02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਸ਼ਹਿਰ ’ਚ ਡਿਵਾਈਡਰ ਬਣੇ ਤਾਂ ਭੜਕੇ ਦੁਕਾਨਦਾਰ! ਨਗਰ ਕੌਂਸਲ ਖ਼ਿਲਾਫ਼ ਨਾਅਰੇਬਾਜ਼ੀ

ਅਜੀਤ ਡੈਸਕ 30-07-2026
ਫ਼ਿਰੋਜ਼ਪੁਰ, 29 ਜੁਲਾਈ (ਸੁਖਵਿੰਦਰ ਸਿੰਘ)-ਸ਼ਹਿਰ ’ਚ ਸੜਕਾਂ ਦੇ ਨਿਰਮਾਣ ਦਾ ਕੰਮ ਚੱਲ ਰਿਹਾ ਹੈ। ਜਿਸ ਦੇ ਚਲਦਿਆਂ ਨਗਰ ਕੌਂਸਲ ਵਲੋਂ ਸਰਕੂਲਰ ਰੋਡ ’ਤੇ ਬਣਾਏ ਜਾ ਰਹੇ ਡਿਵਾਈਡਰਾਂ ਨੂੰ ਲੈ ਕੇ ਲੋਕਾਂ ’ਚ ਮਿਲੇ-ਜੁਲੇ ਪ੍ਰਤੀਕਰਮ ਸਾਹਮਣੇ ਆ ਰਹੇ ਹਨ। ਇਕ ਪਾਸੇ ਕੁਝ ਲੋਕ ਇਸ ਨੂੰ ਟ੍ਰੈਫਿਕ ਵਿਵਸਥਾ ਲਈ ਲਾਭਦਾਇਕ ਦੱਸ ਰਹੇ ਹਨ। ਜਦਕਿ ਦੂਜੇ ਪਾਸੇ ਵੱਡੀ ਗਿਣਤੀ ਵਿਚ ਦੁਕਾਨਦਾਰਾਂ ਅਤੇ ਸ਼ੋਰੂਮ ਮਾਲਕਾਂ ਨੇ ਡਿਵਾਈਡਰਾਂ ਦਾ ਸਖ਼ਤ ਵਿਰੋਧ ਕਰਦਿਆਂ ਨਗਰ ਕੌਂਸਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰੋਸ ਪ੍ਰਗਟ ਕਰਦੇ ਦੁਕਾਨਦਾਰਾਂ ਨੇ ਕਿਹਾ ਕਿ ਡਿਵਾਈਡਰ ਬਣਨ ਨਾਲ ਸੜਕ ਪਹਿਲਾਂ ਨਾਲੋਂ ਕਾਫ਼ੀ ਤੰਗ ਹੋ ਗਈ ਹੈੇ। ਜਿਸ ਕਾਰਨ ਇਲਾਕੇ ਵਿਚ ਲਗਾਤਾਰ ਟ੍ਰੈਫਿਕ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਪਹਿਲਾਂ ਵਾਹਨ ਆਸਾਨੀ ਨਾਲ ਮੁੜ ਜਾਂਦੇ ਸਨ, ਪਰ ਹੁਣ ਇਕ ਹੀ ਲੇਨ ਰਹਿ ਜਾਣ ਕਾਰਨ ਹਰ ਵੇਲੇ ਜਾਮ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਸ਼ੋਰੂਮ ਮਾਲਕ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਐਮ.ਐਲ.ਏ, ਨਗਰ ਕੌਂਸਲ ਦੇ ਈ.ਓ, ਐਸ.ਡੀ.ਓ ਅਤੇ ਹੋਰ ਅਧਿਕਾਰੀਆਂ ਨੂੰ ਮਿਲ ਕੇ ਸਾਰੇ ਦੁਕਾਨਦਾਰਾਂ ਅਤੇ ਸ਼ੋਰੂਮ ਮਾਲਕਾਂ ਦੇ ਦਸਤਖ਼ਤਾਂ ਵਾਲੀ ਅਰਜ਼ੀ ਵੀ ਦੇ ਚੁੱਕੇ ਹਨ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਦਾ ਦੋਸ਼ ਹੈ ਕਿ ਸ਼ਿਕਾਇਤ ਦੇਣ ਤੋਂ ਕੁਝ ਸਮੇਂ ਬਾਅਦ ਹੀ ਕੰਮ ਹੋਰ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਰਦੀਆਂ ਦੇ ਸੀਜ਼ਨ ਅਤੇ ਖੇਤੀਬਾੜੀ ਦੇ ਸਮੇਂ ਬਾਰਡਰ ਇਲਾਕਿਆਂ ਤੋਂ ਸਬਜ਼ੀਆਂ ਨਾਲ ਭਰੇ ਟਰੱਕ ਅਤੇ ਟਰਾਲੇ ਵੱਡੀ ਗਿਣਤੀ ਵਿਚ ਇਸ ਰਸਤੇ ਤੋਂ ਲੰਘਣਗੇ। ਅਜਿਹੇ ਵਿਚ ਮੌਜੂਦਾ ਡਿਵਾਈਡਰ ਕਾਰਨ ਜਾਮ ਦੀ ਸਮੱਸਿਆ ਹੋਰ ਗੰਭੀਰ ਹੋ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਲਾਕੇ ਵਿੱਚ ਪਹਿਲਾਂ ਹੀ ਪਾਰਕਿੰਗ ਦੀ ਵੱਡੀ ਸਮੱਸਿਆ ਹੈ ਅਤੇ ਡਿਵਾਈਡਰ ਬਣਨ ਨਾਲ ਗਾਹਕਾਂ ਲਈ ਵਾਹਨ ਖੜ੍ਹੇ ਕਰਨਾ ਹੋਰ ਵੀ ਮੁਸ਼ਕਲ ਹੋ ਜਾਵੇਗਾ। ਦੁਕਾਨਦਾਰਾਂ ਅਤੇ ਸ਼ੋਰੂਮ ਮਾਲਕਾ ਨੇ ਇਹ ਸਵਾਲ ਵੀ ਉਠਾਇਆ ਕਿ ਜਿੱਥੇ ਸੜਕ ਹੋਰ ਚੌੜੀ ਹੈ ਅਤੇ ਵੱਡੇ ਕਾਰੋਬਾਰੀ ਅਦਾਰੇ ਹਨ, ਉੱਥੇ ਡਿਵਾਈਡਰ ਨਹੀਂ ਬਣਾਇਆ ਗਿਆ, ਜਦਕਿ ਇਸ ਇਲਾਕੇ ਵਿਚ ਛੋਟੇ ਦੁਕਾਨਦਾਰਾਂ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ। ਹਾਲਾਂਕਿ ਕੁਝ ਰਾਹਗੀਰਾਂ ਦੀ ਰਾਏ ਇਸ ਤੋਂ ਵੱਖਰੀ ਵੀ ਰਹੀ। ਉਨ੍ਹਾਂ ਦਾ ਕਹਿਣਾ ਸੀ ਕਿ ਡਿਵਾਈਡਰ ਬਣਨ ਨਾਲ ਟ੍ਰੈਫਿਕ ਅਨੁਸ਼ਾਸਿਤ ਹੋਵੇਗੀ ਅਤੇ ਹਾਦਸਿਆਂ ਵਿਚ ਕਮੀ ਆ ਸਕਦੀ ਹੈ। ਉਨ੍ਹਾਂ ਮੁਤਾਬਕ, ਨਿਯਮਿਤ ਆਉਣ-ਜਾਣ ਵਾਲੇ ਲੋਕਾਂ ਨੂੰ ਕੁਝ ਸਮੇਂ ਬਾਅਦ ਇਸ ਪ੍ਰਬੰਧ ਦੀ ਆਦਤ ਪੈ ਜਾਵੇਗੀ। ਫਿਲਹਾਲ ਡਿਵਾਈਡਰਾਂ ਨੂੰ ਲੈ ਕੇ ਸ਼ਹਿਰ ਵਿਚ ਚਰਚਾ ਤੇਜ਼ ਹੈ ਅਤੇ ਦੁਕਾਨਦਾਰ ਨਗਰ ਕੌਂਸਲ ਤੋਂ ਇਸ ਫ਼ੈਸਲੇ ‘ਤੇ ਮੁੜ ਵਿਚਾਰ ਕਰਨ ਦੀ ਮੰਗ ਕਰ ਰਹੇ ਹਨ। ਸ਼ਹਿਰ ਵਿਚ ਬਣ ਰਹੇ ਡਿਵਾਈਡਰਾਂ ਨੂੰ ਲੈ ਕੇ ਉੱਠੇ ਵਿਵਾਦ ਸਬੰਧੀ ਜਦੋਂ ਨਗਰ ਕੌਂਸਲ ਦੇ ਐਸ.ਡੀ.ਓ ਲਵਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਦੁਕਾਨਦਾਰਾਂ ਵਲੋਂ ਦਿੱਤੀ ਗਈ ਅਰਜ਼ੀ ਪ੍ਰਾਪਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਤੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਨਗਰ ਕੌਂਸਲ ਦੇ ਅਧਿਕਾਰੀ ਅਤੇ ਸਬੰਧਤ ਪੱਖਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਜੋ ਵੀ ਫ਼ੈਸਲਾ ਨਗਰ ਕੌਂਸਲ ਵਲੋਂ ਲਿਆ ਜਾਵੇਗਾ, ਉਸੇ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਦੇ ਧਰਨੇ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸਮਰਥਨ ਅਗਲੀ ਖ਼ਬਰ ਗੁੱਸੇ 'ਚ ਵੀ ਆਓ ਚੰਗੇ ਤਰੀਕੇ ਨਾਲ ਪੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।