ਨਿਰਮਾਣ-ਸੁੁਧਾਰ, ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਸੀਵਰੇਜ ਨਾਲ ਸਬੰਧਿਤ ਵਿਕਾਸ ਪ੍ਰੋਜੈਕਟਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ।
ਮੋਟੇ ਜ਼ੁਰਮਾਨਿਆਂ ਦਾ ਫ਼ੈਸਲਾ
ਮੇਅਰ ਨੇ ਸ਼ਹਿਰ ’ਚ ਜਨਤਕ ਥਾਵਾਂ ’ਤੇ ਉਸਾਰੀ ਦਾ ਮਲਬਾ ਸੁੱਟ ਕੇ ਸ਼ਹਿਰ ਦੀ ਸੁੰਦਰਤਾ ਨੂੰ ਵਿਗਾੜਣ ਵਾਲਿਆਂ ’ਤੇ ਸਖ਼ਤੀ ਕਰਦੇ ਹੋਏ ਮਲਬਾ ਸੁੱਟਣ ’ਤੇ 25 ਹਜ਼ਾਰ ਰੁਪਏ ਅਤੇ ਆਵਾਰਾ ਪਸ਼ੂ ਛੱਡਣ ’ਤੇ 1 ਲੱਖ ਰੁਪਏ ਜੁਰਮਾਨਾ ਲਗਾਉਣ ਸਮੇਤ ਸਬੰਧਿਤ ਵਾਹਨ ਜ਼ਬਤ ਕਰਨ ਦਾ ਫ਼ੈਸਲਾ ਲਾਗੂ ਕੀਤਾ ਹੈ। ਜਦਕਿ ਮਲਬੇ ਦੇ ਪੱਕੇ ਹੱਲ ਲਈ ਟੀ.ਪੀ.ਡੀ. ਪਲਾਂਟ ਸਥਾਪਤ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।
ਫਾਈਨੈਂਸ ਅਤੇ ਕੰਟਰੈਕਟ ਕਮੇਟੀ ਦੀ ਚੋਣ
ਜਨਰਲ ਹਾਊਸ ਦੌਰਾਨ ਕੌਂਸਲਰ ਕਮਲੇਸ਼ ਮਹਿਰਾ ਅਤੇ ਰਤਨ ਰਾਹੀ ਨੂੰ ਫਾਈਨੈਂਸ ਐਂਡ ਕੰਟਰੈਕਟ ਕਮੇਟੀ ਦੇ ਸਰਬਸੰਮਤੀ ਨਾਲ ਮੈਂਬਰ ਚੁਣਿਆ ਗਿਆ, ਜਿੰਨ੍ਹਾਂ ਦੇ ਨਾਵਾਂ ਦੀ ਵੱਖ-ਵੱਖ ਕੌਂਸਲਰਾਂ ਨੇ ਪੇਸ਼ਕਸ਼ ਅਤੇ ਤਜਵੀਜ਼ ਕੀਤੀ।
ਪਿਛਲੀ ਖ਼ਬਰ ਸਰਦਾਰਗੜ੍ਹ ਟੇਲਾਂ ‘ਤੇ ਨਹਿਰੀ ਪਾਣੀ ਦੀ ਕਿੱਲਤ ਖ਼ਿਲਾਫ਼ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਨਾਅਰੇਬਾਜ਼ੀ ਅਗਲੀ ਖ਼ਬਰ ਕੰਨਿਆ ਸਕੂਲ ’ਚ ਬ੍ਰਹਮ ਕੁਮਾਰੀ ਡਾ. ਸੁਨੀਤਾ ਦਾ ਪ੍ਰੇਰਣਾਦਾਇਕ ਭਾਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।