ਸੰਗਤ ਮੰਡੀ, 30 ਮਾਰਚ (ਸੁਖਤੇਜ ਧਾਲੀਵਾਲ)-ਇੱਥੋਂ ਨੇੜਲੇ ਪਿੰਡ ਬਾਂਡੀ ਵਿਖੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਵਲੋਂ ਸਮੂਹ ਨਗਰ ਅਤੇ ਐਨ ਆਰ. ਆਈ. ਕਲੱਬ ਦੇ ਸਹਿਯੋਗ ਨਾਲ 17ਵਾਂ ਸ਼ਾਨਦਾਰ ਤਿੰਨ ਦਿਨਾਂ ਪੇਂਡੂ ਕਬੱਡੀ ਖੇਡ ਮੇਲਾ ਪਿੰਡ ਦੇ ਖੇਡ ਗਰਾਊਾਡ ਵਿਚ ਕਰਵਾਇਆ ਗਿਆ, ਜੋ ਅਮਿੱਟ ਯਾਦਾਂ ਛੱਡਦਾ ਹੋਇਆ ਸ਼ਾਨੋ ਸ਼ੌਕਤ ਨਾਲ ਸੰਪਨ ਹੋਇਆ | ਤਿੰਨ ਦਿਨ ਚੱਲੇ, ਇਸ ਖੇਡ ਮੇਲੇ ਵਿਚ ਵੱਡੀ ਗਿਣਤੀ ਪੁੱਜੇ ਦਰਸ਼ਕਾਂ ਨੇ ਮਾਂ ਖੇਡ ਕਬੱਡੀ ਦਾ ਖੂਬ ਅਨੰਦ ਮਾਣਿਆ | ਪਹਿਲੇ ਦਿਨ ਖੇਡ ਮੇਲੇ ਦਾ ਉਦਘਾਟਨ ਬਲਾਕ ਸੰਮਤੀ ਮੈਂਬਰ ਮਨਜੀਤ ਸਿੰਘ ਢਿੱਲੋਂ, ਜਥੇਦਾਰ ਰਛਪਾਲ ਸਿੰਘ ਮਾਨ ਅਤੇ ਹੁਕਮ ਸਿੰਘ ਗਰੇਵਾਲ ਨੇ ਕੀਤਾ | ਉਨ੍ਹਾਂ ਕਲੱਬ ਨੂੰ ਸਹਾਇਤਾ ਰਾਸ਼ੀ ਅਤੇ ਹਰ ਤਰ੍ਹਾਂ ਦੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਇਸ ਖੇਡ ਮੇਲੇ ਵਿਚ ਪੰਜਾਬ ਅਤੇ ਹਰਿਆਣਾ ਤੋਂ ਵੱਖ-ਵੱਖ ਭਾਰ ਵਰਗ ਦੀਆਂ 70 ਨਾਮਵਰ ਟੀਮਾਂ ਨੇ ਭਾਗ ਲਿਆ | ਕਬੱਡੀ ਓਪਨ 'ਚ ਹੋਏ ਸਖ਼ਤ ਮੁਕਾਬਲੇ ਦੌਰਾਨ ਤੁੰਗਵਾਲੀ ਦੇ ਗੱਭਰੂਆਂ ਨੇ ਹਿੰਮਤਪੁਰਾ ਦੀ ਟੀਮ ਨੂੰ ਹਰਾਕੇ ਟੂਰਨਾਮੈਂਟ ਦੇ ਵੱਡੇ ਇਨਾਮ 'ਤੇ ਕਬਜ਼ਾ ਕੀਤਾ | ਓਪਨ 3 ਬਾਹਰੋਂ ਦੀਆਂ 30 ਟੀਮਾਂ 'ਚੋਂ ਨਿੱਤਰਕੇ ਸੈਮੀਫ਼ਾਈਨਲ 'ਚ ਪੁੱਜੀਆਂ 4 ਟੀਮਾਂ 'ਚੋਂ ਚੱਠੇਵਾਲਾ ਨੇ ਦਿਉਣ ਅਤੇ ਦੋਦਾ ਦੀ ਟੀਮ ਨੇ ਅਰਨੀਵਾਲਾ ਨੂੰ ਹਰਾਕੇ ਫ਼ਾਇਨਲ 'ਚ ਥਾਂ ਬਣਾਈ | ਫ਼ਾਈਨਲ 'ਚ ਪੁੱਜੀਆਂ ਚੱਠੇਵਾਲਾ ਤੇ ਦੋਦਾ ਦੀਆਂ ਟੀਮਾਂ ਵਿਚਕਾਰ ਸਖ਼ਤ ਭੇੜ ਹੋਏ ਜਿਸ ਵਿਚ ਚੱਠੇਵਾਲਾ ਦੀ ਟੀਮ ਨੇ ਡੇਢ ਨੰਬਰ ਨਾਲ ਜਿੱਤ ਪ੍ਰਾਪਤ ਕੀਤੀ | ਟੂਰਨਾਮੈਂਟ ਦੌਰਾਨ ਬੈਸਟ ਰੇਡਰ ਸੇਵਕ ਰੋਮਾਣਾ ਅਤੇ ਬੈੱਸਟ ਜਾਫ਼ੀ ਦੀਪੂ ਰੋਗਲਾ ਐਲਾਨੇ ਗਏ | ਜੇਤੂ ਟੀਮਾਂ ਨੂੰ ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ ਜਸਵਿੰਦਰ ਸਿੰਘ ਸ਼ਿੰਦਾ ਨੇ ਇਨਾਮ ਵੰਡੇ |