ਬੈਂਕ ਵਲੋਂ ਦੁਕਾਨਦਾਰ-ਕਿਸਾਨ ਦੀ ਜਗ੍ਹਾ ਦੀ ਕੁਰਕੀ ਕਰਨ ਦੀ ਕੋਸ਼ਿਸ਼ ਦਾ ਕਿਸਾਨ ਜਥੇਬੰਦੀ ਨੇ ਕੀਤਾ ਵਿਰੋਧ
ਗੁਰੂਹਰਸਹਾਏ 31 ਅਗਸਤ (ਕਪਿਲ ਕੰਧਾਰੀ)-ਗੁਰੂਹਰਸਹਾਏ ਦੇ ਨਾਲ ਲੱਗਦੇ ਪਿੰਡ ਅਲਫੁੂਕੇ ਦੇ ਇਕ ਦੁਕਾਨਦਾਰ-ਕਿਸਾਨ ਵਲੋਂ ਕਰੀਬ 10 ਲੱਖ ਰੁਪਏ ਦਾ ਬੈਂਕ ਕਰਜ਼ਾ ਲੈਣ ਦੇ ਮਾਮਲੇ ਵਿਚ ਉਸ ਦੀ ਜਗ੍ਹਾ ਦੀ ਕੁਰਕੀ ਕਰਨ ਪਹੁੰਚੇ ਬੈਂਕ ਅਧਿਕਾਰੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂਆਂ ਅਤੇ ਕਿਸਾਨਾਂ ਵਲੋਂ ਵਿਰੋਧ ਕੀਤਾ ਗਿਆ। ਕਿਸਾਨਾਂ ਦੇ ਵਿਰੋਧ ਨੂੰ ਦੇਖਦਿਆਂ ਬੈਂਕ ਅਧਿਕਾਰੀ ਅਤੇ ਕਰਮਚਾਰੀ ਮੌਕੇ ਤੋਂ ਵਾਪਸ ਚਲੇ ਗਏ।
ਗੁਰੂਹਰਸਹਾਏ 31 ਅਗਸਤ (ਕਪਿਲ ਕੰਧਾਰੀ)-ਗੁਰੂਹਰਸਹਾਏ ਦੇ ਨਾਲ ਲੱਗਦੇ ਪਿੰਡ ਅਲਫੁੂਕੇ ਦੇ ਇਕ ਦੁਕਾਨਦਾਰ-ਕਿਸਾਨ ਵਲੋਂ ਕਰੀਬ 10 ਲੱਖ ਰੁਪਏ ਦਾ ਬੈਂਕ ਕਰਜ਼ਾ ਲੈਣ ਦੇ ਮਾਮਲੇ ਵਿਚ ਉਸ ਦੀ ਜਗ੍ਹਾ ਦੀ ਕੁਰਕੀ ਕਰਨ ਪਹੁੰਚੇ ਬੈਂਕ ਅਧਿਕਾਰੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂਆਂ ਅਤੇ ਕਿਸਾਨਾਂ ਵਲੋਂ ਵਿਰੋਧ ਕੀਤਾ ਗਿਆ। ਕਿਸਾਨਾਂ ਦੇ ਵਿਰੋਧ ਨੂੰ ਦੇਖਦਿਆਂ ਬੈਂਕ ਅਧਿਕਾਰੀ ਅਤੇ ਕਰਮਚਾਰੀ ਮੌਕੇ ਤੋਂ ਵਾਪਸ ਚਲੇ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਮਹਿਮਾ , ਗੁਰਨਾਮ ਸਿੰਘ ਨੇ ਦੱਸਿਆ ਕਿ ਪਿੰਡ ਅਲਫੁੂਕੇ ਦੇ ਉਕਤ ਦੁਕਾਨਦਾਰ-ਕਿਸਾਨ ਨੇ ਕਰੀਬ ਦੋ ਸਾਲ ਪਹਿਲਾਂ ਕਿਸੇ ਬੈਂਕ ਤੋਂ ਲਗਭਗ 10 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਕਰਜ਼ਾ ਲੈਣ ਸਮੇਂ ਉਸ ਵਲੋਂ ਬੈਂਕ ਨੂੰ ਸੁਰੱਖਿਆ ਵਜੋਂ ਕੁੱਝ ਚੈੱਕ ਦਿੱਤੇ ਗਏ ਸਨ। ਕਿਸਾਨ ਦਾ ਦੋਸ਼ ਹੈ ਕਿ ਕਰਜ਼ਾ ਪਾਸ ਹੋਣ ਤੋਂ ਬਾਅਦ ਬੈਂਕ ਦੇ ਕਿਸੇ ਕਰਮਚਾਰੀ ਵਲੋਂ ਕਥਿਤ ਤੌਰ ’ਤੇ ਸੁਰੱਖਿਆ ਲਈ ਦਿੱਤੇ ਚੈੱਕ ਦੀ ਵਰਤੋਂ ਕਰਦਿਆਂ ਉਸ ਦੇ ਖਾਤੇ ਵਿਚੋਂ 2 ਲੱਖ ਰੁਪਏ ਕਢਵਾ ਲਏ ਗਏ। ਕਿਸਾਨ ਦੇ ਮੋਬਾਈਲ ’ਤੇ ਜਦੋਂ ਖਾਤੇ ਵਿਚੋਂ 2 ਲੱਖ ਰੁਪਏ ਕਢਵਾਏ ਜਾਣ ਦਾ ਮੈਸੇਜ ਆਇਆ ਤਾਂ ਉਸ ਨੇ ਤੁਰੰਤ ਬੈਂਕ ਪਹੁੰਚ ਕੇ ਆਪਣਾ ਖਾਤਾ ਫਰੀਜ਼ ਕਰਵਾ ਦਿੱਤਾ। ਕਿਸਾਨ ਦਾ ਕਹਿਣਾ ਹੈ ਕਿ ਖਾਤਾ ਫਰੀਜ਼ ਹੋਣ ਕਾਰਨ ਉਸ ਨੂੰ ਫੀਡ ਫ਼ੈਕਟਰੀ ਲਗਾਉਣ ਲਈ ਲੋੜੀਂਦੀ ਰਕਮ ਨਹੀਂ ਮਿਲ ਸਕੀ, ਜਿਸ ਕਾਰਨ ਉਸ ਨੂੰ ਕਥਿਤ ਤੌਰ ’ਤੇ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਿਸਾਨ ਮੁਤਾਬਿਕ ਇਸ ਦੇ ਬਾਵਜੂਦ ਉਹ ਕਰੀਬ ਡੇਢ ਸਾਲ ਤੱਕ ਬੈਂਕ ਵਲੋਂ ਨਿਰਧਾਰਿਤ ਮਹੀਨਾਵਾਰ ਕਿਸ਼ਤਾਂ ਭਰਦਾ ਰਿਹਾ। ਹੁਣ ਬੈਂਕ ਵਲੋਂ ਉਸ ਨੂੰ ਡਿਫਾਲਟਰ ਐਲਾਨਦਿਆਂ ਉਸ ਦੀ ਜਗਹਾ ਦੀ ਕੁਰਕੀ ਕਰਨ ਲਈ ਅਧਿਕਾਰੀ ਅਤੇ ਪ੍ਰਸ਼ਾਸਨਿਕ ਅਮਲਾ ਮੌਕੇ ’ਤੇ ਪਹੁੰਚਿਆ। ਇਸ ਮਾਮਲੇ ਦੀ ਜਾਣਕਾਰੀ ਮਿਲਣ ’ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂਆਂ ਅਤੇ ਵੱਡੀ ਗਿਣਤੀ ਵਿਚ ਕਿਸਾਨ ਮੌਕੇ ’ਤੇ ਪਹੁੰਚ ਗਏ। ਕਿਸਾਨਾਂ ਨੇ ਬੈਂਕ ਅਧਿਕਾਰੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਾਹਮਣੇ ਆਪਣਾ ਰੋਸ ਜ਼ਾਹਿਰ ਕਰਦਿਆਂ ਮੰਗ ਕੀਤੀ ਕਿ ਪਹਿਲਾਂ ਉਸ ਬੈਂਕ ਕਰਮਚਾਰੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇ, ਜਿਸ ’ਤੇ ਕਿਸਾਨ ਵਲੋਂ ਖਾਤੇ ਵਿਚੋਂ ਕਥਿਤ ਤੌਰ ’ਤੇ 2 ਲੱਖ ਰੁਪਏ ਕਢਵਾਉਣ ਦੇ ਦੋਸ਼ ਲਗਾਏ ਜਾ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਇਸ ਮਾਮਲੇ ਦੀ ਜਾਂਚ ਕਰਕੇ ਸਚਾਈ ਸਾਹਮਣੇ ਨਹੀਂ ਆਉਂਦੀ, ਉਦੋਂ ਤੱਕ ਕੁਰਕੀ ਦੀ ਕਾਰਵਾਈ ਨਾ ਕੀਤੀ ਜਾਵੇ। ਕਿਸਾਨਾਂ ਦੇ ਵਿਰੋਧ ਨੂੰ ਦੇਖਦਿਆਂ ਬੈਂਕ ਅਧਿਕਾਰੀ ਅਤੇ ਕਰਮਚਾਰੀ ਇਕ ਵਾਰ ਮੌਕੇ ਤੋਂ ਵਾਪਸ ਚਲੇ ਗਏ। ਖ਼ਬਰ ਲਿਖੇ ਜਾਣ ਤੱਕ ਦੁਕਾਨਦਾਰ-ਕਿਸਾਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂਆਂ, ਬੈਂਕ ਅਧਿਕਾਰੀਆਂ ਅਤੇ ਮੌਕੇ ’ਤੇ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚਕਾਰ ਇਸ ਮਾਮਲੇ ਨੂੰ ਲੈ ਕੇ ਗੱਲਬਾਤ ਜਾਰੀ ਸੀ। ਕਿਸਾਨਾਂ ਨੇ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਜੇਕਰ ਕਿਸੇ ਬੈਂਕ ਕਰਮਚਾਰੀ ਵਲੋਂ ਬੇਨਿਯਮੀ ਕੀਤੀ ਗਈ ਹੈ ਤਾਂ ਉਸ ਖ਼ਿਲਾਫ਼ ਬਣਦੀ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਕੀਤੀ ਜਾਵੇ ਅਤੇ ਕਿਸਾਨ ਨੂੰ ਰਾਹਤ ਦਿੱਤੀ ਜਾਵੇ।