ਤਲਵੰਡੀ ਸਾਬੋ, 31 ਮਾਰਚ (ਰਣਜੀਤ ਸਿੰਘ ਰਾਜੂ)-ਪੰਜਾਬ ਨੰਬਰਦਾਰ ਯੂਨੀਅਨ ਇਕਾਈ ਤਲਵੰਡੀ ਸਾਬੋ ਵਲੋਂ ਯੂਨੀਅਨ ਦੇ 38ਵੇਂ ਸਥਾਪਨਾ ਦਿਵਸ ਮੌਕੇ ਗੁ: ਬੁੰਗਾ ਮਸਤੂਆਣਾ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਉਣ ਉਪਰੰਤ ਇੱਕ ਮੀਟਿੰਗ ਕਰਦਿਆਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੋਂ ਨੰਬਰਦਾਰਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਮੰਗ ਕਰਦਿਆਂ ਮੰਗਾਂ ਪੂਰੀਆਂ ਨਾ ਹੋਣ ਦੀ ਸੂਰਤ 'ਚ ਉਲੀਕੇ ਜਾਣ ਵਾਲੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਗਈ | ਮੀਟਿੰਗ ਦੌਰਾਨ ਯੂਨੀਅਨ ਦੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ 2022 ਵਿਧਾਨ ਸਭਾ ਚੋਣਾਂ ਨੰਬਰਦਾਰਾਂ ਵਲੋਂ ਆਮ ਆਦਮੀ ਪਾਰਟੀ ਦਾ ਸਮੱਰਥਨ ਕਰਦਿਆਂ ਸਰਕਾਰ ਬਣਾਉਣ 'ਚ ਅਹਿਮ ਰੋਲ ਅਦਾ ਕੀਤਾ ਗਿਆ ਸੀ, ਪਰ ਅਫ਼ਸੋਸ ਕਿ ਉਸ ਸਮੇਂ 'ਆਪ' ਆਗੂਆਂ ਵਲੋਂ ਨੰਬਰਦਾਰਾਂ ਨਾਲ ਕੀਤੇ ਵਾਅਦੇ ਅੱਜ ਤੱਕ ਪੂਰੇ ਨਹੀ ਹੋਏ | ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭਾਕਰ ਸਿੰਘ ਨੇ ਦੱਸਿਆ ਕਿ ਸਮੂਹ ਨੰਬਰਦਾਰ 2 ਅਪ੍ਰੈਲ ਨੂੰ ਜ਼ਿਲ੍ਹਾ ਹੈੱਡਕੁਆਟਰਾਂ 'ਤੇ ਇਕੱਠੇ ਹੋ ਕੇ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣਗੇ | ਉਨ੍ਹਾਂ ਮੁਤਾਬਿਕ ਉਕਤ ਮੰਗ ਪੱਤਰ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਨੰਬਰਦਾਰਾਂ ਨਾਲ ਕੀਤੀਆਂ ਗਾਰੰਟੀਆਂ ਨੂੰ ਯਾਦ ਕਰਵਾਉਣ ਸਬੰਧੀ ਦਿੱਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਅਜੇ ਵੀ ਨੰਬਰਦਾਰਾਂ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਤਾਂ ਆਗਾਮੀ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ | ਤਹਿਸੀਲ ਪ੍ਰਧਾਨ ਗੁਰਪਾਲ ਸਿੰਘ ਨੰਬਰਦਾਰ ਨੇ ਸਾਰੇ ਨੰਬਰਦਾਰ ਸਾਥੀਆਂ ਨੂੰ 2 ਅਪ੍ਰੈਲ ਨੂੰ ਸਵੇਰੇ 10 ਵਜੇ ਡੀ.ਸੀ ਦਫ਼ਤਰ ਪੁੱਜਣ ਦੀ ਅਪੀਲ ਕੀਤੀ | ਮੀਟਿੰਗ 'ਚ ਜਸਵਿੰਦਰ ਸਿੰਘ ਰਾਣਾ ਸਹਾਇਕ ਸਕੱਤਰ ਪੰਜਾਬ, ਗੁਰਦੀਪ ਸਿੰਘ ਬੰਗੀ ਮੀਤ ਪ੍ਰਧਾਨ, ਬਲਕਰਨ ਸਿੰਘ ਸੰਗਤ ਜਨਰਲ ਸਕੱਤਰ, ਜਗਤਾਰ ਸਿੰਘ ਬਹਿਮਣ ਖ਼ਜ਼ਾਨਚੀ, ਅਮਰਜੀਤ ਗਿਆਨਾ, ਤਰਸੇਮ ਸ਼ੇਖਪੁਰਾ, ਨਰਵਿੰਦਰ ਬੰਗੀ, ਲਾਭਵੀਰ ਸੇਖੂ, ਜਸਵੰਤ ਸੁਖਲੱਧੀ ਤੋਂ ਇਲਾਵਾ ਪੰਜਾਬ ਚੌਕੀਦਾਰ ਯੂਨੀਅਨ ਦੇ ਨੁਮਾਇੰਦੇ ਮੌਜੂਦ ਰਹੇ |
ਨੰਬਰਦਾਰ ਯੂਨੀਅਨ ਦੀ ਮੀਟਿੰਗ ਦੌਰਾਨ ਸਰਕਾਰ ਤੋਂ ਮੰਗਾਂ ਪੂਰੀਆਂ ਕਰਨ ਦੀ ਰੱਖੀ ਮੰਗ, 2 ਨੂੰ ਦੇਣਗੇ ਮੰਗ-ਪੱਤਰ
ਅਜੀਤ ਡੈਸਕ
01-04-2026