12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਭੇਦਭਰੀ ਹਾਲਤ 'ਚ ਘਰੋਂ ਗਏ ਭੁਪਿੰਦਰ ਕੁਮਾਰ ਦੀ ਭਾਖੜਾ ਨਹਿਰ 'ਚੋਂ ਭਾਲ ਜਾਰੀ <br/>

ਅਜੀਤ ਡੈਸਕ 14-06-2026
ਬੋਹਾ, 13 ਜੂਨ (ਰਮੇਸ਼ ਤਾਂਗੜੀ)- ਸਥਾਨਕ ਕਸਬੇ ਦੇ ਵਾਰਡ ਨੰਬਰ 11 ਨਾਲ ਸੰਬੰਧਿਤ ਨੌਜਵਾਨ ਭੁਪਿੰਦਰ ਕੁਮਾਰ ਪੁੱਤਰ ਤਰਸੇਮ ਰਾਜ ਦੇ ਭੇਦਭਰੀ ਹਾਲਤ 'ਚ ਘਰੋਂ ਚਲੇ ਜਾਣ ਉਪਰੰਤ 20 ਘੰਟੇ ਲੰਘ ਜਾਣ 'ਤੇ ਵੀ ਕੁਝ ਪਤਾ ਨਹੀਂ ਲੱਗ ਸਕਿਆ, ਜਦੋਂ ਕਿ ਉਸ ਦੀ ਭਾਲ ਲਈ ਗੋਤਾਖੋਰ ਪਾਰਟੀਆਂ ਅਤੇ ਨਗਰ ਵਾਸੀ ਪੁਲਿਸ ਸਮੇਤ ਲੱਭ ਰਹੇ ਹਨ | ਜਾਣਕਾਰੀ ਅਨੁਸਾਰ ਭੁਪਿੰਦਰ ਕੁਮਾਰ ਸਰਕਾਰੀ ਹਸਪਤਾਲ 'ਚ ਸਿਹਤ ਸੁਪਰਵਾਈਜ਼ਰ ਹੈ | ਉਸ ਦੇ ਗੁੰਮ ਹੋਣ ਬਾਰੇ ਉਸ ਦੇ ਪਿਤਾ ਤਰਸੇਮ ਰਾਜ ਅਤੇ ਪੁੱਤਰ ਨੇ ਕਿਹਾ ਕਿ 11 ਜੂਨ ਨੂੰ ਭੁਪਿੰਦਰ ਨਾਲ ਨੌਕਰੀ ਕਰਨ ਵਾਲੇ 2-3 ਮੁਲਾਜ਼ਮ ਕਿਸੇ ਮਿੱਤਰ ਦੇ ਘਰ ਪੁੱਤਰ ਦੇ ਜਨਮ ਹੋਣ ਦੀ ਪਾਰਟੀ ਦਾ ਸੱਦਾ ਦੇ ਕੇ ਬੁਢਲਾਡਾ ਵਿਖੇ ਕਿਸੇ ਹੋਟਲ 'ਚ ਲੈ ਗਏ | ਉਨ੍ਹਾਂ ਦੱਸਿਆ ਕਿ ਇੱਥੇ ਭੁਪਿੰਦਰ ਨੂੰ ਬੁਰੀ ਤਰ੍ਹਾਂ ਪ੍ਰੇਸ਼ਾਨ ਕੀਤਾ ਗਿਆ, ਜਿੱਥੋਂ ਕਾਫ਼ੀ ਨਿਰਾਸ਼ ਤੇ ਮਾਨਸਿਕ ਪ੍ਰੇਸ਼ਾਨ ਹੋ ਕੇ ਉਹ ਘਰ ਆ ਗਿਆ | ਕਰੀਬ ਢਾਈ ਕੁ ਵਜੇ ਮਾਨਸਿਕ ਤੌਰ 'ਤੇ ਦੁਖੀ ਹੋ ਚੁੱਕੇ ਭੁਪਿੰਦਰ ਨੂੰ ਹਲਕਾ ਵਿਧਾਇਕ ਬੁੱਧ ਰਾਮ ਦਾ ਫ਼ੋਨ ਆਇਆ ਅਤੇ 2-3 ਮਿੰਟ ਗੱਲਾਂ ਕਰਨ ਮਗਰੋਂ ਫ਼ੋਨ ਬੰਦ ਹੋ ਗਿਆ | ਫ਼ੋਨ ਆਉਣ ਤੋਂ ਬਾਅਦ ਉਹ ਹੋਰ ਜ਼ਿਆਦਾ ਪ੍ਰੇਸ਼ਾਨ ਹੋ ਗਿਆ ਅਤੇ ਮੋਟਰਸਾਈਕਲ ਲੈ ਕੇ ਘਰੋਂ ਚਲਾ ਗਿਆ | ਸ਼ਾਮ ਤੱਕ ਉਸ ਦਾ ਕੁਝ ਪਤਾ ਨਹੀਂ ਲੱਗਾ ਪਰ ਉਨ੍ਹਾਂ ਦਾ ਪਰਿਵਾਰ ਤੇ ਵਾਰਡ ਦੇ ਲੋਕ ਉਸ ਦੀ ਦੇਰ ਰਾਤ ਤੱਕ ਭਾਲ ਕਰਦੇ ਰਹੇ | ਸਵੇਰੇ ਫਿਰ ਜਦੋਂ ਉਹ ਭਾਲ 'ਤੇ ਨਿਕਲੇ ਤਾਂ ਰੋਜਾਂਵਾਲੀ, ਲੱਖੀਵਾਲਾ ਤੇ ਪਿੰਡ ਬਾਹਮਣਵਾਲਾ ਕੋਲ ਭਾਖੜਾ ਨਹਿਰ 'ਤੇ ਉਸ ਦਾ ਮੋਟਰਸਾਈਕਲ ਅਤੇ ਚੱਪਲਾਂ ਪਈਆਂ ਮਿਲੀਆਂ | ਇਸ ਉਪਰੰਤ ਉਨ੍ਹਾਂ ਪੁਲਿਸ ਕੋਲ ਰਿਪੋਰਟ ਦਰਜ ਕਰਵਾ ਕੇ ਗੋਤਾਖੋਰ ਮੰਗਵਾਏ ਅਤੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ | ਹਾਲ ਦੀ ਘੜੀ ਕਸਬੇ ਦੇ ਲੋਕ ਭੁਪਿੰਦਰ ਨੂੰ ਭਾਖੜਾ ਨਹਿਰ 'ਚੋਂ ਲੱਭ ਰਹੇ ਹਨ | ਉਸ ਦੇ ਭਰਾ ਰਿੰਕੂ ਦਾ ਦੋਸ਼ ਹੈ ਕਿ ਵਿਧਾਇਕ ਵਲੋਂ ਦੂਜੇ ਮੁਲਾਜ਼ਮਾਂ ਦੀ ਗੱਲ ਸੁਣ ਕੇ ਉਸ ਦੇ ਭਰਾ ਨੂੰ ਧਮਕਾਇਆ ਗਿਆ ਸੀ, ਤੋਂ ਭਖ ਕੇ ਵਿਧਾਇਕ ਨੇ ਉਸ ਨੂੰ ਬੁਰਾ ਭਲਾ ਕਿਹਾ ਅਤੇ ਉਹ ਮਾਨਸਿਕ ਪ੍ਰੇਸ਼ਾਨ ਹੋ ਕੇ ਬੌਂਦਲ ਗਿਆ, ਜਿਸ ਕਾਰਨ ਉਹ ਘਰੋਂ ਚਲਾ ਗਿਆ ਅਤੇ ਭਾਲ ਕਰਨ 'ਤੇ ਉਸ ਦਾ ਮੋਟਰਸਾਈਕਲ ਤੇ ਚੱਪਲਾਂ ਭਾਖੜਾ ਕੋਲੋਂ ਬਰਾਮਦ ਹੋਈਆਂ ਹਨ |
ਵਿਧਾਇਕ ਨੇ ਲਗਾਏ ਦੋਸ਼ਾਂ ਨੂੰ ਨਕਾਰਿਆ
