03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਨਸ਼ਾ ਵੇਚਣ ਦਾ ਵਿਰੋਧ ਕਰਨ ਵਾਲੇ ਨੌਜਵਾਨ ’ਤੇ ਹਮਲਾ, ਚਾਂਦੀ ਦੀ ਚੇਨ ਖੋਹੀ, ਮਾਮਲਾ ਦਰਜ

ਅਜੀਤ ਡੈਸਕ 25-07-2026
ਫਿਰੋਜ਼ਪੁਰ 24 ਜੁਲਾਈ (ਰਾਕੇਸ਼ ਚਾਵਲਾ)-ਫਿਰੋਜ਼ਪੁਰ ਕੈਂਟ ਵਿਚ ਨਸ਼ਾ ਤਸਕਰੀ ਦਾ ਵਿਰੋਧ ਕਰਨ ਨੂੰ ਲੈ ਕੇ ਇਕ ਵਿਅਕਤੀ ’ਤੇ ਹਥਿਆਰਬੰਦ ਹਮਲਾ ਕਰਨ ਅਤੇ ਉਸ ਦੀ ਚਾਂਦੀ ਦੀ ਚੇਨ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਥਾਣਾ ਕੈਂਟ ਪੁਲਿਸ ਨੇ ਕਈ ਨਾਮਜ਼ਦ ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਗਵਾਲ ਮੰਡੀ, ਫਿਰੋਜ਼ਪੁਰ ਕੈਂਟ ਵਾਸੀ ਪ੍ਰਿੰਸ ਪੁੱਤਰ ਸ਼ਾਮ ਲਾਲ ਨੇ ਦੱਸਿਆ ਕਿ ਉਹ ਡੇਅਰੀ ਦਾ ਕੰਮ ਕਰਦਾ ਹੈ। 19 ਜੁਲਾਈ 2026 ਦੀ ਰਾਤ ਕਰੀਬ 9.45 ਵਜੇ ਉਹ ਆਪਣਾ ਕੰਮ ਮੁਕਾ ਕੇ ਘਰ ਵਾਪਸ ਜਾ ਰਿਹਾ ਸੀ। ਜਦੋਂ ਉਹ ਗਵਾਲ ਵੰਸ਼ ਮੰਦਰ ਦੇ ਨੇੜੇ ਪੁੱਜਿਆ ਤਾਂ ਸੋਨਕਰ ਉਰਫ਼ ਕ੍ਰਿਸ਼ ਨੇ ਉਸ ਨੂੰ ਰੁਕਣ ਲਈ ਆਵਾਜ਼ ਮਾਰੀ। ਜਿਵੇਂ ਹੀ ਉਹ ਉੱਥੇ ਰੁਕਿਆ ਤਾਂ ਸੋਨਕਰ ਆਪਣੇ ਨਾਲ ਮੌਜ਼ੂਦ 8-9 ਵਿਅਕਤੀਆਂ ਸਮੇਤ ਉਸ ਵੱਲ ਆ ਗਿਆ। ਪ੍ਰਿੰਸ ਨੇ ਦੱਸਿਆ ਗੌਤਮ ਉਰਫ਼ ਕਾਲੂ ਨੇ ਆਪਣੇ ਕੋਲ ਮੌਜ਼ੂਦ ਪਿਸਤੌਲ ਦੇ ਬੱਟ ਨਾਲ ਉਸ ਦੇ ਸਿਰ ’ਤੇ ਵਾਰ ਕੀਤਾ, ਜਦਕਿ ਸ਼ਿੱਬੂ, ਨਕੁਲ, ਚੰਦੂ ਅਤੇ ਇਕ ਹੋਰ ਅਣਪਛਾਤੇ ਵਿਅਕਤੀ ਨੇ ਉਸ ਨਾਲ ਕੁੱਟਮਾਰ ਕੀਤੀ। ਰੌਲਾ ਪੈਣ ’ਤੇ ਆਲੇ-ਦੁਆਲੇ ਮੌਜ਼ੂਦ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਹਮਲਾਵਰਾਂ ਦਾ ਵਿਰੋਧ ਕੀਤਾ। ਇਸ ਦੌਰਾਨ ਮੁਲਜ਼ਮ ਮੌਕੇ ਤੋਂ ਭੱਜਣ ਲੱਗੇ ਤਾਂ ਸੋਨਕਰ ਉਰਫ਼ ਕ੍ਰਿਸ਼ ਨੇ ਪ੍ਰਿੰਸ ਦੇ ਗਲ ਵਿਚ ਪਾਈ ਹੋਈ ਕਰੀਬ ਪੰਜ ਤੋਲੇ ਦੀ ਚਾਂਦੀ ਦੀ ਚੇਨ ਝਪਟ ਕੇ ਖੋਹ ਲਈ। ਪ੍ਰਿੰਸ ਨੇ ਦੋਸ਼ ਲਾਇਆ ਕਿ ਉਕਤ ਵਿਅਕਤੀ ਗਵਾਲ ਵੰਸ਼ ਮੰਦਰ ਦੇ ਆਲੇ-ਦੁਆਲੇ ਨਸ਼ਾ ਵੇਚਣ ਦਾ ਧੰਦਾ ਕਰਦੇ ਹਨ, ਜਿਸ ਦਾ ਉਹ ਅਤੇ ਇਲਾਕਾ ਨਿਵਾਸੀ ਲਗਾਤਾਰ ਵਿਰੋਧ ਕਰਦੇ ਆ ਰਹੇ ਹਨ। ਉਸ ਦਾ ਕਹਿਣਾ ਹੈ ਕਿ ਇਸੇ ਰੰਜਿਸ਼ ਕਾਰਨ ਉਸ ’ਤੇ ਇਹ ਹਮਲਾ ਕੀਤਾ ਗਿਆ। ਐੱਸ.ਏ.ਆਈ. ਸਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਸੋਨਕਰ ਉਰਫ਼ ਕ੍ਰਿਸ਼, ਗੌਤਮ ਉਰਫ਼ ਕਾਲੂ, ਸ਼ਿੱਬੂ, ਨਕੁਲ, ਚੰਦੂ ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਬੀ.ਐੱਨ.ਐੱਸ. ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਪਿਛਲੀ ਖ਼ਬਰ ਬਰਨਾਲਾ ਲਾਠੀਚਾਰਜ ਦੇ ਵਿਰੁੱਧ ਸਫ਼ਾਈ ਕਰਮਚਾਰੀਆਂ ਦੇ ਹੱਕ ’ਚ ਨਿੱਤਰੀਆਂ ਵਾਲਮੀਕਿ ਸਮਾਜ ਦੀਆਂ ਜਥੇਬੰਦੀਆਂ ਅਗਲੀ ਖ਼ਬਰ ਜੂਨੀਅਰ ਸਟੇਟ ਬਾਸਕਟਬਾਲ ਚੈਂਪੀਅਨਸ਼ਿਪ ਲਈ ਫਿਰੋਜ਼ਪੁਰ ਜ਼ਿਲ੍ਹਾ ਟੀਮ ਦੇ ਚੋਣ ਟਰਾਇਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।