31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਧੁੰਦ ਦੇ ਮੌਸਮ 'ਚ ਸੁਰੱਖਿਅਤ ਅਤੇ ਨਿਰਵਿਘਨ ਰੇਲ ਸੰਚਾਲਨ ਲਈ ਲੋਕੋ ਪਾਇਲਟਾਂ ਵਲੋਂ ਵਰਤੀ ਜਾ ਰਹੀ ਚੌਕਸੀ

ਅਜੀਤ ਡੈਸਕ 24-01-2026
ਫ਼ਿਰੋਜ਼ਪੁਰ, 23 ਜਨਵਰੀ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਵਲੋਂ ਸਰਦੀਆਂ ਦੇ ਮੌਸਮ ਵਿਚ ਕੋਹਰੇ (ਧੁੰਦ) ਦੀ ਚੁਨੌਤੀ ਨੂੰ ਧਿਆਨ ਵਿਚ ਰੱਖਦੇ ਹੋਏ ਸੁਰੱਖਿਅਤ ਰੇਲ ਸੰਚਾਲਨ ਲਈ ਲੋਕੋ ਪਾਇਲਟਾਂ, ਟਰੇਨ ਮੈਨੇਜਰਾਂ (ਗਾਰਡਾਂ) ਅਤੇ ਸਟੇਸ਼ਨ ਸਟਾਫ਼ ਵਲੋਂ ਵਿਆਪਕ ਸਾਵਧਾਨੀ ਵਰਤੀ ਜਾ ਰਹੀ ਹੈ, ਤਾਂ ਜੋ ਟਰੇਨਾਂ ਦੀ ਆਵਾਜਾਈ ਸੁਰੱਖਿਅਤ ਤੇ ਸੁਚਾਰੂ ਰੂਪ 'ਚ ਬਣੀ ਰਹੇ | ਧੁੰਦ ਵਿਚ ਸਿਗਨਲਾਂ ਦੀ ਦਿ੍ਸ਼ਤਾ ਘੱਟ ਹੋਣ ਕਾਰਨ ਲੋਕੋ ਪਾਇਲਟ ਟਰੇਨਾਂ ਦੀ ਗਤੀ ਨੂੰ ਕੰਟਰੋਲ ਕਰਕੇ ਚਲਾਉਂਦੇ ਹਨ | ਰੇਲਵੇ ਵਲੋਂ ਲੋਕੋ ਪਾਇਲਟਾਂ ਨੂੰ 'ਫੋਗ ਪਾਸ ਡਿਵਾਈਸ' ਉਪਲਬਧ ਕਰਵਾਈ ਗਈ ਹੈ, ਜਿਸ ਨਾਲ ਲੋਕੋ ਕੈਬ ਵਿਚ ਹੀ ਆਉਣ ਵਾਲੇ ਸਿਗਨਲਾਂ ਦੀ ਸਹੀ ਦੂਰੀ ਦੀ ਜਾਣਕਾਰੀ ਮਿਲ ਜਾਂਦੀ ਹੈ | ਹਰੇਕ ਟਰੇਨ ਦੇ ਆਖ਼ਰੀ ਕੋਚ 'ਤੇ ਲਾਲ ਰੰਗ ਦੇ ਟੇਲ ਲੈਂਪ ਲਗਾਏ ਗਏ ਹਨ, ਤਾਂ ਜੋ ਪਿੱਛੇ ਤੋਂ ਆਉਣ ਵਾਲੀਆਂ ਟਰੇਨਾਂ ਨੂੰ ਸਪੱਸ਼ਟ ਚਿਤਾਵਨੀ ਮਿਲ ਸਕੇ | ਸਟੇਸ਼ਨਾਂ, ਲੈਵਲ ਕਰਾਸਿੰਗ ਗੇਟਾਂ ਤੇ ਸਿਗਨਲ ਵਾਲੀਆਂ ਥਾਵਾਂ 'ਤੇ 'ਲਿਊਮਿਨਸ ਪੇਂਟ' ਅਤੇ ਚਮਕਦਾਰ ਪੱਟੀਆਂ ਲਗਾਈਆਂ ਗਈਆਂ ਹਨ, ਤਾਂ ਜੋ ਘੱਟ ਰੌਸ਼ਨੀ ਜਾਂ ਧੁੰਦ ਵਿਚ ਵੀ ਸਿਗਨਲ ਸਾਫ਼ ਦਿਖਾਈ ਦੇਣ | ਰੇਲ ਸੰਚਾਲਨ ਨਾਲ ਜੁੜੇ ਸਾਰੇ ਕਰਮਚਾਰੀਆਂ ਨੂੰ ਹਰੇਕ ਸਟੇਸ਼ਨ 'ਤੇ ਵਿਸ਼ੇਸ਼ ਚੌਕਸੀ ਵਰਤਣ, ਸਿਗਨਲਾਂ ਦੀ ਸਥਿਤੀ ਬਾਰੇ ਪਹਿਲਾਂ ਤੋਂ ਜਾਣਕਾਰੀ ਰੱਖਣ ਅਤੇ ਕੰਟਰੋਲ ਰੂਮ ਨੂੰ ਨਿਯਮਤ ਤੌਰ 'ਤੇ ਸੂਚਿਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ | ਇਸ ਦੇ ਨਾਲ ਹੀ ਮੰਡਲ ਦੇ ਅਧਿਕਾਰੀਆਂ ਵਲੋਂ 'ਫੁੱਟ ਪਲੇਟ ਨਿਰੀਖਣ' ਰਾਹੀਂ ਲਗਾਤਾਰ ਨਿਗਰਾਨੀ ਵੀ ਕੀਤੀ ਜਾ ਰਹੀ ਹੈ | ਭਾਰਤੀ ਰੇਲਵੇ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਸੁਚੇਤ ਮਨੁੱਖੀ ਸ਼ਕਤੀ, ਤਕਨੀਕ ਤੇ ਮਜ਼ਬੂਤ ਕਾਰਜ ਪ੍ਰਣਾਲੀ ਰਾਹੀਂ ਸਰਦੀਆਂ ਦੀ ਧੁੰਦ ਦੌਰਾਨ ਵੀ ਰੇਲ ਯਾਤਰੀਆਂ ਦੀ ਸੁਰੱਖਿਆ ਸਰਬਉੱਚ ਤਰਜੀਹ ਬਣੀ ਰਹੇ | ਮੰਡਲ ਵਿਚ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਸਾਰੇ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਕੀਤੀ ਜਾਵੇ | ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਸਰਦੀਆਂ ਦੇ ਮੌਸਮ ਦੌਰਾਨ ਟਰੇਨਾਂ ਦੀ ਸੁਰੱਖਿਆ ਨੂੰ ਸਭ ਤੋਂ ਉੱਪਰ ਰੱਖਦਿਆਂ ਕਿਹਾ ਕਿ ਫ਼ਿਰੋਜ਼ਪੁਰ ਮੰਡਲ ਦੇ ਸਾਰੇ ਕਰਮਚਾਰੀਆਂ ਵਲੋਂ ਸੁਰੱਖਿਅਤ ਅਤੇ ਸੁਚਾਰੂ ਟਰੇਨ ਸੰਚਾਲਨ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ |
ਪਿਛਲੀ ਖ਼ਬਰ ਫ਼ਿਰੋਜ਼ਪੁਰ 'ਚ ਬਸੰਤ 'ਤੇ ਉੱਡੀ ਚਾਈਨਾ ਡੋਰ, ਬਿਆਨਾਂ 'ਚ ਉੱਡੀ 'ਪ੍ਰਸ਼ਾਸਨਿਕ ਤੇ ਸਮਾਜਿਕ' ਜ਼ਿੰਮੇਵਾਰੀ ਅਗਲੀ ਖ਼ਬਰ ਵਰਨਾ ਕਾਰ ਸਵਾਰ 20 ਕਿੱਲੋ ਭੁੱਕੀ ਚੂਰਾ ਸਮੇਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।