ਉਕਤ ਮਾਮਲੇ ਬਾਰੇ ਜਦੋਂ ਵਿਧਾਇਕ ਬੁੱਧ ਰਾਮ ਨਾਲ ਗੱਲ ਕਰ ਕੇ ਉਨ੍ਹਾਂ ਦਾ ਪੱਖ ਜਾਣਨਾ ਚਾਹਿਆ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਨਾਲ ਉਨ੍ਹਾਂ ਦਾ ਕੋਈ ਸੰਬੰਧ ਨਹੀਂ, ਸਗੋਂ ਉਹ ਤਾਂ ਮੁੱਖ ਮੰਤਰੀ ਦੀ ਰੈਲੀ ਲਈ ਬੱਸਾਂ ਭੇਜਣ 'ਚ ਰੁੱਝੇ ਹੋਏ ਸਨ | ਇਸ ਬਾਰੇ ਭੁਪਿੰਦਰ ਤੇ ਦੂਜੇ ਮੁਲਾਜ਼ਮਾਂ ਵਿਚਕਾਰ ਕੀ ਵਾਪਰਿਆ, ਬਾਰੇ ਉਹ ਕੁਝ ਨਹੀਂ ਜਾਣਦੇ, ਸਗੋਂ ਕੁਝ ਵਿਅਕਤੀਆਂ ਵਲੋਂ ਉਨ੍ਹਾਂ ਦਾ ਨਾਂਅ ਵਰਤ ਕੇ ਮਾਮਲੇ ਨੂੰ ਰਾਜਸੀ ਰੰਗਤ ਦੇਣ ਦਾ ਯਤਨ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਭੁਪਿੰਦਰ, ਉਸ ਦਾ ਪਿਤਾ, ਭਰਾ ਅਤੇ ਪਰਿਵਾਰ ਮੁੱਢ ਤੋਂ ਹੀ ਪਾਰਟੀ ਨਾਲ ਰਹੇ ਹਨ | ਲਗਾਤਾਰ ਪਾਰਟੀ ਕੰਮਾਂ ਅਤੇ ਲੋਕਾਂ ਦੇ ਕੰਮਾਂ 'ਚ ਰੁੱਝੇ ਹੋਣ ਕਾਰਨ ਉਹ ਇਹੋ ਜਿਹੇ ਮਾਮਲੇ ਬਾਰੇ ਕੁਝ ਵੀ ਦਖ਼ਲ ਨਹੀਂ ਕਰਦੇ | ਖ਼ਬਰ ਲਿਖੇ ਜਾਣ ਤੱਕ ਭੁਪਿੰਦਰ ਦਾ ਕੋਈ ਥਹੁ ਪਤਾ ਨਹੀਂ ਲੱਗ ਸਕਿਆ | ਪਰਿਵਾਰ ਅਤੇ ਰਿਸ਼ਤੇਦਾਰਾਂ ਸਮੇਤ ਨਗਰ ਵਾਸੀ ਨਹਿਰ ਦੀਆਂ ਪਟੜੀਆਂ ਤੋਂ ਸੰਗਲੀ ਕੁੰਡੇ ਸੁੱਟ ਕੇ ਪੜਤਾਲ ਕਰ ਰਹੇ ਹਨ | ਉੱਧਰ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ |

ਪਿਛਲੀ ਖ਼ਬਰ ਭੀਖੀ ਡਿਸਟ੍ਰੀਬਿਊਟਰੀ 'ਚ ਪਾੜ ਪੈਣ ਨਾਲ ਸੈਂਕੜੇ ਏਕੜ ਜ਼ਮੀਨ 'ਚ ਪਾਣੀ ਭਰਿਆ <br/> ਅਗਲੀ ਖ਼ਬਰ ਤਲਵੰਡੀ ਸਾਬੋ ਤਾਪ ਘਰ ਬਣਾਂਵਾਲਾ ਬਿਜਲੀ ਦੀ ਥੁੜ ਨੂੰ ਪੂਰਾ ਕਰਨ ਲਈ ਵਚਨਬੱਧ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।