ਸ਼ੀਹਾਂਪਾੜੀ ਵਿਖੇ ਫੂਡ ਸੇਫ਼ਟੀ ਵਿਭਾਗ ਵਲੋਂ ਛਾਪੇਮਾਰੀ ਦੌਰਾਨ ਖੋਏ ਦੇ ਨਮੂਨੇ ਭਰੇ
ਜ਼ੀਰਾ, 5 ਨਵੰਬਰ (ਪ੍ਰਤਾਪ ਸਿੰਘ ਹੀਰਾ)-ਜ਼ਿਲ੍ਹਾ ਫ਼ਿਰੋਜ਼ਪੁਰ ਦੇ ਲੋਕਾਂ ਨੂੰ ਸਾਫ਼-ਸੁਥਰੀਆਂ, ਸੁਰੱਖਿਅਤ ਅਤੇ ਮਿਲਾਵਟ ਰਹਿਤ ਖਾਣ-ਪੀਣ ਵਾਲੀਆਂ ਵਸਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਫੂਡ ਸੇਫ਼ਟੀ ਵਿਭਾਗ ਵਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਵਿਭਾਗ ਦੀ ਟੀਮ ਨੇ ਜ਼ੀਰਾ ਨੇੜਲੇ ਪਿੰਡ ਸ਼ੀਹਾਂਪਾੜੀ ਵਿਖੇ ਸਥਿਤ ਖੋਆ ਤਿਆਰ ਕਰਨ ਵਾਲੀਆਂ ਦੋ ਮੈਨੂਫੈਕਚਰਿੰਗ ਯੂਨਿਟਾਂ-’ਗੱਬਰ ਸਵੀਟਸ’ ਅਤੇ ’ਫ਼ੌਜੀ ਸਵੀਟਸ’ ਵਿਖੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ।
ਪ
ਪਿੰਡ ਸ਼ੀਹਾਂਪਾੜੀ ਵਿਖੇ ਜਾਂਚ ਕਰਦੇ ਹੋਏ ਫੂਡ ਸੇਫ਼ਟੀ ਅਫ਼ਸਰ। ਤਸਵੀਰ-ਪ੍ਰਤਾਪ ਸਿੰਘ ਹੀਰਾ
06-11-2026
ਜ਼ੀਰਾ, 5 ਨਵੰਬਰ (ਪ੍ਰਤਾਪ ਸਿੰਘ ਹੀਰਾ)-ਜ਼ਿਲ੍ਹਾ ਫ਼ਿਰੋਜ਼ਪੁਰ ਦੇ ਲੋਕਾਂ ਨੂੰ ਸਾਫ਼-ਸੁਥਰੀਆਂ, ਸੁਰੱਖਿਅਤ ਅਤੇ ਮਿਲਾਵਟ ਰਹਿਤ ਖਾਣ-ਪੀਣ ਵਾਲੀਆਂ ਵਸਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਫੂਡ ਸੇਫ਼ਟੀ ਵਿਭਾਗ ਵਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਵਿਭਾਗ ਦੀ ਟੀਮ ਨੇ ਜ਼ੀਰਾ ਨੇੜਲੇ ਪਿੰਡ ਸ਼ੀਹਾਂਪਾੜੀ ਵਿਖੇ ਸਥਿਤ ਖੋਆ ਤਿਆਰ ਕਰਨ ਵਾਲੀਆਂ ਦੋ ਮੈਨੂਫੈਕਚਰਿੰਗ ਯੂਨਿਟਾਂ-’ਗੱਬਰ ਸਵੀਟਸ’ ਅਤੇ ’ਫ਼ੌਜੀ ਸਵੀਟਸ’ ਵਿਖੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ। ਇਸ ਚੈਕਿੰਗ ਦੀ ਅਗਵਾਈ ਜ਼ਿਲ੍ਹਾ ਫੂਡ ਸੇਫ਼ਟੀ ਅਫ਼ਸਰ ਅਭਿਨਵ ਖੋਸਲਾ ਵਲੋਂ ਕੀਤੀ ਗਈ। ਜਾਂਚ ਦੌਰਾਨ ਦੋਵਾਂ ਯੂਨਿਟਾਂ ਤੋਂ ਖੋਏ ਦੇ ਸੈਂਪਲ ਭਰੇ ਗਏ। ਕਾਰਵਾਈ ਦੌਰਾਨ ਟੀਮ ਨੇ ਫ਼ੌਜੀ ਸਵੀਟਸ ਤੋਂ ਕਰੀਬ 5 ਕੁਇੰਟਲ ਖੋਆ ਸ਼ੱਕੀ ਪਾਏ ਜਾਣ ’ਤੇ ਸੀਲ ਕਰ ਦਿੱਤਾ। ਇਸ ਤੋਂ ਇਲਾਵਾ ਜ਼ੀਰਾ ਸ਼ਹਿਰ ਵਿਖੇ ਸਥਿਤ ’ਕਰਮ ਚੰਦ ਸਵੀਟਸ’ ਤੋਂ ਚਾਂਦੀ ਦੇ ਵਰਕ ਵਾਲੀ ਕਾਜੂ ਕਤਲੀ ਬਰਫ਼ੀ ਦਾ ਸੈਂਪਲ ਲੈ ਕੇ ਵੀ ਲੈਬਾਰਟਰੀ ਜਾਂਚ ਲਈ ਭੇਜਿਆ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੂਡ ਸੇਫ਼ਟੀ ਅਫ਼ਸਰ ਅਭਿਨਵ ਖੋਸਲਾ ਨੇ ਦੱਸਿਆ ਕਿ ਲਏ ਗਏ ਸਾਰੇ ਸੈਂਪਲ ਜਾਂਚ ਲਈ ਲੈਬਾਰਟਰੀ ਭੇਜ ਦਿੱਤੇ ਗਏ ਹਨ ਅਤੇ ਦੋ ਦਿਨਾਂ ਦੇ ਅੰਦਰ-ਅੰਦਰ ਤਰਜੀਹੀ ਆਧਾਰ ’ਤੇ ਰਿਪੋਰਟ ਮੰਗਵਾਈ ਜਾਵੇਗੀ। ਉਨ੍ਹਾਂ ਸਪਸ਼ਟ ਕੀਤਾ ਕਿ ਜੇਕਰ ਜਾਂਚ ਰਿਪੋਰਟ ਵਿਚ ਖੋਆ ਗੈਰ-ਮਿਆਰੀ ਜਾਂ ਮਿਲਾਵਟੀ ਪਾਇਆ ਗਿਆ, ਤਾਂ ਸਬੰਧਿਤ ਯੂਨਿਟਾਂ ਵਿਰੁੱਧ ’ਫੂਡ ਸੇਫ਼ਟੀ ਐਂਡ ਸਟੈਂਡਰਡ ਐਕਟ, 2006’ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਮਠਿਆਈਆਂ ਅਤੇ ਦੁੱਧ ਉਤਪਾਦ ਤਿਆਰ ਕਰਨ ਵਾਲੇ ਸਮੂਹ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੂੰ ਹਦਾਇਤ ਕੀਤੀ ਕਿ ਕੱਚੇ ਮਾਲ ਦੀ ਗੁਣਵੱਤਾ, ਸਾਫ਼-ਸਫ਼ਾਈ ਅਤੇ ਸਟੋਰੇਜ ਦੇ ਨਿਯਮਾਂ ਦੀ ਪੂਰੀ ਪਾਲਣਾ ਕੀਤੀ ਜਾਵੇ। ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਹੋਵੇਗਾ। ਅਧਿਕਾਰੀ ਨੇ ਦੱਸਿਆ ਕਿ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਅਨਸਰਾਂ ਵਿਰੁੱਧ ਇਹ ਮੁਹਿੰਮ ਆਉਣ ਵਾਲੇ ਦਿਨਾਂ ਵਿਚ ਵੀ ਨਿਰੰਤਰ ਜਾਰੀ ਰਹੇਗੀ।