ਬੇਦੀ ਕਾਲੋਨੀ ਵਿਖੇ ਘਰ ’ਚ ਅੱਗ ਲੱਗਣ ਕਾਰਨ ਸਾਮਾਨ ਸੜ ਕੇ ਸੁਆਹ
ਪੀੜਤ ਦਾ ਦੋਸ਼, ਕਾਲੋਨੀ ਦੇ ਗੇਟਾਂ ਤੇ ਬੇਢੰਗੀਆਂ ਤਾਰਾਂ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕਰੀਬ 25 ਮਿੰਟ ਦੇਰੀ ਨਾਲ ਪਹੁੰਚੀਆਂ
ਫ਼ਿਰੋਜ਼ਪੁਰ, 19 ਅਕਤੂਬਰ (ਸੁਖਵਿੰਦਰ ਸਿੰਘ)– ਸ਼ਹਿਰ ਦੀ ਬੇਦੀ ਕਾਲੋਨੀ ਫੇਸ-1 ਵਿਚ ਬੀਤੀ ਰਾਤ ਕਰੀਬ 10:30 ਵਜੇ ਬਿਜਲੀ ਦੀਆਂ ਤਾਰਾਂ ’ਚ ਸਪਾਰਕਿੰਗ ਹੋਣ ਕਾਰਨ ਇਕ ਘਰ ਵਿਚ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਘਰ ਵਿਚ ਪਿਆ ਕੱਪੜਾ, ਗਹਿਣੇ, ਨਕਦੀ ਅਤੇ ਹੋਰ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ।
ਅ
ਅੱਗ ਲੱਗਣ ਨਾਲ ਘਰ ’ਚ ਸੜੇ ਹੋਏ ਸਾਮਾਨ ਦੀ ਤਸਵੀਰ। (ਹਾਸ਼ੀਏ ’ਚ) ਜਾਣਕਾਰੀ ਦਿੰਦੇ ਹੋਏ ਪੀੜਿਤ ਸੋਨੂੰ ਚੌਧਰੀ। ਤਸਵੀਰਾਂ- ਸੁਖਵਿੰਦਰ ਸਿੰਘ
20-10-2026
ਫ਼ਿਰੋਜ਼ਪੁਰ, 19 ਅਕਤੂਬਰ (ਸੁਖਵਿੰਦਰ ਸਿੰਘ)– ਸ਼ਹਿਰ ਦੀ ਬੇਦੀ ਕਾਲੋਨੀ ਫੇਸ-1 ਵਿਚ ਬੀਤੀ ਰਾਤ ਕਰੀਬ 10:30 ਵਜੇ ਬਿਜਲੀ ਦੀਆਂ ਤਾਰਾਂ ’ਚ ਸਪਾਰਕਿੰਗ ਹੋਣ ਕਾਰਨ ਇਕ ਘਰ ਵਿਚ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਘਰ ਵਿਚ ਪਿਆ ਕੱਪੜਾ, ਗਹਿਣੇ, ਨਕਦੀ ਅਤੇ ਹੋਰ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਪੀੜਤ ਪਰਿਵਾਰ ਵਲੋਂ ਇਸ ਘਟਨਾ ਵਿਚ ਕਰੀਬ 5 ਤੋਂ 7 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਪੀੜਤ ਨੇ ਦੋਸ਼ ਲਾਇਆ ਕਿ ਫਾਇਰ ਬ੍ਰਿਗੇਡ ਦੀ ਗੱਡੀ ਸਮੇਂ ਸਿਰ ਘਰ ਤੱਕ ਨਾ ਪਹੁੰਚ ਸਕਣ ਕਾਰਨ ਨੁਕਸਾਨ ਵਧ ਗਿਆ। ਪੀੜਤ ਸੋਨੂੰ ਚੌਧਰੀ ਨੇ ਦੱਸਿਆ ਕਿ ਰਾਤ ਕਰੀਬ 10:30 ਵਜੇ ਪਰਿਵਾਰ ਸੌਣ ਦੀ ਤਿਆਰੀ ਕਰ ਰਿਹਾ ਸੀ ਕਿ ਅਚਾਨਕ ਘਰ ਵਿਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਪਰਿਵਾਰਕ ਮੈਂਬਰਾਂ ਨੂੰ ਤੁਰੰਤ ਘਰੋਂ ਬਾਹਰ ਕੱਢਿਆ ਗਿਆ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਉਨ੍ਹਾਂ ਮੁਤਾਬਕ ਫਾਇਰ ਬ੍ਰਿਗੇਡ ਦੀ ਗੱਡੀ ਤਾਂ ਜਲਦੀ ਪਹੁੰਚ ਗਈ ਪਰ ਕਾਲੋਨੀ ਦੇ ਬਾਹਰ ਲੱਗੇ ਗੇਟਾਂ ਤੇ ਬੇਢੰਗੇ ਢੰਗ ਨਾਲ ਪਾਈਆਂ ਵਾਈਫਾਈ ਤੇ ਹੋਰ ਤਾਰਾਂ ਕਾਰਨ ਗੱਡੀ ਨੂੰ ਘਰ ਤੱਕ ਪਹੁੰਚਣ ਵਿਚ ਕਰੀਬ 20 ਤੋਂ 25 ਮਿੰਟ ਲੱਗ ਗਏ। ਇਸ ਦੌਰਾਨ ਅੱਗ ਨੇ ਘਰ ਦੇ ਸਾਮਾਨ ਨੂੰ ਆਪਣੀ ਲਪੇਟ ਵਿਚ ਲੈ ਲਿਆ ਤੇ ਪਰਿਵਾਰ ਦਾ ਸਭ ਕੁਝ ਸੜ ਕੇ ਸੁਆਹ ਹੋ ਗਿਆ। ਪੀੜਤ ਦੇ ਦੋਸਤ ਨਰਿੰਦਰ ਸਿੰਘ ਨੇ ਦੱਸਿਆ ਕਿ ਕਾਲੋਨੀ ਦੇ ਬਾਹਰ ਲੱਗੇ ਗੇਟਾਂ ਦੀ ਸਮੇਂ ਸਿਰ ਮੁਰੰਮਤ ਨਾ ਹੋਣ ਕਾਰਨ ਐਮਰਜੈਂਸੀ ਦੌਰਾਨ ਉਨ੍ਹਾਂ ਨੂੰ ਖੋਲ੍ਹਣ ਵਿਚ ਦੇਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸੇ ਕਾਰਨ ਫਾਇਰ ਬ੍ਰਿਗੇਡ ਦੀ ਗੱਡੀ ਘਰ ਤੱਕ ਪਹੁੰਚਣ ਵਿਚ ਦੇਰੀ ਦਾ ਸ਼ਿਕਾਰ ਹੋਈ ਤੇ ਪਰਿਵਾਰ ਦਾ ਨੁਕਸਾਨ ਵਧ ਗਿਆ। ਇਸ ਘਟਨਾ ਨੇ ਕਾਲੋਨੀ ਵਿਚ ਐਮਰਜੈਂਸੀ ਵਾਹਨਾਂ ਦੀ ਨਿਰਵਿਘਨ ਆਵਾਜਾਈ ਤੇ ਗੇਟਾਂ ਦੀ ਸਹੀ ਦੇਖਭਾਲ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ।